ਸਰੀ- ਸਰੀ ਦੇ ਆਰੀਆ ਬੈਂਕੁਇਟ ਹਾਲ ਵਿੱਚ ਬੀਤੇ ਦਿਨ ਕਾਮਰੇਡ ਸੁਰਿੰਦਰ ਸੰਘਾ ਦੀ ਖੋਜ–ਆਧਾਰਿਤ ਪੁਸਤਕ ‘ਇੰਡੋ–ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਨੂੰ ਲੋਕ ਅਰਪਣ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਨਾਮ ਸਿੰਘ ਸੰਘੇੜਾ, ਬੀ.ਸੀ. ਦੇ ਸਾਬਕਾ ਮੰਤਰੀ ਹੈਰੀ ਬੈਂਸ, ਪ੍ਰਸਿੱਧ ਸ਼ਾਇਰ ਮੋਹਨ ਗਿੱਲ ਅਤੇ ਸੁਖਵੰਤ ਹੁੰਦਲ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਸੁਰਿੰਦਰ ਸੰਘਾ ਦੇ ਭਤੀਜੇ ਗੁਰਪ੍ਰੀਤ (ਗੈਰੀ) ਸੰਘਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਹਰਿੰਦਰਜੀਤ ਸੰਧੂ ਨੇ ਨਿਭਾਈ। ਉਨ੍ਹਾਂ ਪੁਸਤਕ ਦੀ ਜਾਣ–ਪਛਾਣ ਕਰਾਉਂਦਿਆਂ ਦੱਸਿਆ ਕਿ ਇਹ ਰਚਨਾ 1937 ਤੋਂ 1967 ਤੱਕ ਦੇ ਦੌਰ ਵਿਚ ਪਰਵਾਸੀਆਂ ਵੱਲੋਂ ਕੀਤੇ ਸੰਘਰਸ਼ ਨੂੰ ਬਿਆਨ ਕਰਦੀ ਹੈ — ਉਹ ਸਮਾਂ ਜਦੋਂ ਪਹਿਲੇ ਪੰਜਾਬੀ ਕੈਨੇਡਾ ਆ ਕੇ ਵਸੇ ਅਤੇ ਹੌਲੀ–ਹੌਲੀ ਆਪਣਾ ਸਮਾਜਕ ਤੇ ਆਰਥਿਕ ਢਾਂਚਾ ਤਿਆਰ ਕੀਤਾ। ਸ਼ੁਰੂਆਤੀ ਦੌਰ ਵਿਚ ਨਸਲਵਾਦ ਬਹੁਤ ਤਿੱਖੇ ਰੂਪ ਵਿਚ ਮੌਜੂਦ ਸੀ, ਪਰ ਪਰਵਾਸੀਆਂ ਨੇ ਹਿੰਮਤ ਤੇ ਏਕਤਾ ਨਾਲ ਉਸ ਨਾਲ ਮੁਕਾਬਲਾ ਕੀਤਾ। ਪੁਸਤਕ ਵਿਚ ਨਸਲੀ ਵਿਤਕਰੇ, ਵੋਟ ਦੇ ਅਧਿਕਾਰ, ਨਾਗਰਿਕਤਾ, ਮੀਡੀਆ ਦੀ ਭੂਮਿਕਾ, ਅਤੇ ਖਾਲਸਾ ਦੀਵਾਨ ਸੁਸਾਇਟੀ ਵਰਗੀਆਂ ਸੰਸਥਾਵਾਂ ਦੇ ਯੋਗਦਾਨ ਉੱਤੇ ਗਹਿਰਾਈ ਨਾਲ ਚਰਚਾ ਕੀਤੀ ਗਈ ਹੈ। ਇਹ ਰਚਨਾ ਇਹ ਵੀ ਦਰਸਾਉਂਦੀ ਹੈ ਕਿ ਹਰ ਦੌਰ ਵਿਚ ਹੀ ਸੱਤਾਧਾਰੀ ਤਾਕਤਾਂ ਸਮਾਜਿਕ ਵੰਡ ਰਾਹੀਂ ਆਪਣੇ ਸਵਾਰਥ ਸਿੱਧ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ।
ਪੁਸਤਕ ਰਿਲੀਜ਼ ਉਪਰੰਤ ਡਾ. ਗੁਰਨਾਮ ਸੰਘੇੜਾ ਨੇ ਕਿਹਾ ਕਿ ਇਹ ਪੁਸਤਕ ਇੰਡੋ–ਕੈਨੇਡੀਅਨ ਪਰਵਾਸੀ ਇਤਿਹਾਸ ਦਾ ਇੱਕ ਅਨਮੋਲ ਦਸਤਾਵੇਜ਼ ਹੈ। ਹੈਰੀ ਬੈਂਸ ਨੇ ਇਸ ਰਚਨਾ ਨੂੰ ਚਾਰ ਮੁੱਖ ਨੁਕਤਿਆਂ ਰਾਹੀਂ ਨਿਖੇੜਦੇ ਹੋਏ ਕਿਹਾ ਕਿ ਜਿੱਥੇ ਸਾਨੂੰ ਗੋਰਿਆਂ ਵੱਲੋਂ ਦਿੱਤਾ ਜਾਂਦਾ ਨਸਲੀ ਵਿਤਕਰਾ ਭੁਗਤਣਾ ਪਿਆ, ਉੱਥੇ ਇਹ ਵੀ ਸੱਚ ਹੈ ਕਿ ਕਈ ਵਾਰ ਸਾਡੇ ਆਪਣੇ ਲੋਕਾਂ ਨੇ ਵੀ ਸਾਡੇ ਨਾਲ ਅਨਿਆਇ ਕੀਤਾ ਹੈ ਅਤੇ ਅੱਜ ਵੀ ਕਰ ਰਹੇ ਹਨ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਇਹ ਪੁਸਤਕ ਸਾਡੀ ਕਮਿਊਨਿਟੀ ਦੇ ਸੰਘਰਸ਼ਮਈ ਇਤਿਹਾਸ ਨੂੰ ਮੌਜੂਦਾ ਤੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਪੁਲ ਦਾ ਕੰਮ ਕਰੇਗੀ। ਸੁਖਵੰਤ ਹੁੰਦਲ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸੁਰਿੰਦਰ ਸੰਘਾ ਨੂੰ 1970 ਤੋਂ ਬਾਅਦ ਦੇ ਇਤਿਹਾਸ ਨੂੰ ਆਪਣੀ ਅਗਲੀ ਪੁਸਤਕ ਵਿਚ ਲਿਆਉਣਾ ਚਾਹੀਦਾ ਹੈ।
ਸਮਾਗਮ ਵਿੱਚ ਐਮਪੀ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਐਮਐਲਏ ਸਟੀਵ ਕੂਨਰ ਤੇ ਹਰਮਨ ਭੰਗੂ, ਬੀ.ਸੀ. ਦੀ ਸਿੱਖਿਆ ਮੰਤਰੀ ਜੈਸੀ ਸੁੰਨੜ, ਸਾਬਕਾ ਮੰਤਰੀ ਜਿੰਨੀ ਸਿਮਸ, ਡੈਲਟਾ ਪੁਲਿਸ ਅਫ਼ਸਰ ਜੈਸੀ ਸਹੋਤਾ, ਸਤੀਸ਼ ਗੁਲਾਟੀ ਅਤੇ ਰੇਡੀਓ ਸਵਿਫਟ 1200AM ਦੇ ਪ੍ਰੈਜ਼ੀਡੈਂਟ ਮਨਜੀਤ ਢੇਸੀ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਸਭ ਨੇ ਇੰਡੋ–ਕੈਨੇਡੀਅਨ ਕਮਿਊਨਿਟੀ ਦੀਆਂ ਕੁਰਬਾਨੀਆਂ ਅਤੇ ਮਿਹਨਤ ਨੂੰ ਯਾਦ ਕਰਦਿਆਂ ਲੇਖਕ ਨੂੰ ਮੁਬਾਰਕਬਾਦ ਦਿੱਤੀ।
ਪੁਸਤਕ ਦੇ ਲੇਖਕ ਸੁਰਿੰਦਰ ਸੰਘਾ ਨੇ ਆਪਣੇ ਸੰਬੋਧਨ ਵਿੱਚ ਸਭ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਚਨਾ ਉਨ੍ਹਾਂ ਦੀਆਂ ਕਈ ਦਹਾਕਿਆਂ ਦੀਆਂ ਯਾਦਾਂ ਅਤੇ ਖੋਜ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਕਨੇਡਾ ਵਿਚ ਸਾਡੀ ਕਮਿਊਨਿਟੀ ਨੇ ਜੋ ਕੁਰਬਾਨੀਆਂ ਕੀਤੀਆਂ ਹਨ ਤੇ ਯੋਗਦਾਨ ਪਾਇਆ ਹੈ, ਉਹ ਅਜੇ ਵੀ ਪੂਰੀ ਤਰ੍ਹਾਂ ਲਿਖਤ ਰੂਪ ਵਿੱਚ ਦਰਜ ਨਹੀਂ ਹੋਏ — ਜੋ ਸਿਰਫ਼ ਇਤਿਹਾਸਕ ਬੇਇਨਸਾਫ਼ੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਧੋਖਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਅਜੀਤ ਸਿੰਘ ਤੋਂ ਮਿਲੀ, ਜਿਸ ਦੀ ਸੱਚੀ ਲਗਨ ਅਤੇ ਪਰਿਵਾਰਕ ਸਹਿਯੋਗ ਨੇ ਇਹ ਕੰਮ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਮੂਲ ਅਤੇ ਸੰਘਰਸ਼ਮਈ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸ ਲਈ ਇਤਿਹਾਸਕ ਤੱਥਾਂ ਨੂੰ ਪਾਠ–ਪੁਸਤਕਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਨਸਲਵਾਦ, ਧਾਰਮਿਕ ਵੰਡ ਅਤੇ ਭੇਦਭਾਵ ਅਜੇ ਵੀ ਮੌਜੂਦ ਹਨ — ਇਸ ਲਈ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਹੋ ਕੇ ਸੱਚਾਈ ਅਧਾਰਿਤ ਇਤਿਹਾਸਿਕ ਇਨਸਾਫ਼ ਲਈ ਲੜੀਏ।