ਨਵੀਂ ਦਿੱਲੀ- ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਦੀ ਨੂੰ ਸਮਰਪਿਤ ਕਰਦਿਆਂ ਇੱਕ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਹੈ, ਜਿਸ 'ਤੇ ਗੁਰੂ ਜੀ ਦੀ ਤਸਵੀਰ ਉਕਰੀ ਹੋਈ ਹੈ। ਇਹ ਸਿੱਕਾ ਸੰਗਤ 2000 ਰੁਪਏ ਦੀ ਭੇਟਾ ਦੇ ਕੇ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਯਾਤਰਾ ਵਿੱਚ ਪਾਲਕੀ ਸਾਹਿਬ 'ਚ ਇਹ ਸਿੱਕੇ ਰੱਖੇ ਗਏ ਹਨ ਅਤੇ ਸੰਗਤ ਉਹਨਾਂ ਨੂੰ ਲੈ ਸਕਦੀ ਹੈ। ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਸ਼ਹੀਦੀ ਜਾਗਰੂਕਤਾ ਯਾਤਰਾ ਦਾ ਸਵਾਗਤ ਹਰ ਧਰਮ ਅਤੇ ਜਾਤੀ ਦੇ ਲੋਕਾਂ ਵਲੋਂ ਕੀਤਿਆ ਜਾ ਰਿਹਾ ਹੈ। ਖੜਗਪੁਰ ਵਿੱਚ ਜਿੱਥੇ ਸਨਾਤਨ ਧਰਮ ਮੰਦਰ ਵਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਅੱਗੇ ਆ ਕੇ ਯਾਤਰਾ ਦਾ ਸਵਾਗਤ ਕੀਤਾ ਅਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਦੱਸਿਆ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਪ੍ਰਵਕਤਾ ਹਰਪਾਲ ਸਿੰਘ ਜੋਹਲ, ਮੈਨੇਜਰ ਹਰਜੀਤ ਸਿੰਘ ਅਤੇ ਨਾਰਾਇਣ ਸਿੰਘ ਯਾਤਰਾ ਦੇ ਨਾਲ ਚੱਲ ਰਹੇ ਹਨ ਅਤੇ ਸੰਗਤ ਦਾ ਮਾਰਗਦਰਸ਼ਨ ਕਰ ਰਹੇ ਹਨ। ਰਾਗੀ ਹਰਜੀਤ ਸਿੰਘ ਅਤੇ ਕਥਾਵਾਚਕ ਸਤਨਾਮ ਸਿੰਘ ਵਲੋਂ ਦੀਵਾਨ ਲਗਾਏ ਜਾ ਰਹੇ ਹਨ। ਤਖ਼ਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਦਲੀਪ ਸਿੰਘ ਵਲੋਂ ਪਾਲਕੀ ਸਾਹਿਬ 'ਚ ਸੇਵਾ ਨਿਭਾਈ ਜਾ ਰਹੀ ਹੈ। ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਜਾਗਰੂਕਤਾ ਯਾਤਰਾ ਨੂੰ ਲੈ ਕੇ ਸੰਗਤ 'ਚ ਵਿਸ਼ੇਸ਼ ਉਤਸ਼ਾਹ ਹੈ ਅਤੇ ਜਿੱਥੋਂ ਵੀ ਯਾਤਰਾ ਗੁਜ਼ਰ ਰਹੀ ਹੈ, ਹਰ ਕੋਈ ਯਾਤਰਾ ਵਿੱਚ ਹਾਜ਼ਰੀ ਭਰਦੇ ਹੋਏ ਆਪਣੇ ਢੰਗ ਨਾਲ ਸਵਾਗਤ ਕਰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਯਾਤਰਾ ਦੇ ਸਫਲ ਆਯੋਜਨ ਲਈ ਤਖ਼ਤ ਪਟਨਾ ਸਾਹਿਬ ਕਮੇਟੀ ਦੀ ਪੂਰੀ ਟੀਮ, ਖਾਸ ਕਰਕੇ ਜਸਬੀਰ ਸਿੰਘ ਧਾਮ, ਮਨਵਿੰਦਰ ਸਿੰਘ ਬੇਣੀਪਾਲ ਅਤੇ ਪੂਰੇ ਸਟਾਫ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਉਹਨਾਂ ਸਾਰਿਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਅਤੇ ਸੰਗਤ ਦਾ ਵੀ ਧੰਨਵਾਦੀ ਹੋਏ ਜੋ ਯਾਤਰਾ ਦੇ ਰਾਹ 'ਚ ਸਟਾਲ ਲਗਾ ਕੇ ਜਾਂ ਯਾਤਰਾ ਦਾ ਸਵਾਗਤ ਕਰ ਰਹੇ ਹਨ।
