ਨਵੀਂ ਦਿੱਲੀ - ਸਾਲ 2019 ਵਿੱਚ ਇੱਕ ਧੋਖੇਬਾਜ਼ ਏਜੰਟ ਦੁਆਰਾ ਗੁੰਮਰਾਹ ਕੀਤੇ ਜਾਣ ਤੋਂ ਬਾਅਦ ਤਾਜਿਕਸਤਾਨ ਵਿੱਚ ਫਸੇ ਸੱਤ ਪੰਜਾਬੀ ਨੌਜਵਾਨਾਂ ਨੂੰ ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ (ਰਾਜ ਸਭਾ) ਅਤੇ ਤਾਜਿਕਸਤਾਨ ਵਿੱਚ ਭਾਰਤੀ ਦੂਤਾਵਾਸ ਦੇ ਤੁਰੰਤ ਦਖਲ ਨਾਲ ਸਫਲਤਾਪੂਰਵਕ ਭਾਰਤ ਵਾਪਸ ਭੇਜ ਦਿੱਤਾ ਗਿਆ। ਇਨ੍ਹਾਂ ਦੁਖਿਆਰੇ ਮੁੰਡਿਆਂ ਨੇ 19 ਅਕਤੂਬਰ ਨੂੰ ਤੁਰੰਤ ਮਦਦ ਦੀ ਮੰਗ ਕਰਦੇ ਹੋਏ ਆਪਣੇ ਹਾਲਾਤ ਬਾਰੇ ਇੱਕ ਵੀਡੀਓ ਭੇਜਿਆ ਸੀ, ਜਿਸ ਤੋਂ ਬਾਅਦ ਡਾ. ਸਾਹਨੀ ਨੇ ਤੁਰੰਤ ਉਚਿਤ ਪੱਧਰ ‘ਤੇ ਮਾਮਲਾ ਉਠਾਇਆ ਸੀ। ਡਾ. ਸਾਹਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਨੌਜਵਾਨਾਂ ਅਤੇ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਸੀ, ਉਨ੍ਹਾਂ ਦੀ ਵਾਪਸੀ ਦੀ ਸਹੂਲਤ ਲਈ ਉਨ੍ਹਾਂ ਦੀ ਗੂਗਲ ਲੋਕੇਸ਼ਨ ਅਤੇ ਲੋੜੀਂਦੇ ਦਸਤਾਵੇਜ਼ ਭਾਰਤੀ ਦੂਤਾਵਾਸ ਨੂੰ ਉਪਲਬਧ ਕਰਵਾਏ ਗਏ ਸਨ। ਸਾਰੇ ਸੱਤ ਮੁੰਡੇ ਅੱਜ ਦੁਪਹਿਰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਡਾ ਸਾਹਨੀ ਦੀ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਸਾਹਨੀ ਨੇ ਕਿਹਾ ਕਿ ਬਚਾ ਕੇ ਲਿਆਂਦੇ ਗਏ ਇਨ੍ਹਾਂ ਮੁੰਡਿਆਂ ਨੂੰ ਪੰਜਾਬ ਵਿੱਚ ਹੀ ਹੁਨਰ ਅਤੇ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਸੋਸ਼ਣ ਲਈ ਜ਼ਿੰਮੇਵਾਰ ਬੇਈਮਾਨ ਏਜੰਟ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ।