ਅੰਮ੍ਰਿਤਸਰ - ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿਤਰ ਧਰਤੀ ਅੱਜ ਕਲ ਦੇਹ ਵਪਾਰ ਦੀ ਰਾਜਧਾਨੀ ਬਣਦੀ ਜਾ ਰਹੀ ਹੈ। ਗੁਰੂ ਨਗਰੀ ਵਿਚ ਖੰੁਬਾਂ ਵਾਂਗ ਉਘ ਰਹੇ ਹੋਟਲ ਇਸ ਵਪਾਰ ਨੂੰ ਚਾਰ ਚੰਨ ਲਗਾ ਰਹੇ ਹਨ। ਹਲਾਤ ਇਹ ਹਨ ਕਿ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਦੇਹ ਵਪਾਰ ਕਰਨ ਵਾਲੀਆਂ ਤੇ ਦੇਹ ਵਪਾਰ ਕਰਵਾਉਣ ਵਾਲੇ ਯਾਤਰੀਆਂ ਨੂੰ ਸ਼ਰੇਆਮ ਅਵਾਜ਼ਾਂ ਦੇ ਕੇ ਦੇਹ ਵਪਾਰ ਲਈ ਉਕਸਾਉਦੇ ਹਨ, ਸੌਦਾ ਤਹਿ ਕੀਤਾ ਜਾਂਦਾ ਹੈ ਤੇ ਫਿਰ ਨੇੜੇ ਦੇ ਕਿਸੇ ਹੋਟਲ ਵਿਚ ਇਸ ਸੌਦੇ ਨੂੰ ਸਿਰੇ ਚੜਾਇਆ ਜਾਂਦਾ ਹੈ। ਸ਼ਰਮ ਦੀ ਗਲ ਇਹ ਵੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਵੀ ਇਹ ਧੰਦਾ ਤੇਜੀ ਨਾਲ ਪੈਰ ਪਸਾਰ ਚੁੱਕਾ ਹੈ। ਦੇਹ ਵਪਾਰ ਲਈ ਗਰੀਬ ਜਾਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨਹੀ ਸਗੋ ਪੜੀਆ ਲਿਖੀਆਂ ਤੇ ਅਮੀਰ ਪਰਿਵਾਰਾਂ ਦੀਆਂ ਔਰਤਾਂ ਵੀ ਦੇਖੀਆ ਜਾ ਸਕਦੀਆਂ ਹਨ।ਇਸ ਦਾ ਮੁਖ ਕਾਰਨ ਲੋੜ ਨਾਲੋ ਵਧ ਖਰਚੇ ਕਰਨ ਦੀ ਆਦਤ ਤੇ ਐਸੋ਼ ਅਰਾਮ ਦੀ ਜਿੰਦਗੀ ਜਿਉਣ ਦੀ ਲਾਲਸਾ ਕਹੀ ਜਾ ਸਕਦੀ ਹੈ।ਹੁਣ ਤਾਂ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੀ ਤੁਲਣਾ ਲਾਹੌਰ ਦੀ ਬਦਨਾਮ ਹੀਰਾ ਮੰਡੀ ਨਾਲ ਕੀਤੀ ਜਾਂਦੀ ਹੈ।ਸ਼ਹਿਰ ਵਾਸੀ ਇਸ ਕੁਕਰਮ ਤੋ ਚਿੰਤਤ ਤੇ ਪ੍ਰੇਸ਼ਾਨ ਤਾਂ ਹਨ ਪਰ ਬੇਬਸ ਹਨ। ਪੁਲੀਸ ਗੋਗਲੂਆਂ ਤੋ ਮਿੱਟੀ ਝਾੜਣ ਵਾਂਗ ਕਾਰਵਾਈ ਤਾਂ ਕਰਦੀ ਹੈ ਪਰ ਫਿਰ ਕਾਨੂੰਨ ਦੇ ਵਿਚੋ ਹੀ ਚੋਰ ਮੋਰੀਆਂ ਦੀ ਵਰਤੋ ਕਰਕੇ ਦੋਸ਼ੀਆਂ ਨੂੰ ਬਚਾਉਣ ਲਈ ਰਾਹ ਤਿਆਰ ਕਰਦੀ ਹੈ। ਕਦੇ ਦੋਵੇ ਬਾਲਗ ਹਨ ਤੇ ਕਦੇ ਯੂ ਐਮ ਸੀ ਭਾਵ ਅਨਮੈਰਿਡ ਕਪਲ ਦੇ ਨਾਮ ਤੇ ਦੋਸ਼ੀਆਂ ਨੂੰ ਬਚਾਇਆ ਜਾਂਦਾ ਹੈ।ਭ੍ਰਿਸ਼ਟ ਅਫਸਰਸ਼ਾਹੀ ਦੀ ਮਿਹਰਬਾਨੀ ਨਾਲ ਪੁਰਾਣੇ ਸ਼ਹਿਰ ਦੀਆਂ ਤੰਗ ਗਲੀਆਂ ਤੇ ਬਜਾਰਾਂ ਵਿਚ ਹੋਟਲ ਬਣ ਚੁੱਕੇ ਹਨ ਤੇ ਇਨਾਂ ਹੋਟਲਾ ਨੂੰ ਮੋਟਾ ਕਿਰਾਇਆ ਲੈ ਕੇ ਅਗੇ ਕਿਰਾਏ ਤੇ ਦੇ ਦਿੱਤਾ ਜਾਂਦਾ ਹੈ। ਕਿਰਾਏਦਾਰ ਕਿਰਾਇਆ ਪੂਰਾ ਕਰਨ ਲਈ ਗੈਰ ਸਮਾਜਿਕ ਕੰਮ ਕਰਵਾ ਕੇ ਪੈਸੇ ਪੂਰੇ ਕਰਦਾ ਹੈ। ਇਸ ਸੰਬਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਅਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਸਤਿਕਾਰ ਬਹਾਲੀ ਲਈ ਜੂਝਦੇ ਭਾਈ ਪਰਮਜੀਤ ਸਿੰਘ ਅਕਾਲੀ ਨੇ ਦਸਿਆ ਕਿ ਹੋਹਲਾਂ ਦੇ ਬਾਹਰ ਤੇ ਸ੍ਰੀ ਦਰਬਾਰ ਸਾਹਿਬ ਵਲ ਜਾਂਦੇ ਰਾਹਾਂ ਤੇ ਸ਼ਰੇਆਮ ਇਕ ਘੰਟੇ ਲਈ ਕਮਰਾ ਕਿਰਾਏ ਤੇ ਲੈਣ ਲਈ ਅਵਾਜਾਂ ਲਗਾਈਆਂ ਜਾਂਦੀਆਂ ਹਨ। ਅਸੀ ਇਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਣਾ ਵੀ ਕਰਕੇ ਆਏ ਸੀ ਪਰ ਇਹ ਲੋਕ ਟਸ ਤੋ ਮਸ ਨਹੀ ਹੋਏ। ਇਸ ਬਾਰੇ ਅਸੀ ਅਨੇਕਾਂ ਵਾਰ ਪੁਲੀਸ ਪ੍ਰਸ਼ਾਸ਼ਨ ਨੂੰ ਲਿਿਖਆ ਹੈ ਪਰ ਕਰਵਾਈ ਨਹੀ ਹੋਈ।