ਪਟਨਾ ਸਾਹਿਬ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵੱਲੋਂ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ (ਜੋ ਨਵੰਬਰ ਮਹੀਨੇ ਵਿੱਚ ਆਉਂਦਾ ਹੈ) ਨੂੰ ਸਮਰਪਿਤ ‘ਜਾਗਰਤੀ ਯਾਤਰਾ’ ਦਾ ਆਯੋਜਨ ਕੀਤਾ ਗਿਆ ਹੈ।
ਕਾਲਕਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪਟਨਾ ਸਾਹਿਬ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ, ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਅਤੇ ਪਟਨਾ ਸਮੇਤ ਹੋਰ ਰਾਜਾਂ ਤੋਂ ਆਏ ਆਗੂਆਂ ਦੇ ਨਾਲ ਮਿਲ ਕੇ ਜਾਗਰਤੀ ਯਾਤਰਾ ਨੂੰ ਫਲੈਗ ਆਫ਼ ਕੀਤਾ। ਇਸ ਮੌਕੇ ਨਿਹੰਗ ਸੰਪਰਦਾਏ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੀ ਹਾਜ਼ਰ ਰਹੇ।
ਇਹ ਯਾਤਰਾ ਗੁਰਦੁਆਰਾ ਗੁਰੂ ਕਾ ਬਾਗ, ਪਟਨਾ ਸਾਹਿਬ ਤੋਂ ਸ਼ੁਰੂ ਹੋਈ, ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਅਨਮੋਲ ਕੁਰਬਾਨੀ ਨੂੰ ਸਮਰਪਿਤ ਹੈ।
ਸ. ਕਾਲਕਾ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਣ ਅਤੇ 25 ਨਵੰਬਰ ਨੂੰ ਸ਼ਹੀਦੀ ਦਿਹਾੜੇ ਦੇ ਮੌਕੇ ਭੋਗ ਸਮਾਰੋਹ ਇਕੱਠੇ ਹੀ ਕਰਵਾਏ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡੀ.ਐਸ.ਜੀ.ਐਮ.ਸੀ. ਵੱਲੋਂ ਲਾਲ ਕਿਲ੍ਹੇ, ਨਵੀਂ ਦਿੱਲੀ ਵਿੱਚ ਤਿੰਨ ਦਿਨਾਂ ਦਾ ਸਮਾਰੋਹ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੌਵੇਂ ਗੁਰੂ ਦੀ ਬੇਮਿਸਾਲ ਕੁਰਬਾਨੀ ਨੇ ਭਾਰਤ ਦੀ ਉਸ ਨੀਂਹ ਰੱਖੀ ਜਿਸ ਦੇ ਆਧਾਰ ’ਤੇ ਅੱਜ ਦਾ ਦੇਸ਼ ਖੜ੍ਹਾ ਹੈ।
ਇਸ ਗੰਭੀਰ ਮੌਕੇ ’ਤੇ ਡੀ.ਐਸ.ਜੀ.ਐਮ.ਸੀ. ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਸ. ਕਾਲਕਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਜਾਗਰਤੀ ਯਾਤਰਾ ਸਿਰਫ਼ ਇਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਸਿੱਖ ਕੌਮ ਦੀ ਮਹਾਨ ਵਿਰਾਸਤ ਅਤੇ ਦੂਜਿਆਂ ਧਰਮਾਂ ਤੇ ਇਨਸਾਨੀਅਤ ਲਈ ਕੁਰਬਾਨੀ ਦੇਣ ਦੀ ਪਰੰਪਰਾ ਨੂੰ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਯਤਨ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖਤਾ, ਧਰਮ ਅਤੇ ਮੂਲਭੂਤ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੀ, ਜਿਸ ਨਾਲ ਪੂਰੀ ਦੁਨੀਆ ਲਈ ਇਕ ਅਮਰ ਉਦਾਹਰਣ ਸਥਾਪਿਤ ਹੋਈ।
ਇਹ ਜਾਗਰਤੀ ਯਾਤਰਾ, ਜੋ ਕਿ ਲਗਭਗ ਛੇ ਤੋਂ ਸੱਤ ਹਫ਼ਤਿਆਂ ਤੱਕ ਜਾਰੀ ਰਹੇਗੀ, ਬਿਹਾਰ, ਛੱਤੀਸਗੜ੍ਹ, ਉਡੀਸ਼ਾ ਸਮੇਤ ਕੁੱਲ ਨੌ ਰਾਜਾਂ ਵਿੱਚੋਂ ਗੁਜ਼ਰਦੀ ਹੋਈ ਅਖੀਰਕਾਰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸਮਾਨਤ ਹੋਵੇਗੀ। ਯਾਤਰਾ ਦੌਰਾਨ ਸੰਗਤਾਂ ਨੂੰ ਗੁਰਬਾਣੀ ਕੀਰਤਨ, ਧਾਰਮਿਕ ਪ੍ਰਚਾਰ ਅਤੇ ਪ੍ਰੇਰਕ ਇਤਿਹਾਸਕ ਸੰਦੇਸ਼ਾਂ ਰਾਹੀਂ ਗੁਰੂ ਸਾਹਿਬਾਨ ਦੀਆਂ ਬਾਣੀਆਂ ਅਤੇ ਸ਼ਹੀਦੀ ਪਰੰਊਪਰਾ ਨਾਲ ਜੋੜਿਆ ਜਾਵੇਗਾ।
ਸ. ਕਾਲਕਾ ਨੇ ਰੋਸ਼ਨੀ ਪਾਈ ਕਿ ਇਹ ਜਾਗਰਤੀ ਯਾਤਰਾ ਸਿੱਖ ਇਤਿਹਾਸ ਦੀ ਇਕ ਜੀਵੰਤ ਯਾਦ ਹੈ, ਜੋ ਸਾਨੂੰ ਆਪਣੀ ਸ਼ਾਨਦਾਰ ਵਿਰਾਸਤ ’ਤੇ ਮਾਣ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਰੂਹਾਨੀ ਧਰੋਹਰ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਯਾਤਰਾ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਪਹੁੰਚੇਗੀ, ਤਾਂ ਇਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ।