- 10 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਇਕ ਆਈ.ਪੀ.ਐਸ ਰੈਕ ਦੇ ਹਰਿਆਣੇ ਦੇ ਉੱਚ ਅਫਸਰ ਸ੍ਰੀ ਪੂਰਨ ਕੁਮਾਰ ਵੱਲੋ ਜੋ 2 ਦਿਨ ਪਹਿਲੇ ਖੁਦਕਸੀ ਕੀਤੀ ਗਈ ਹੈ, ਉਸ ਦੁਖਾਂਤ ਵਿਚ ਹਰਿਆਣੇ ਨਾਲ ਸੰਬੰਧਤ ਕਈ ਆਈ.ਏ.ਐਸ ਅਤੇ ਪੁਲਿਸ ਅਫਸਰਾਂ ਦੇ ਨਾਮ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਹੇ ਹਨ, ਕਿਉਂਕਿ ਕੁਝ ਅਫਸਰਾਨ ਵੱਲੋ ਸ੍ਰੀ ਪੂਰਨ ਕੁਮਾਰ ਨੂੰ ਕੁਝ ਸਮੇ ਤੋ ਗਲਤ ਢੰਗ-ਤਰੀਕਿਆ ਰਾਹੀ ਵੱਡੇ ਪ੍ਰੇਸਾਨ ਅਤੇ ਮਾਨਸਿਕ ਪੀੜ੍ਹਾ ਦਿੱਤੀ ਜਾ ਰਹੀ ਸੀ । ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਉਨ੍ਹਾਂ ਨੂੰ ਇਕ ਦਲਿਤ ਅਫਸਰ ਹੋਣ ਦੀ ਬਦੌਲਤ ਜਾਤੀਵਾਦ ਅਤੇ ਨਸਲਵਾਦ ਦੀ ਨਫਰਤ ਭਰੀ ਸੋਚ ਅਧੀਨ ਇਹ ਮਾਨਸਿਕ ਤਸੱਦਦ ਢਾਹਿਆ ਜਾ ਰਿਹਾ ਸੀ । ਜਿਸਨੇ ਉਨ੍ਹਾਂ ਨੂੰ ਇਸ ਦੁਖਾਂਤ ਵੱਲ ਧਕੇਲਣ ਲਈ ਮਜਬੂਰ ਕੀਤਾ । ਇਸ ਸੰਬੰਧ ਵਿਚ ਉਨ੍ਹਾਂ ਨੇ ਦੋਸ਼ੀ ਅਫਸਰਾਨ ਵਿਰੁੱਧ ਪਟੀਸਨ ਵੀ ਪਾਈ ਹੋਈ ਸੀ । ਲੇਕਿਨ ਹਕੂਮਤੀ ਅਤੇ ਕਾਨੂੰਨੀ ਪੱਧਰ ਤੇ ਕੋਈ ਅਮਲ ਨਾ ਹੋਣ ਦੀ ਬਦੌਲਤ ਉਨ੍ਹਾਂ ਦੇ ਮਨ-ਆਤਮਾ ਉਤੇ ਇਸ ਘਟਨਾ ਦਾ ਵੱਡਾ ਬੋਝ ਸੀ । ਜਿਸ ਕਾਰਨ ਹਾਲਾਤਾਂ ਨੇ ਉਨ੍ਹਾਂ ਨੂੰ ਖੁਦਕਸੀ ਵੱਲ ਧਕੇਲਿਆ । ਇਸ ਲਈ ਇਹ ਜਰੂਰੀ ਹੈ ਕਿ ਇਕ ਦਲਿਤ ਉੱਚ ਅਫਸਰ ਨਾਲ ਬਹੁਗਿਣਤੀ ਨਾਲ ਸੰਬੰਧਤ ਕੁਝ ਅਫਸਰਾਂ ਵੱਲੋ ਕੀਤੀ ਜਾਂਦੀ ਆ ਰਹੀ ਜਿਆਦਤੀ ਦੀ ਬਦੌਲਤ ਹੋਈ ਖੁਦਕਸੀ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਜੋ ਵੀ ਆਈ.ਏ.ਐਸ ਜਾਂ ਆਈ.ਪੀ.ਐਸ ਅਫਸਰਾਨ ਇਸ ਦੁਖਾਂਤ ਵਿਚ ਸਾਮਿਲ ਹਨ, ਉਨ੍ਹਾਂ ਨੂੰ ਫੌਰੀ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇਣ ਦਾ ਪ੍ਰਬੰਧ ਹੋਵੇ ਤਾਂ ਕਿ ਕੋਈ ਵੀ ਅਫਸਰ ਸਮਾਜ ਵਿਚ ਘੱਟ ਗਿਣਤੀ ਕੌਮਾਂ ਤੇ ਬਹੁਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਨ ਅਤੇ ਨਸਲਵਾਦ ਦੀ ਸੋਚ ਨੂੰ ਬੁੜਾਵਾ ਦੇਣ ਦੀ ਗੁਸਤਾਖੀ ਨਾ ਕਰ ਸਕੇ ਅਤੇ ਕਿਸੇ ਵੀ ਇਨਸਾਨ ਨੂੰ ਇਸ ਤਰ੍ਹਾਂ ਆਪਣੀ ਜਿੰਦਗੀ ਤੋ ਹੱਥ ਧੋਣ ਲਈ ਮਜਬੂਰ ਨਾ ਹੋਣਾ ਪਵੇ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਇਕ ਦਲਿਤ ਆਈ.ਪੀ.ਐਸ ਅਫਸਰ ਨਾਲ ਕੁਝ ਗਲਤ ਸੋਚ ਵਾਲੇ ਅਫਸਰਾਂ ਵੱਲੋ ਕੀਤੀ ਜਿਆਦਤੀ ਉਪਰੰਤ ਹੋਈ ਖੁਦਕਸ਼ੀ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਦੋਸ਼ੀ ਨੂੰ ਫੌਰੀ ਬਣਦੀ ਸਜ਼ਾ ਦਿਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਸੋਚ ਵਾਲੇ ਆਪਣੇ ਆਪ ਨੂੰ ਆਰੀਅਨ ਅਖਵਾਕੇ ਉੱਚ ਦਰਜੇ ਦੇ ਮੰਨਦੇ ਹਨ ਅਤੇ ਦੂਸਰੀਆ ਕੌਮਾਂ ਨਾਲ ਸੰਬੰਧਤ ਨਿਵਾਸੀਆ ਨੂੰ ਹਰ ਸਮੇ ਨਸਲਵਾਦੀ, ਫਿਰਕੂ ਸੋਚ ਰਾਹੀ ਨਿਸ਼ਾਨਾਂ ਬਣਾਉਣ ਅਤੇ ਨੀਵਾ ਦਿਖਾਉਣ ਦੇ ਸਮਾਜ ਵਿਰੋਧੀ ਦੁੱਖਦਾਇਕ ਅਮਲ ਉਤੇ ਕਰਦੇ ਆ ਰਹੇ ਹਨ ਜਿਵੇ ਨਾਜੀ ਆਰੀਅਨ ਉੱਚ ਦਰਜੇ ਦੇ ਅਖਵਾਕੇ ਦੂਜਿਆ ਨੂੰ ਗੈਰ ਚੈਬਰਾਂ ਵਿਚ ਅਣਮਨੁੱਖੀ ਢੰਗਾਂ ਰਾਹੀ ਤਸੱਦਦ ਕਰਕੇ ਖਤਮ ਕਰ ਦਿੰਦੇ ਸਨ । ਸ. ਮਾਨ ਨੇ ਸ੍ਰੀ ਪੂਰਨ ਕੁਮਾਰ ਦੀ ਹੋਈ ਦੁਖਾਂਤਿਕ ਮੌਤ ਉਤੇ ਉਨ੍ਹਾਂ ਦੀ ਸਪਤਨੀ ਅਮਨੀਤ ਪੂਰਨ ਕੁਮਾਰ ਜੋ ਖੁਦ ਵੀ ਇਕ ਆਈ.ਏ.ਐਸ ਅਫਸਰ ਹਨ ਉਨ੍ਹਾਂ ਨਾਲ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋਏ ਜ਼ਬਰ ਵਿਰੁੱਧ ਆਪਣੀ ਜਿੰਮੇਵਾਰੀ ਸਮਝਕੇ ਇਨਸਾਫ਼ ਮਿਲਣ ਤੱਕ ਆਵਾਜ ਬੁਲੰਦ ਕਰਦਾ ਰਹੇਗਾ ।