ਨਵੀਂ ਦਿੱਲੀ- “ਪੰਜਾਬ ਸੂਬਾ ਇਕ ਉਹ ਸਰਹੱਦੀ ਸੂਬਾ ਹੈ ਜਿਥੇ ਵੱਸਣ ਵਾਲੇ ਪੰਜਾਬੀ ਅਤੇ ਸਿੱਖ ਕੌਮ ਨਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਵਧੀਕੀ ਕਰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਧੀਕੀ ਸਹਿਣ ਕਰਦੇ ਹਨ । ਕਿਉਂਕਿ ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ‘ਭੈ ਕਾਹੁ ਕੋ ਦੇਤਿ ਨਾ, ਨਾ ਭੈ ਮਾਨਤਿ ਆਨਿ’। ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਸੈਟਰ ਦੇ ਹੁਕਮਰਾਨ ਭਾਵੇ ਉਹ ਕਾਂਗਰਸ ਹੋਵੇ, ਬੀਜੇਪੀ-ਆਰ.ਐਸ.ਐਸ ਹੋਵੇ ਜਾਂ ਹੋਰ ਹਿੰਦੂਤਵ ਹੁਕਮਰਾਨ ਸਭ ਸਮੁੱਚੇ ਇੰਡੀਆਂ ਵਿਚ ਕੱਟੜਵਾਦੀ ਹਿੰਦੂਆਂ ਦੀ ਵੋਟ ਲੈਣ ਲਈ ਪੰਜਾਬ ਵਿਚ ਅਜਿਹੀਆ ਸਾਜਿਸਾਂ ਰਚਦੇ ਹਨ ਜਿਸ ਨਾਲ ਅਮਨਮਈ ਵੱਸਦੇ ਪੰਜਾਬ ਨੂੰ ਮੰਦਭਾਵਨਾ ਤੇ ਸਾਜਿਸਾਂ ਅਧੀਨ ਨਿਸ਼ਾਨਾਂ ਬਣਾਕੇ ਇਥੋ ਦੇ ਮਾਹੌਲ ਨੂੰ ਗੰਧਲਾ ਕਰਕੇ ਇਕ ਤਾਂ ਬਦਨਾਮ ਕੀਤਾ ਜਾ ਸਕੇ, ਦੂਜਾ ਇਹ ਬਹਾਨਾ ਬਣਾਕੇ ਪੁਲਿਸ ਤੇ ਫ਼ੌਜ ਦਾ ਜ਼ਬਰ ਕਰਦੇ ਰਹਿਣ । ਫਿਰ ਇਸ ਸਰਹੱਦੀ ਸੂਬੇ ਨੂੰ ਸਮੁੱਚੇ ਇੰਡੀਆ ਨਾਲੋ ਵੱਖਰੇ ਮੁਲਕ ਦੀ ਤਰ੍ਹਾਂ ਨਫਰਤ ਭਰਿਆ ਵਿਵਹਾਰ ਕਰਕੇ ਹਿੰਦੂਆਂ ਦੀਆਂ ਵੋਟਾਂ ਨੂੰ ਆਪਣੇ ਪੱਖ ਵਿਚ ਭੁਗਤਾਅ ਸਕਣ । ਇਸ ਮੰਦਭਾਵਨਾ ਭਰੀ ਸੋਚ ਨੂੰ ਮੁੱਖ ਰੱਖਕੇ ਹੀ ਸੈਟਰ ਵੱਲੋ ਪੰਜਾਬ ਵਿਚ 50 ਬੀ.ਐਸ.ਐਫ ਦੀਆਂ ਕੰਪਨੀਆ ਲਗਾ ਦਿੱਤੀਆ ਹਨ ਜਦੋਕਿ ਅਮਨ ਕਾਨੂੰਨ ਦੀ ਹਰ ਤਰ੍ਹਾਂ ਦੀ ਵਿਵਸਥਾਂ ਨੂੰ ਕਾਬੂ ਰੱਖਣ ਲਈ ਪੰਜਾਬ ਪੁਲਿਸ ਅਤੇ ਇਥੇ ਤਾਇਨਾਤ ਹੋਰ ਬਲ ਸਮਰੱਥ ਹਨ । ਬੀ.ਐਸ.ਐਫ. ਦੀਆਂ ਕੰਪਨੀਆ ਤਾਇਨਾਤ ਕਰਨ ਦਾ ਸੰਕੇਤ ਇਹ ਜਾਂਦਾ ਹੈ ਕਿ ਮੋਦੀ ਹਕੂਮਤ ਤੇ ਹਿੰਦੂਤਵ ਹੁਕਮਰਾਨ ਪੰਜਾਬ ਵਿਚ ਫਿਰ ਕੋਈ ਦੁੱਖਦਾਇਕ ਸਾਜਿਸ ਰਚਣ ਜਾ ਰਹੇ ਹਨ ਅਤੇ ਖੁਦ ਹੀ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਕੇ ਬਿਹਾਰ ਵਿਚ ਹੋਣ ਜਾ ਰਹੀਆ ਚੋਣਾਂ ਵਿਚ ਹਿੰਦੂਆਂ ਨੂੰ ਆਪਣੇ ਵੱਲ ਕਰਨ ਦੀ ਖੇਡ ਖੇਡ ਰਹੇ ਹਨ ਜਾਂ ਫਿਰ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਦੁੱਖਦਾਇਕ ਅਮਲ ਹੋਣ ਵਾਲੇ ਹਨ । ਜੇਕਰ ਸੈਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਅਜਿਹੀ ਸਾਜਿਸ ਨੂੰ ਅਮਲ ਕੀਤਾ ਤਾਂ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਸੈਟਰ ਦੀ ਮੋਦੀ ਹਕੂਮਤ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜਿੰਮੇਵਾਰ ਹੋਣਗੀਆ ।” ਇਹ ਸੰਕੇਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਲਗਾਈਆ ਗਈਆ ਬੀ.ਐਸ.ਐਫ ਦੀਆਂ 50 ਕੰਪਨੀਆ ਉਤੇ ਖਤਰਨਾਕ ਤੋਖਲਾ ਪ੍ਰਗਟ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਨਿਕਲਣ ਵਾਲੇ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਉਤੇ ਨਿਰੰਤਰ ਰਾਖੀ ਕਰਨ ਵਾਲਾ ਅਤੇ ਇੰਡੀਆ ਦੀ ਹਰ ਮੁਸਕਿਲ ਵਿਚ ਮੋਹਰੀ ਹੋ ਕੇ ਕੁਰਬਾਨੀਆ ਤੇ ਤਿਆਗ ਕਰਨ ਵਾਲੇ ਪੰਜਾਬੀ ਤੇ ਸਿੱਖ ਕੌਮ ਹੁਕਮਰਾਨਾਂ ਦੀਆਂ ਅਜਿਹੀਆ ਪੰਜਾਬ ਸੂਬੇ ਨੂੰ ਫਿਰ ਤੋ ਅਸਾਤ ਕਰਨ ਅਤੇ ਆਪਣੇ ਸਵਾਰਥੀ ਤੇ ਸਿਆਸੀ ਹਿੱਤਾ ਦੀ ਪੂਰਤੀ ਲਈ ਅਜਿਹੀਆ ਸਾਜਿਸਾਂ ਰਚਣ ਨੂੰ ਕਦਾਚਿਤ ਸਹਿਣ ਨਹੀ ਕਰਨਗੇ ਅਤੇ ਨਾ ਹੀ ਪੰਜਾਬ ਨੂੰ ਫਿਰ ਤੋ ਵੱਡੇ ਦੁਖਾਂਤ ਵਿਚ ਭੇਜਣ ਦੀਆਂ ਸਾਜਿਸਾਂ ਨੂੰ ਨੇਪਰੇ ਚੜ੍ਹਨ ਦੇਣਗੇ ।