ਤਰਨਤਾਰਨ-ਭਾਈ ਭੁਪਿੰਦਰ ਸਿੰਘ ਗੱਦਲੀ ( ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ 'ਤੇ ਸੁਖਦੇਵ ਸਿੰਘ ਸੁੱਖਾ ) ਅਤੇ ਜੋਨ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਜੀ ਦੇ ਉਪਰਾਲੇ ਸਦਕਾ ਪਿੰਡ ਕਸੇਲ ਦੇ ਸਾਬਕਾ ਕਾਂਗਰਸੀ ਸਰਪੰਚ ਸ੍ਰ ਗੁਰਬਚਨ ਸਿੰਘ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਛੱਡ ਕੇ “ਅਕਾਲੀ ਦਲ ਵਾਰਿਸ ਪੰਜਾਬ ਦੇ” ਅਤੇ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਚਾਹੇ ਕਾਂਗਰਸ ਹੋਵੇ, ਬੀ ਜੇ ਪੀ ਹੋਵੇ, ਬਾਦਲ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਸਭ ਨੇ ਕੇਵਲ ਝੂਠੇ ਵਾਅਦੇ ਕੀਤੇ ਤੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਗਈਆਂ। ਸਰਪੰਚ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੇ ਖਾ ਲਿਆ, ਕਿਸਾਨ ਕਰਜ਼ੇ ਤਹਿਤ ਆਤਮਹੱਤਿਆਵਾਂ ਕਰਨ ‘ਤੇ ਮਜਬੂਰ ਹੋਏ, ਤੇ ਪਿੰਡਾਂ ਦੀ ਤਰੱਕੀ ਦੀਆਂ ਗੱਲਾਂ ਸਿਰਫ਼ ਕਾਗਜ਼ਾਂ ‘ਤੇ ਰਹਿ ਗਈਆਂ। ਆਮ ਆਦਮੀ ਪਾਰਟੀ ਨੇ “ਬਦਲਾਅ” ਦੇ ਨਾਅਰੇ ਹੇਠ ਲੋਕਾਂ ਨਾਲ ਜੋ ਖੇਡ ਖੇਡੀ ਹੈ, ਉਸ ਨਾਲ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਸੱਚੀ ਪੰਥਕ ਤੇ ਇਮਾਨਦਾਰ ਆਵਾਜ਼ ਨੂੰ ਮਜ਼ਬੂਤ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਵਿਜ਼ਨ ਵਾਲੀ ਪਾਰਟੀ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੂੰ। ਉਨ੍ਹਾਂ ਨੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਤਰਨਤਾਰਨ ਹਲਕੇ ‘ਚ ਆਉਣ ਵਾਲੀਆਂ ਚੋਣਾਂ ‘ਚ ਕਾਂਗਰਸ, ਬੀ ਜੇ ਪੀ, ਬਾਦਲ ਦਲ ਤੇ ਆਮ ਆਦਮੀ ਪਾਰਟੀ ਤਿੰਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ। ਇਸ ਮੌਕੇ ਨਾਲ ਗਏ ਟੀਮ ਮੈਂਬਰਾਂ ਵਿੱਚ ਭਾਈ ਭੁਪਿੰਦਰ ਸਿੰਘ ਗੱਦਲੀ ਅਤੇ ਭਾਈ ਸ਼ਮਸ਼ੇਰ ਸਿੰਘ ਪੱਧਰੀ ਤੋਂ ਇਲਾਵਾ ਭਾਈ ਦਇਆ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਭੁਪਿੰਦਰ ਸਿੰਘ ਪਟਿਆਲਾ, ਬਾਬਾ ਕੰਵਲਜੀਤ ਸਿੰਘ ਗੁਰੂ ਕਾ ਬੇਟਾ, ਭਾਈ ਰਣਜੀਤ ਸਿੰਘ ਕਸੇਲ, ਭਾਈ ਗੁਰਦੀਪ ਸਿੰਘ ਮਰਦਾਂਪੁਰ, ਭਾਈ ਚਰਨਜੀਤ ਸਿੰਘ ਗਾਲਿਬ, ਭਾਈ ਜਗਤਾਰ ਸਿੰਘ ਮਰਦਾਂਪੁਰ ਅਤੇ ਭਾਈ ਦਿਲਬਾਗ ਸਿੰਘ ਇਕੱਠੇ ਪਾਰਟੀ ਵਰਕਰਾਂ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਝੂਠੇ ਵਾਅਦਿਆਂ ਨਹੀਂ, ਸੱਚੀ ਸਿੱਖ ਸਿਆਸਤ ਦੀ ਮੰਗ ਕਰ ਰਹੀ ਹੈ, ਸੋ ਪੰਜਾਬ ਦੇ ਲੋਕਾਂ ਨੇ ਅਤੇ ਹਲਕਾ ਤਰਨਤਾਰਨ ਦੇ ਵੋਟਰਾਂ ਨੇ ਭਾਈ ਸੰਦੀਪ ਸਿੰਘ ਦੇ ਵੱਡੇ ਭਰਾਤਾ ਭਾਈ ਮਨਦੀਪ ਸਿੰਘ ਖ਼ਾਲਸਾ ਦੇ ਹੱਕ ਵਿੱਚ ਫ਼ਤਵਾ ਦੇਣ ਦਾ ਪੱਕਾ ਮਨ ਬਣਾ ਲਿਆ ਹੈ।