ਨਵੀਂ ਦਿੱਲੀ- ਤਖ਼ਤ ਪਟਨਾ ਸਾਹਿਬ ਤੋਂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਜਾਗਰਤੀ ਯਾਤਰਾ ਜੋ ਪਿਛਲੇ 17 ਸਤੰਬਰ ਨੂੰ ਸ਼ੁਰੂ ਹੋਈ ਸੀ, ਲਗਭਗ 48 ਦਿਨਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ 28 ਅਕਤੂਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਣ ਹੋਵੇਗੀ। ਇਸ ਤੋਂ ਬਾਅਦ ਗੁਰੂ ਮਹਾਰਾਜ ਦੇ ਪਾਵਨ ਸਵਰੂਪ ਅਤੇ ਗੁਰੂ ਮਹਾਰਾਜ ਦੇ ਸ਼ਸਤਰਾਂ ਨੂੰ ਚਾਰਟਰ ਹਵਾਈ ਜਹਾਜ਼ ਰਾਹੀਂ ਤਖ਼ਤ ਪਟਨਾ ਸਾਹਿਬ ਲਿਆਂਦਾ ਜਾਵੇਗਾ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ ਸੋਹੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਚੀਫ਼ ਖਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਬਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਪਵਿੱਤਰ ਸਵਰੂਪ ਅਤੇ ਸ਼ਸਤਰ ਚਾਰਟਰ ਹਵਾਈ ਜਹਾਜ਼ ਰਾਹੀਂ ਤਖ਼ਤ ਪਟਨਾ ਸਾਹਿਬ ਪਹੁੰਚਾਏ ਜਾਣਗੇ। ਪਟਨਾ ਹਵਾਈ ਅੱਡੇ ਤੋਂ ਇਨ੍ਹਾਂ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਤਖ਼ਤ ਪਟਨਾ ਸਾਹਿਬ ਤੱਕ ਲਿਆਂਦਾ ਜਾਵੇਗਾ। ਸ. ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ 48 ਦਿਨਾਂ ਦੇ ਇਸ ਸਫ਼ਰ ਵਿੱਚ ਹਜ਼ਾਰਾਂ ਮੀਲ ਤੈਅ ਕਰਦਿਆਂ ਸ਼ਹੀਦੀ ਜਾਗਰਤੀ ਯਾਤਰਾ 27 ਤਾਰੀਖ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਅਤੇ 28 ਤਾਰੀਖ ਦੀ ਸਵੇਰੇ ਇਸ ਯਾਤਰਾ ਦੀ ਸੰਪੂਰਣਤਾ ਹੋਵੇਗੀ। ਇਸ ਤੋਂ ਬਾਅਦ ਗੁਰੂ ਮਹਾਰਾਜ ਦੇ ਪਾਵਨ ਸਵਰੂਪ ਅਤੇ ਸ਼ਸਤਰਾਂ ਨੂੰ ਅੰਬਾਲਾ ਹਵਾਈ ਅੱਡੇ ਤੋਂ ਚਾਰਟਰ ਜਹਾਜ਼ ਰਾਹੀਂ ਪਟਨਾ ਭੇਜਿਆ ਜਾਵੇਗਾ। ਸ. ਜਗਜੋਤ ਸਿੰਘ ਸੋਹੀ ਨੇ ਸ.ਗੁਰਿੰਦਰ ਸਿੰਘ ਬਾਵਾ ਅਤੇ
ਚੀਫ਼ ਖਾਲਸਾ ਦੀਵਾਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ।