ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਜਦ ਤਕ ਸੋ੍ਰਮਣੀ ਕਮੇਟੀ ਲਾਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦਾ ਸੱਚ ਸੰਗਤਾਂ ਦੇ ਸਾਹਮਣੇ ਨਹੀ ਰਖਦੀ ਉਸ ਸਮੇ ਤਕ ਕਮੇਟੀ ਨੂੰ ਕਿਸੇ ਵੀ ਧਾਰਮਿਕ ਸਮਾਗਮ ਨੂੰ ਕਰਨ ਦਾ ਅਧਿਕਾਰ ਨਹੀ ਹੈ।ਉਨਾਂ ਸੁਚੇਤ ਕੀਤਾ ਕਿ ਉਹ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸ਼ੋ੍ਰਮਣੀ ਕਮੇਟੀ ਵਲੋ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮਾਂ ਵਿਚ ਕਮੇਟੀ ਦੀ ਸ਼ਮੂਲੀਅਤ ਦਾ ਵਿਰੋਧ ਕਰਨਗੇ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਅਜਨਾਲਾ ਨੇ ਕਿਹਾ ਕਿ ਉਹ ਸਮਾਗਮਾਂ ਦੇ ਵਿਰੋਧੀ ਨਹੀ, ਸ਼ੋ੍ਰਮਣੀ ਕਮੇਟੀ ਦੇ ਨਿਜਾਮ ਦੇ ਵਿਰੁਧ ਹਨ।ਉਨ੍ਹਾਂ ਕਿਹਾ ਕਿ ਆਉਣ ਵਾਲੀ 29 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮਨਾਉਣ ਦੀ ਤਿਆਰੀਆਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਹਨ, ਪਰ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਨਿਰਣਾ ਨਹੀਂ ਹੁੰਦਾ, ਉਹ ਇਸ ਪੁਰਬ ਮੌਕੇ ਤੇ ਸ਼ੋ੍ਰਮਣੀ ਕਮੇਟੀ ਵਲੋ ਕਰਵਾਏ ਜਾ ਰਹੇ ਸਮਾਗਮਾਂ ਦਾ ਉਹ ਵਿਰੋਧ ਕਰਦੇ ਰਹਿਣਗੇ।ਭਾਈ ਅਜਨਾਲਾ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੀ ਧਰਤੀ ਤੇ ਨਗਰ ਕੀਰਤਨ ਜਾਂ ਸਟੇਜ ਲਗਾਏਗੀ, ਤਾਂ ਉਸ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਇੱਕ ਪਰਿਵਾਰ ਦੀ ਕਮੇਟੀ ਬਣ ਚੁੱਕੀ ਹੈ ਅਤੇ ਇਹੀ ਕਾਰਨ ਹੈ ਕਿ ਗੁਰੂ ਸਾਹਿਬ ਦੇ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਅਜੇ ਤੱਕ ਨਹੀ ਸੁਲਝਿਆ।ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰੀ, ਤਾਂ ਉਸ ਦੀ ਜਿੰਮੇਵਾਰੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵਾ ਦੀ ਹੋਵੇਗੀ। ਇਸ ਸੰਬਧੀ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ।ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਸੰਬਧਤ ਦਿਨ ਦਿਹਾੜੇ ਤੇ ਸ਼ਤਾਬਦੀਆਂ ਮਨਾਉਣ ਦਾ ਅਧਿਕਾਰ ਕੇਵਲ ਇਸ ਸੰਸਥਾ ਨੂੰ ਹੈ।ਸ਼ਤਾਬਦੀ ਸਮਾਗਮਾਂ ਵਿਚ ਕਿਸੇ ਨੂੰ ਰੋਕ ਨਹੀ ਪਾਉਣੀ ਚਾਹੀਦੀ।