ਨਵੀਂ ਦਿੱਲੀ-ਸਿੱਖਸ ਫਾਰ ਜਸਟਿਸ ਨਾਲ ਜੁੜੀ ਟੀਮ ਨਿੱਝਰ ਵਲੋਂ 18 ਸੰਤਬਰ ਨੂੰ ਭਾਰਤੀ ਐੱਬੇਸੀ ਮੂਹਰੇ 12 ਘੰਟੇ ਦੀ ਘੇਰਾਬੰਦੀ ਦਾ ਐਲਾਨ ਕਰਦਿਆਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ। ਭਾਰਤੀ ਕੌਂਸਲੇਟ ਮੂਹਰੇ ਹੋਣ ਵਾਲੇ ਇਸ ਪ੍ਰਦਰਸ਼ਨ ਕਰਕੇ ਉਨ੍ਹਾਂ ਵਲੋਂ ਕੌਂਸਲੇਟ ਦੀ ਰੁਟੀਨ ਫੇਰੀ ਦੀ ਯੋਜਨਾ ਬਣਾ ਰਹੇ ਭਾਰਤੀ-ਕੈਨੇਡੀਅਨਾਂ ਨੂੰ ਕੋਈ ਹੋਰ ਤਾਰੀਖ ਚੁਣਨ ਲਈ ਕਿਹਾ ਗਿਆ ਹੈ। ਜਾਰੀ ਕੀਤੇ ਗਏ ਪੋਸਟਰ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ, ਦਿਨੀਸ਼ ਪਟਨਾਇਕ ਦੇ ਚਿਹਰੇ 'ਤੇ ਨਿਸ਼ਾਨਾ ਬਣਾਇਆ ਹੋਇਆ ਹੈ। ਐਸਐਫਜੇ ਦੇ ਜਨਰਲ ਕੋਸਲ ਗੁਰਪਤਵੰਤ ਸਿੰਘ ਪਨੂੰ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਉਨ੍ਹਾਂ ਨੇ ਕੈਨੇਡਾ ਵਿਖ਼ੇ ਚਲ ਰਹੇ ਭਾਰਤੀ ਕੌਂਸਲੇਟਾਂ 'ਤੇ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾ ਕੇ ਜਾਸੂਸੀ ਨੈੱਟਵਰਕ ਚਲਾਉਣ ਅਤੇ ਨਿਗਰਾਨੀ ਕਰਨ ਦਾ ਦੋਸ਼ ਲਗਾਇਆ ਹੈ । ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਸਾਲ ਪਹਿਲਾਂ 18 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਹੁਣ ਦੋ ਸਾਲ ਬਾਅਦ ਵੀ ਭਾਰਤੀ ਕੌਂਸਲੇਟ ਖਾਲਿਸਤਾਨ ਰੈਫਰੈਂਡਮ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਜਾਸੂਸੀ ਨੈੱਟਵਰਕ ਅਤੇ ਨਿਗਰਾਨੀ ਚਲਾ ਰਹੇ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਲਈ ਖ਼ਤਰਾ ਇੰਨਾ ਗੰਭੀਰ ਹੈ ਕਿ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੂੰ ਇੰਦਰਜੀਤ ਸਿੰਘ ਗੋਸਲ ਜਿਸਨੇ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਰੈਫਰੈਂਡਮ ਮੁਹਿੰਮ ਦੀ ਅਗਵਾਈ ਸੰਭਾਲੀ ਹੋਈ ਹੈ, ਨੂੰ "ਗਵਾਹ ਜਿਤਨੀ ਸੁਰੱਖਿਆ" ਦੇਣ ਦੀ ਪੇਸ਼ਕਸ਼ ਕਰਨੀ ਪਈ। ਉਨ੍ਹਾਂ ਦਾਅਵਾ ਕੀਤਾ ਕਿ ਇਸ "ਘੇਰਾਬੰਦੀ" ਰਾਹੀਂ, ਸਾਡਾ ਸਮੂਹ ਕੈਨੇਡੀਅਨ ਧਰਤੀ 'ਤੇ ਸਿੱਖਾਂ ਵਿਰੁੱਧ ਕੀਤੀ ਜਾ ਰਹੀ "ਜਾਸੂਸੀ ਅਤੇ ਡਰਾਉਣ-ਧਮਕਾਉਣ" ਲਈ "ਜਵਾਬਦੇਹੀ" ਦੀ ਮੰਗ ਕਰੇਗਾ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਮੈਂਬਰ ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖੈਰਾ, ਐਸਐਫਜੇ ਦੇ ਮਨਜਿੰਦਰ ਸਿੰਘ ਨੇ ਦਸਿਆ ਕਿ ਅਸੀਂ ਹਰ ਮਹੀਨੇ ਦੀ 18 ਤਰੀਕ ਜਿਸ ਦਿਨ ਭਾਈ ਨਿੱਝਰ ਨੂੰ ਸ਼ਹੀਦ ਕੀਤਾ ਗਿਆ ਸੀ, ਮੌਕੇ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ ਰਾਹੀਂ ਉਨ੍ਹਾਂ ਦੇ ਕਤਲ ਵਿਚ ਸ਼ਾਮਿਲ ਲੋਕਾਂ ਦੇ ਨਾਮ ਨਸ਼ਰ ਕਰਣ ਦੇ ਨਾਲ ਇੰਨ੍ਹਾ ਐੱਬੇਸਿਆ ਨੂੰ ਬੰਦ ਕਰਣ ਦੀ ਮੰਗ ਕਰਦੇ ਹਾਂ ਤੇ 18 ਸੰਤਬਰ 2023 ਨੂੰ ਕੈਨੇਡਾ ਦੇ ਤਤਕਾਲੀਨ ਪੀਐਮ ਟਰੂਡੋ ਨੇ ਸੰਸਦ ਵਿਚ ਭਾਈ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟਾ ਦੇ ਹੱਥ ਹੋਣ ਦਾ ਜਿਕਰ ਕੀਤਾ ਸੀ, ਇਸ ਲਈ ਹੋਣ ਵਾਲੇ ਇਸ ਵਿਰੋਧ ਪ੍ਰਦਰਸ਼ਨ ਰਾਹੀਂ ਉਨ੍ਹਾਂ ਦੇ ਨਾਮ ਨਸ਼ਰ ਕਰਣ ਦੇ ਨਾਲ ਉਨ੍ਹਾਂ ਨੂੰ ਕੈਨੇਡੀਅਨ ਕਨੂੰਨ ਤਹਿਤ ਲਿਆਉਣ ਦੀ ਮੰਗ ਕੀਤੀ ਜਾਏਗੀ ।