ਅੰਮ੍ਰਿਤਸਰ-¸ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਕਲਾ ਉਤਸਵ-2025 ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ,  ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਾਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ,  ਮੁਹਾਲੀ ਵੱਲੋਂ ਉਕਤ ਮੁਕਾਬਲੇ ਕਰਵਾਏ ਜਿਸ ’ਚ 4 ਜ਼ੋਨਾਂ ’ਚੋਂ ਜੇਤੂ ਰਹੇ ਵਿਦਿਆਰਥੀਆਂ ਦੀਆਂ ਸੋਲੋ ਗਾਇਨ,  ਸੋਲੋ ਕਲਾਸੀਕਲ ਨਾਚ,  ਗਰੁੱਪ ਨਾਚ,  ਗਰੁੱਪ ਗਾਇਨ,  ਵਾਦਨ ਕਲਾ ਸੋਲੋ,  ਵਾਦਨ ਕਲਾ ਗਰੁੱਪ,  ਕਹਾਣੀ ਸੁਣਾਉਣਾ,  ਨਾਟਕ,  2ਡੀ-3ਡੀ ਆਰਟ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ’ਚੋਂ ਗਰੁੱਪ ਨਾਚ ਮੁਕਾਬਲੇ ’ਚ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਪੰਜਾਬ ਦੇ ਲੋਕ ਨਾਚ ਲੁੱਡੀ ਨਾਲ ਮੁਕਾਬਲੇ ’ਚ ਧਮਾਲਾਂ ਪਾ ਦਿੱਤੀਆਂ।
ਉਨ੍ਹਾਂ ਕਿਹਾ ਕਿ ਰਾਜ ਪੱਧਰੀ ਕਲਾ ਉਤਸਵ ਮੁਕਾਬਲੇ ’ਚ ਸਕੂਲ ਦੀਆਂ ਵਿਦਿਆਰਥਣਾਂ ਨੇ ਗਰੁੱਪ ਨਾਚ ਦੇ ਮੁਕਾਬਲੇ ’ਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਜਿੱਤ ’ਤੇ ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਅਧਿਆਪਕ ਸ੍ਰੀਮਤੀ ਹਰਲੀਨ ਕੌਰ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।