ਨਵੀਂ ਦਿੱਲੀ - ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖਾਲਸੇ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਚਰਨਾਂ ਦੇ ਇਤਿਹਾਸਕ ਜੋੜੇ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ(ਬਿਹਾਰ )ਵਿਖੇ ਸੁਸ਼ੋਭਿਤ ਕਰਨ ਲਈ ਇਤਿਹਾਸਕ ਯਾਤਰਾ ਆਯੋਜਿਤ ਕੀਤੀ ਜਾ ਰਹੀ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਇਤਿਹਾਸਕ ਯਾਤਰਾ ਦੇ ਮੌਕੇ ਤੇ ਦਿਨ ਬੁੱਧਵਾਰ, 22 ਅਕਤੂਬਰ 2025, ਨੂੰ ਗੁਰਦੁਆਰਾ ਮੋਦੀ ਬਾਗ ਸਾਹਿਬ, ਨਵੀਂ ਦਿੱਲੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਗੁਰਮਤਿ ਸਮਾਗਮ ਸ਼ਾਮ 6 ਵਜੇ ਤੋਂ ਰਾਤ 10:30 ਵਜੇ ਤੱਕ ਚੱਲੇਗਾ, ਇਸ ਮੌਕੇ ਤੇ ਇਤਿਹਾਸਕ ਜੋੜੇ ਸੰਗਤਾਂ ਲਈ ਵਿਸ਼ੇਸ਼ ਤੌਰ ‘ਤੇ ਸੁਸ਼ੋਭਿਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਚਰਨ ਸੁਹਾਵੇ ਗੁਰੂ ਚਰਨ ਯਾਤਰਾ, ਜੋ ਸੰਗਤਾਂ ਨੂੰ ਸ਼ਾਮਿਲ ਹੋਣ ਦਾ ਪਵਿੱਤਰ ਮੌਕਾ ਦੇਵੇਗੀ, ਜੋ ਕਿ ਦਿਨ ਵੀਰਵਾਰ, 23 ਅਕਤੂਬਰ 2025, ਸਵੇਰੇ 10 ਵਜੇ ਗੁਰਦੁਆਰਾ ਮੋਦੀ ਬਾਗ ਸਾਹਿਬ, ਨਵੀਂ ਦਿੱਲੀ ਤੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲ ਰਵਾਨਾ ਹੋਵੇਗੀ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਪਵਿੱਤਰ ਸਮਾਗਮ ਵਿੱਚ ਪੂਰੀ ਹਾਜ਼ਰੀ ਭਰਕੇ ਗੁਰੂ ਮਹਾਰਾਜ ਦੀਆਂ ਅਸੀਮ ਖੁਸ਼ੀਆਂ ਪ੍ਰਾਪਤ ਕਰਨ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ 22 ਅਕਤੂਬਰ ਨੂੰ ‘ਚੜਦੀ ਕਲਾ ਟਾਈਮ ਟੀਵੀ’ ਤੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਯਾਤਰਾ ਸਿੱਖ ਇਤਿਹਾਸ, ਧਰਮ ਅਤੇ ਸੰਗਤ ਦੀ ਭਗਤੀ-ਭਾਵਨਾਵਾਂ ਦਾ ਅਨਮੋਲ ਅਨੁਭਵ ਹੈ, ਜੋ ਹਰ ਸੰਗਤ ਦੇ ਮਨ, ਆਤਮਾ ਅਤੇ ਵਿਸ਼ਵਾਸ ਨੂੰ ਪ੍ਰਗਟ ਕਰੇਗੀ।