ਨਵੀਂ ਦਿੱਲੀ- ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬਿਹਾਰ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਯਾਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਗੁਰੂਦੁਆਰਾ ਗੁਰੂ ਕਾ ਬਾਗ, ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਸ਼ੁਰੂ ਕੀਤੀ ਗਈ ਜੋ ਦੇਸ਼ ਦੇ 9 ਰਾਜਾਂ ਵਿੱਚੋਂ ਹੋ ਕੇ ਆਖ਼ਿਰਕਾਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਤਮ ਹੋਵੇਗੀ।
ਇਸ ਮੌਕੇ ਤੇ ਅਨੇਕ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ, ਸੰਤ ਮਹਾਪੁਰਖ ਹਾਜ਼ਰ ਸਨ। ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਲਾਈਵ ਸ਼ਬਦ ਪਰਫਾਰਮੈਂਸ ਦਿੱਤੀ ਅਤੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ 'ਤੇ ਤਿਆਰ ਕੀਤਾ ਗਿਆ ਇੱਕ ਖ਼ਾਸ ਸ਼ਬਦ ਵੀ ਯਾਤਰਾ ਦੌਰਾਨ ਸੰਗਤ ਨੂੰ ਸੁਣਾਇਆ ਜਾਵੇਗਾ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਬਿਹਾਰ ਸਰਕਾਰ ਅਤੇ ਕਮੇਟੀ ਦੇ ਸਾਂਝੇ ਉਪਰਾਲਿਆਂ ਨਾਲ ਜਾਗਰਤੀ ਯਾਤਰਾ ਗੁਰੂਦੁਆਰਾ ਗੁਰੂ ਕਾ ਬਾਗ ਤੋਂ ਸ਼ੁਰੂ ਕੀਤੀ ਗਈ, ਜਿੱਥੇ ਗੁਰੂ ਪਿਤਾ ਤੇ ਪੁੱਤਰ ਦਾ ਪਹਿਲਾ ਮਿਲਾਪ ਹੋਇਆ ਸੀ ਅਤੇ ਇਸਦਾ ਅੰਤ ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਹੋਵੇਗਾ, ਜਿੱਥੇ ਉਹਨਾਂ ਦਾ ਆਖ਼ਰੀ ਮਿਲਾਪ ਹੋਇਆ ਸੀ।
ਯਾਤਰਾ ਦੀ ਰਵਾਨਗੀ ਸਮੇਂ ਕਈ ਧਾਰਮਿਕ, ਸਿਆਸੀ ਸ਼ਖ਼ਸੀਅਤਾਂ ਅਤੇ ਸੰਤ ਸਮਾਜ ਮੌਜੂਦ ਰਿਹਾ।
ਉਨ੍ਹਾਂ ਦੱਸਿਆ ਕਿ ਯਾਤਰਾ ਤੋਂ ਪਹਿਲਾਂ ਗੁਰੂ ਕਾ ਬਾਗ ਵਿਖੇ ਵਿਸ਼ੇਸ਼ ਦੀਵਾਨ ਸਜਾਇਆ ਗਿਆ, ਜਿਸ ਦੀ ਸਮਾਪਤੀ ਉਪਰੰਤ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਵੱਲੋਂ ਅਰਦਾਸ ਕਰਕੇ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਯਾਤਰਾ ਵਿੱਚ ਇਕ ਪਾਲਕੀ ਬਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਅਤੇ ਗੁਰੂ ਸਾਹਿਬ ਦੇ ਪੁਰਾਤਨ ਸ਼ਸਤ੍ਰ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਹਨ। ਇਨ੍ਹਾਂ ਦੇ ਨਾਲ ਪੰਜ ਪਿਆਰੇ, ਸ਼ਬਦੀ ਜਥੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਯਾਤਰਾ ਦੇ ਨਾਲ ਚਲ ਰਹੀ ਹੈ।
ਜਿੱਥੇ ਜਿੱਥੇ ਯਾਤਰਾ ਪਹੁੰਚ ਰਹੀ ਹੈ, ਓਥੇ ਸੰਗਤ ਵੱਡੇ ਉਤਸ਼ਾਹ ਨਾਲ ਹਾਜ਼ਰੀ ਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦਾ ਪਹਿਲਾ ਚਰਨ ਗੁਰੂ ਕਾ ਬਾਗ ਤੋਂ ਤਖ਼ਤ ਪਟਨਾ ਸਾਹਿਬ ਤੱਕ ਪੈਦਲ ਰੂਪ ਵਿੱਚ ਪੂਰਾ ਕੀਤਾ ਗਿਆ। ਓਥੇ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਯਾਤਰਾ ਵਿੱਚ ਗੁਰੂ ਸਾਹਿਬ ਦੀ ਪਾਵਨ ਸਵਰੂਪ ਵਾਲੀ ਪਾਲਕੀ ਬਸ, ਆਰਮੀ ਬੈਂਡ, ਸਕੂਲਾਂ ਦੇ ਬੱਚੇ, ਗਤਕਾ ਪਾਰਟੀਆਂ ਆਦਿ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਯਾਤਰਾ ਨੂੰ ਰਵਾਨਾ ਕਰਨ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਪ ਹੀ ਆਉਣ ਵਾਲੇ ਸਨ ਪਰ ਕਿਸੇ ਕਾਰਨ ਕਰਕੇ ਨਹੀਂ ਆ ਸਕੇ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬਿਹਾਰ ਵਿਧਾਨ ਸਭਾ ਦੇ ਸਪੀਕਰ ਨੰਦਕਿਸ਼ੋਰ ਗਰਗ, ਡਿਪਟੀ ਸੀਐਮ ਸਮਰਾਟ ਚੌਧਰੀ, ਬੀਜੇਪੀ ਪ੍ਰਧਾਨ ਦਿਲੀਪ ਜੈਸਵਾਲ, ਮੇਅਰ ਸੀਤਾ ਸਾਹੂ, ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਨਾਨਕਸਰ ਸੰਪਰਦਾ, ਰਾੜਾ ਸਾਹਿਬ ਸੰਪਰਦਾ, ਜਵਦੀ ਟਕਸਾਲ ਆਦਿ ਕਈ ਸੰਤ ਮਹਾਪੁਰਖ ਹਾਜ਼ਰ ਸਨ ਅਤੇ ਨਿਸ਼ਾਨ ਸਾਹਿਬ ਦੇ ਨਾਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸੁਖਵਿੰਦਰ ਸਿੰਘ ਸੁੱਖੀ ਵੱਲੋਂ ਲਾਈਵ ਪਰਫਾਰਮੈਂਸ ਦੇ ਨਾਲ ਯਾਤਰਾ ਲਈ ਤਿਆਰ ਕੀਤਾ ਗਿਆ ਸ਼ਬਦ ਜਾਰੀ ਕੀਤਾ ਗਿਆ ਅਤੇ ਤਖ਼ਤ ਪਟਨਾ ਸਾਹਿਬ ਤੋਂ ਨਿਕਲਣ ਵਾਲੀ ਮਾਸਿਕ ਮੈਗਜ਼ੀਨ "ਗੋਬਿੰਦ ਪ੍ਰਕਾਸ਼" ਦੇ ਸਤੰਬਰ ਐਡੀਸ਼ਨ ਦਾ ਵੀ ਵਿਮੋਚਨ ਕੀਤਾ ਗਿਆ।
ਸੰਗਤ ਇਹ ਮੈਗਜ਼ੀਨ ਯਾਤਰਾ ਵਿੱਚ ਸ਼ਾਮਲ ਸਟਾਫ ਤੋਂ ਲੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਨਾਲ ਸਬੰਧਤ ਜਾਣਕਾਰੀ ਵਾਲੀ ਇਕ ਹੋਰ ਵਿਸ਼ੇਸ਼ ਮੈਗਜ਼ੀਨ ਵੀ ਸੰਗਤ ਨੂੰ ਦਿੱਤੀ ਜਾ ਰਹੀ ਹੈ, ਜਿਸ ਨੂੰ ਤਖ਼ਤ ਸਾਹਿਬ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਮੈਗਜ਼ੀਨ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਛਾਪੀ ਗਈ ਹੈ। ਸ੍ਰੀ ਜਗਜੋਤ ਸਿੰਘ ਸੋਹੀ ਨੇ ਯਾਤਰਾ ਦੇ ਸਫਲ ਆਯੋਜਨ ਲਈ ਜਿੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਦਾ ਧੰਨਵਾਦ ਕੀਤਾ, ਓਥੇ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ ਲਖਵਿੰਦਰ ਸਿੰਘ, ਉਪ-ਪ੍ਰਧਾਨ ਗੁਰਵਿੰਦਰ ਸਿੰਘ, ਸਹਿ ਸਕੱਤਰ ਹਰਬੰਸ ਸਿੰਘ, ਮੈਂਬਰ ਮਹਿੰਦਰਪਾਲ ਸਿੰਘ ਢਿੱਲੋਂ, ਡਾ. ਗੁਰਮੀਤ ਸਿੰਘ, ਗੋਬਿੰਦ ਸਿੰਘ ਲੋਂਗੋਵਾਲ, ਹਰਪਾਲ ਸਿੰਘ ਜੋਹਲ, ਰਾਜਾ ਸਿੰਘ, ਗੁਰਵਿੰਦਰ ਸਿੰਘ ਬਾਵਾ, ਜਸਬੀਰ ਸਿੰਘ ਧਾਮ, ਮਾਨਵਿੰਦਰ ਸਿੰਘ ਬੇਨੀਪਾਲ ਅਤੇ ਪਟਨਾ ਦੀ ਸਿੱਖ ਸੰਗਤ ਦਾ ਵੀ ਆਭਾਰ ਪ੍ਰਗਟ ਕੀਤਾ।