ਅੰਮ੍ਰਿਤਸਰ-ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸ੍ਰੀ ਗੁਰੁ ਰਾਮਦਾਸ ਅਵਤਾਰ ਪੁਰਬ ਕਮੇਟੀ (ਗ੍ਰੀਨ ਐਵੀਨਿਊ) ਵੱਲੋਂ ਸੈਂਟਰਲ ਖਾਲਸਾ ਯਤੀਮਖਾਨਾ, ਪੁਤਲੀਘਰ ਵਿਖੇ ਧੰਨ-ਧੰਨ ਸਾਹਿਬ ਸ੍ਰੀ ਗੁਰੁ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਕਰਵਾਏ ਗਏ ਸ਼ਬਦ ਕੀਰਤਨ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ’ਚ ਜ਼ਿਲ੍ਹੇ ਦੇ ਕਰੀਬ 12 ਸਕੂਲਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਮੁਕਾਬਲੇ ’ਚ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਗ ਕਾਨ੍ਹੜਾ (ਪੜਤਾਲ) ਗਾਇਨ ਕਰਕੇ 12 ਸਕੂਲਾਂ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ।
ਉਨ੍ਹਾਂ ਉਪਰੋਕਤ ਪ੍ਰਤੀਯੋਗਤਾ ’ਚ ਭਾਗ ਲੈਣ ਵਾਲੀ ਕੀਰਤਨ ਗਾਇਨ ਟੀਮ ਅਤੇ ਸੰਗੀਤ ਅਧਿਆਪਕਾ ਸ੍ਰੀਮਤੀ ਹਰਲੀਨ ਕੌਰ ਨੂੰ ਵਧਾਈ ਦਿੰਦਿਆਂ ਇਸੇ ਤਰ੍ਹਾਂ ਇਲਾਹੀ ਗੁਰਬਾਣੀ, ਸਿੱਖ ਇਤਿਹਾਸ ਦੇ ਨਾਲ-ਨਾਲ ਜੁੜੇ ਰਹਿਣ ਅਤੇ ਚੰਗੇ ਭਵਿੱਖ, ਅਕਾਦਮਿਕ ਪੱਧਰ ’ਤੇ ਉਚਾਈਆਂ ਨੂੰ ਛੂਹਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।