ਅੰਮ੍ਰਿਤਸਰ -ਅਕਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਐਡਵੋਕੇਟ ਧਾਮੀ ਨੇ ਬਿਖੜੇ ਸਮੇ ਵਿਚ ਸ਼ੋ੍ਰਮਣੀ ਕਮੇਟੀ ਦੀ ਅਗਵਾਈ ਕੀਤੀ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਉਸ ਦੀ ਮਿਸਾਲ ਨਹੀ ਮਿਲਦੀ। ਅੱਜ ਜਾਰੀ ਬਿਆਨ ਵਿਚ ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਸੇ ਵਿਚ ਆਏ ਹੜ੍ਹਾਂ ਦੌਰਾਨ ਜਿਸ ਤਰ੍ਹਾਂ ਨਾਲ ਐਡਵੋਕੇਟ ਧਾਮੀ ਨੇ ਦਿਨ ਰਾਤ ਇਕ ਕਰਕੇ ਲੋੜਵੰਦਾਂ ਤਕ ਜਰੂਰਤ ਦਾ ਸਮਾਨ ਪਹੰੁਚਾਉਣ ਵਿਚ ਦਿਲਚਸਪੀ ਦਿਖਾਈ ਉਹ ਵੀ ਕਾਬਲ ਏ ਤਾਰੀਫ ਹੈ।ਐਡਵੋਕੇਟ ਧਾਮੀ ਨੇ ਨਿਜੀ ਦਿਲਚਸਪੀ ਲੈ ਕੇ ਜਿਸ ਤਰ੍ਹਾਂ ਹੜ੍ਹ ਪ੍ਰਭਾਵਿਤਾਂ ਦੀ ਮਦਦ ਕੀਤੀ ਹੈ ਉਸ ਨਾਲ ਹਰ ਪੰਜਾਬੀ ਦੇ ਮਨ ਵਿਚ ਸ਼ੋ੍ਰਮਣੀ ਕਮੇਟੀ ਦਾ ਅਕਸ ਉਚਾ ਹੋਇਆ ਹੈ। ਉਨਾਂ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਸਨ ਕਿ ਐਡਵੋਕੇਟ ਧਾਮੀ ਖੜੇ ਪਾਣੀਆਂ ਵਿਚ ਬੇੜੀਆ ਤੇ ਸਵਾਰ ਹੋ ਕੇ ਲੋਕਾਂ ਦੇ ਘਰਾਂ ਤਕ ਜਾ ਰਹੇ ਸਨ ਤੇ ਜਰੂਰਤਮੰਦਾਂ ਦੀ ਮਦਦ ਕਰ ਰਹੇ ਸਨ। ਧਾਮੀ ਦੇ ਇਨਾਂ ਯਤਨਾਂ ਨਾਲ ਅਕਾਲੀ ਦਲ ਦਾ ਗ੍ਰਾਫ ਵੀ ਉਚਾ ਹੋਇਆ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਕਾਰਜਕਾਲ ਦੌਰਾਨ ਬੰਦੀ ਸਿੱਖਾਂ ਦਾ ਮਾਮਲਾ ਬਹੁਤ ਹੀ ਸੁਚਝੇ ਢੰਗ ਨਾਲ ਸਰਕਾਰ ਦੇ ਸਾਹਮਣੇ ਰਖਿਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫ ਕਰਵਾਉਣ ਲਈ ਜਿਵੇ ਧਾਮੀ ਦਿਨ ਰਾਤ ਇਕ ਕਰ ਰਹੇ ਹਨ ਉਸ ਨੇ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ।ਉਨਾਂ ਦੀ ਪੰਥ ਪ੍ਰਸਤੀ ਨੂੰ ਦੇਖਦਿਆਂ ਅਕਾਲੀ ਦਲ ਨੂੰ ਵੀ ਚਾਹੀਦਾ ਹੈ ਕਿ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਪ੍ਰਧਾਨਗੀ ਦੇ ਆਹੁਦੇ ਲਈ ਐਲਾਨ ਕਰੇ ਤਾਂ ਕਿ ਪੰਥ ਵੀ ਐਡਵੋਕੇਟ ਧਾਮੀ ਦਾ ਮਾਣ ਸਨਮਾਨ ਕਰ ਸਕੇ।