ਬਰਨਾਲਾ- ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਬਰਨਾਲਾ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨਾਂ ਨੂੰ ਛੇ ਪਿਸਤੌਲਾਂ ਸਮੇਤ ਗਿ੍ਰਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਵਾਸੀ ਹਨੂੰਮਾਨਗੜ ਟਾਊਨ, ਰਾਜਸਥਾਨ ਅਤੇ ਸ਼ੇਖਰ ਵਾਸੀ ਕੈਥਲ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨਾਂ ਕੋਲੋਂ ਇੱਕ 5 ਪਿਸਤੌਲ, ਇੱਕ .30 ਬੋਰ ਦਾ ਪਿਸਤੌਲ, ਚਾਰ .32 ਬੋਰ ਦੇ ਪਿਸਤੌਲਾਂ ਸਮੇਤ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਟੀਮਾਂ ਨੇ ਉਨਾਂ ਦੀ ਮਾਰੂਤੀ ਸਵਿਫਟ ਕਾਰ (ਰਜਿਸਟਰੇਸ਼ਨ ਨੰਬਰ ਪੀਬੀ 01 ਏਐਕਸ 0945), ਜਿਸਦੀ ਵਰਤੋਂ ਉਹ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਅਤੇ ਡਲੀਵਰ ਕਰਨ ਲਈ ਕਰ ਰਹੇ ਸਨ, ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ ਅਤੇ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਬੀਹਾ ਗੈਂਗ ਦੇ ਗੁਰਗਿਆਂ ਨੂੰ ਇਹ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪੰਜਾਬ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਬੰਬੀਹਾ ਗੈਂਗ ਦੇ ਹੈਂਡਲਰਾਂ ਵੱਲੋਂ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚਣ ਬਾਰੇ ਖਾਸ ਮਨੁੱਖੀ ਅਤੇ ਤਕਨੀਕੀ ਜਾਣਕਾਰੀ ਮਿਲੀ ਸੀ। ਉਨਾਂ ਕਿਹਾ ਕਿ ਇਸ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਦਿਆਂ, ਏਆਈਜੀ ਏਜੀਟੀਐਫ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਏਜੀਟੀਐਫ ਪੰਜਾਬ ਦੀਆਂ ਟੀਮਾਂ ਨੇ ਬਰਨਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬਰਨਾਲਾ-ਬਠਿੰਡਾ ਮੁੱਖ ਸੜਕ ’ਤੇ ਪਿੰਡ ਧੌਲਾ ਵਿਖੇ ਡਰੇਨ ਨੇੜਿਓਂ ਦੋਵਾਂ ਸ਼ੱਕੀਆਂ ਨੂੰ ਸਫਲਤਾਪੂਰਵਕ ਗਿ੍ਰਫ਼ਤਾਰ ਕਰ ਲਿਆ। ਇਨਾਂ ਟੀਮਾਂ ਦੀ ਅਗਵਾਈ ਏਜੀਟੀਐਫ ਦੇ ਇੰਸਪੈਕਟਰ ਵਿਕਰਮ ਅਤੇ ਸੀਆਈਏ ਬਰਨਾਲਾ ਦੇ ਇੰਸਪੈਕਟਰ ਬਲਜੀਤ ਸਿੰਘ ਕਰ ਰਹੇ ਸਨ।
ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਗਿ੍ਰਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨਾਂ ਵਿਰੁੱਧ ਅਸਲਾ ਐਕਟ ਨਾਲ ਸਬੰਧਤ ਮਾਮਲੇ ਦਰਜ ਹਨ।
ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਸਬੰਧੀ ਐਫਆਈਆਰ ਨੰਬਰ 107 ਮਿਤੀ 11.10.2025 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 111 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਬਰਨਾਲਾ ਦੇ ਥਾਣਾ ਰੁੜੇਕੇ ਕਲਾਂ ਵਿਖੇ ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗਿ੍ਰਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।