ਚੰਡੀਗੜ੍ਹ-ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿੱਚ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਸਰਕਾਰ ਉੱਪਰ ਚੋਣ ਕਮਿਸ਼ਨ ਦੇ ਸਰਗਰਮ ਸਮਰਥਨ ਨਾਲ ਵੱਡੇ ਪੱਧਰ 'ਤੇ ਵੋਟ ਚੋਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਮੋਦੀ ਸਰਕਾਰ ਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ, ਲੋਕਤੰਤਰੀ ਸੰਸਥਾਵਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਹੇਰਾਫੇਰੀ ਲਈ ਜਵਾਬਦੇਹੀ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਕਾਂਗਰਸੀ ਆਗੂਆਂ ਨੇ ਕਿਹਾ ਕਿ ਕੱਲ੍ਹ ਇੱਕ ਵਾਰ ਫਿਰ ਤੋਂ ਸ਼੍ਰੀ ਰਾਹੁਲ ਗਾਂਧੀ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਲੋਕਾਂ ਦੀ ਇੱਛਾ ਨੂੰ ਵਿਗਾੜਨ ਲਈ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀ ਕੀਤੀ। ਉਨ੍ਹਾਂ ਕਿਹਾ ਕਿ "ਐਚ-ਫਾਈਲਾਂ" ਵਿੱਚ ਰਾਹੁਲ ਗਾਂਧੀ ਦੇ ਖੁਲਾਸਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਨੇ ਯੋਜਨਾਬੱਧ ਤਰੀਕੇ ਨਾਲ ਸਾਜ਼ਿਸ਼ ਰੱਚ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਧਾਂਦਲੀ ਕੀਤੀ ਅਤੇ ਵੋਟ ਚੋਰੀ ਕੀਤੀ।
ਰਾਹੁਲ ਗਾਂਧੀ ਨੇ "ਐੱਚ-ਫਾਈਲਾਂ" ਨੂੰ ਪੇਸ਼ ਕਰਦੇ ਹੋਏ, ਹੈਰਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ ਕਿ ਕਿਵੇਂ 25 ਲੱਖ ਤੋਂ ਵੱਧ ਜਾਅਲੀ ਵੋਟਾਂ - ਹਰਿਆਣਾ ਦੇ ਕੁੱਲ ਵੋਟਰਾਂ ਦਾ ਲਗਭਗ 12.5% - ਭਾਜਪਾ ਦੇ ਪੱਖ ਵਿੱਚ ਨਤੀਜਾ ਝੁਕਾਉਣ ਲਈ ਜੋੜੀਆਂ ਜਾਂ ਹੇਰਾਫੇਰੀ ਕੀਤੀਆਂ ਗਈਆਂ। ਉਨ੍ਹਾਂ ਨੇ ਢਕੋਲਾ ਪਿੰਡ ਦੇ ਦੋ ਪੋਲਿੰਗ ਬੂਥਾਂ 'ਤੇ ਇੱਕ ਔਰਤ ਦਾ ਨਾਮ 223 ਵਾਰ ਦਿਖਾਈ ਦੇਣ ਦੇ ਸਬੂਤ ਦਿਖਾਏ ਅਤੇ ਇੱਥੋਂ ਤੱਕ ਕਿ ਇੱਕ ਬ੍ਰਾਜ਼ੀਲੀ ਮਾਡਲ ਦੀ ਫੋਟੋ ਵੀ 10 ਬੂਥਾਂ 'ਤੇ ਵੱਖ-ਵੱਖ ਨਾਵਾਂ ਹੇਠ 22 ਵਾਰ ਵਰਤੀ ਗਈ।
ਉਨ੍ਹਾਂ ਹੋਰ ਖੁਲਾਸਾ ਕੀਤਾ ਕਿ ਕਿਵੇਂ ਚੋਣ ਕਮਿਸ਼ਨ ਨੇ ਆਪਣੇ ਡੀ-ਡੁਪਲੀਕੇਸ਼ਨ ਸੌਫਟਵੇਅਰ ਨੂੰ ਬੰਦ ਕਰ ਦਿੱਤਾ ਹੈ, ਜਿਹੜਾ ਪਹਿਲਾਂ ਜਾਅਲੀ ਅਤੇ ਸਮਾਨ ਫੋਟੋ ਵਾਲੀਆਂ ਐਂਟਰੀਆਂ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਸੀ, ਜਿਸ ਨਾਲ ਜਾਅਲੀ ਵੋਟਰ ਸੂਚੀਆਂ 'ਤੇ ਬਣੇ ਰਹਿ ਸਕਦੇ ਸਨ। ਰਾਹੁਲ ਗਾਂਧੀ ਨੇ ਇਹ ਵੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਲਗਭਗ 3.5 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਂਗਰਸ ਸਮਰਥਕ ਮੰਨੇ ਜਾਂਦੇ ਸਨ ਅਤੇ ਇਹ ਸਪੱਸ਼ਟ ਤੌਰ ਤੇ ਹੇਰਾਫੇਰੀ ਨੂੰ ਦਰਸਾਉਂਦਾ ਹੈ।
ਕਾਂਗਰਸ ਆਗੂਆਂ ਨੇ ਬਹੁਤ ਹੀ ਅਨਿਯਮਿਤ ਪੋਸਟਲ ਬੈਲਟ ਪੈਟਰਨ ਵੱਲ ਵੀ ਧਿਆਨ ਖਿੱਚਿਆ, ਜਿੱਥੇ ਕਾਂਗਰਸ ਨੂੰ 73 ਸੀਟਾਂ ਮਿਲੀਆਂ ਅਤੇ ਭਾਜਪਾ ਨੂੰ ਪੋਸਟਲ ਵੋਟਾਂ ਵਿੱਚ ਸਿਰਫ਼ 17 ਅਤੇ ਇਹ ਗਿਣਤੀ ਤੋਂ ਬਾਅਦ ਸਪੱਸ਼ਟ ਛੇੜਛਾੜ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਹ ਤੱਥ ਸਮੂਹਿਕ ਤੌਰ 'ਤੇ ਸਾਬਤ ਕਰਦੇ ਹਨ ਕਿ ਭਾਜਪਾ ਨੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਚੋਰੀ ਕੀਤੀਆਂ ਅਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਸਪੱਸ਼ਟ ਵੋਟ ਚੋਰੀ ਨਾ ਸਿਰਫ਼ ਲੋਕਤੰਤਰ 'ਤੇ ਹਮਲਾ ਹੈ, ਸਗੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਹਰੇਕ ਵੋਟਰ ਨਾਲ ਵਿਸ਼ਵਾਸਘਾਤ ਵੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਤੁਰੰਤ ਨਿਆਂਇਕ ਜਾਂਚ ਅਤੇ ਇਸ ਚੋਣ ਧੋਖਾਧੜੀ ਵਿੱਚ ਸ਼ਾਮਲ ਭਾਜਪਾ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿਚ ਕਾਂਗਰਸੀ ਵਰਕਰ ਉਦੋਂ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ, ਜਦੋਂ ਤੱਕ ਲੋਕਤੰਤਰੀ ਪ੍ਰਕਿਰਿਆ ਦੀ ਪਵਿੱਤਰਤਾ ਬਹਾਲ ਨਹੀਂ ਹੋ ਜਾਂਦੀ ਅਤੇ ਲੋਕਤੰਤਰ ਖਿਲਾਫ ਇਸ ਸਾਜ਼ਿਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ।
ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਮੁੱਖ ਆਗੂਆਂ ਵਿੱਚ ਗਗਨਦੀਪ ਸਿੰਘ ਬੌਬੀ (ਕਨਵੀਨਰ ਆਰਜੀਪੀਆਰਐਸ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ ਮੋਹਾਲੀ), ਰਣਜੀਤ ਸਿੰਘ ਜੀਤੀ ਪਡਿਆਲ, ਕਰਨਬੀਰ ਸਿੰਘ ਰੂਬੀ ਸਿੱਧੂ (ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ), ਹੈਪੀ ਖਹਿਰਾ (ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ), ਵਿਪਨ ਸ਼ਰਮਾ, ਅਮਿਤ (ਡੇਰਾਬੱਸੀ), ਗਿਆਨ ਸਿੰਘ, ਜੰਗ ਬਹਾਦਰ (ਐਸ.ਸੀ. ਡਿਪਾਰਟਮੇਂਟ ਦੇ ਸਾਬਕਾ ਚੇਅਰਮੈਨ), ਰਮਨਦੀਪ ਨਰੂਲਾ, ਜਤਿੰਦਰ ਕੁਮਾਰ (ਸਾਬਕਾ ਪ੍ਰਧਾਨ ਐਨ.ਐਸ.ਯੂ.ਆਈ.), ਸ੍ਰੀ ਅਮਨ ਢੈਪਈ ਸ਼ਾਮਿਲ ਰਹੇ।