ਨਵੀਂ ਦਿੱਲੀ - ਬਾਵਾ ਪਰਿਵਾਰ ਜੋ ਕਿ ਗੁਰੂ ਘਰਾਂ ਦੀਆਂ ਸੇਵਾਵਾਂ ਦੇ ਨਾਲ ਜੁੜਿਆ ਹੋਇਆ ਹੈ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਸਮਰਪਿਤ ਭਾਵਨਾ ਨਾਲ ਸੇਵਾ ਨਿਭਾ ਰਿਹਾ ਹੈ। ਬਾਵਾ ਗੁਰਿੰਦਰ ਸਿੰਘ ਦੇ ਬੇਟੇ ਵਿਕਰਮ ਵੀਰ ਸਿੰਘ ਬਾਵਾ ਨੇ ਸਿੱਖੀ ਸਰੂਪ 'ਚ ਰਹਿੰਦਿਆ ਗਰੀਸ ਵਿੱਚ ਆਇਰਨ ਮੈਨ ਦਾ ਖਿਤਾਬ ਹਾਸਲ ਕੀਤਾ ਹੈ। ਇਹ ਖਿਤਾਬ ਵਿਕਰਮ ਵੀਰ ਸਿੰਘ ਬਾਵਾ ਨੇ ਜਦ ਹਾਸਿਲ ਕੀਤਾ ਤਾਂ ਉਸ ਸਮੇਂ ਜੈਕਾਰਿਆਂ ਦੀ ਗੂੰਜ ਨਾਲ ਉਸ ਸਮੇਂ ਦਾ ਮਾਹੌਲ ਦੇਖਣ ਯੋਗ ਸੀ। ਗਰੀਸ ਵਿੱਚ ਹੋਏ ਇਸ ਮੁਕਾਬਲੇ ਦਰਮਿਆਨ ਆਈਰਨ ਮੈਨ ਦਾ ਖਿਤਾਬ ਹਾਸਲ ਕਰਕੇ ਬਾਵਾ ਵਿਕਰਮ ਵੀਰ ਸਿੰਘ ਨੇ ਨੌਜੁਵਾਨਾਂ ਨੂੰ ਸਿੱਖੀ ਸਰੂਪ ਕਾਇਮ ਰੱਖਦਿਆ ਹਰੇਕ ਮੁਕਾਮ ਨੂੰ ਹਾਸਲ ਕਰਨ ਦਾ ਸੁਨੇਹਾ ਦਿੱਤਾ ਹੈ। ਬਾਬਾ ਵਿਕਰਮ ਵੀਰ ਸਿੰਘ ਨੇ ਗਰੀਸ ਵਿਚ ਆਇਰਨ ਮੈਨ ਦਾ ਖਿਤਾਬ ਹਾਸਲ ਕਰਦਿਆਂ ਆਪਣੇ ਖਾਤੇ ਵਿੱਚ ਹੁਣ ਤੱਕ ਤਿੰਨ ਖਿਤਾਬ ਹਾਸਲ ਕਰ ਲਏ ਹਨ। ਬਾਵਾ ਨੇ 2017 ਨੂੰ ਟਰਕੀ ਅਤੇ 2023 ਨੂੰ ਗੋਆ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਆਇਰਨ ਮੈਨ ਦਾ ਖਿਤਾਬ ਹਾਸਲ ਕੀਤਾ ਸੀ। ਮੁੰਬਈ ਦੇ ਆਇਰਨ ਮੈਨ ਵਜੋਂ ਜਾਣੇ ਜਾਂਦੇ ਹੋਟਲ ਕਾਰੋਬਾਰੀ ਲਗਾਤਾਰ ਵੱਖ-ਵੱਖ ਖੇਡਾਂ ਵਿੱਚ ਵੀ ਭਾਗ ਲੈਂਦੇ ਰਹੇ ਹਨ ਅਤੇ ਇਹ ਸੁਨੇਹਾ ਦਿੰਦੇ ਰਹੇ ਹਨ ਕਿ ਸਿੱਖੀ ਸਰੂਪ ਵਿੱਚ ਰਹਿ ਕੇ ਹਰ ਖਿਤਾਬ ਨੂੰ ਹਾਸਲ ਕੀਤਾ ਜਾ ਰਿਹਾ ਸਕਦਾ ਹੈ ਅਤੇ ਆਪਣਾ ਕਾਰੋਬਾਰ ਵੀ ਕੀਤਾ ਜਾ ਸਕਦਾ ਹੈ। ਲਗਾਤਾਰ ਸਫਲ ਕਾਰੋਬਾਰ ਦੇ ਨਾਲ ਸਫਲ ਐਥਲੀਟ ਵਜੋਂ ਵੀ ਆਪਣੇ ਆਪ ਨੂੰ ਵਿਕਰਮ ਵੀਰ ਸਿੰਘ ਬਾਵਾ ਨੇ ਉਭਾਰਿਆ ਹੈ। ਬਾਵਾ ਵਿਕਰਮ ਵੀਰ ਸਿੰਘ ਸ੍ਰੀ ਗੁਰੂ ਅੰਗਦ ਦੇਵ ਜੀ ਦੀ 16ਵੇੰ ਵੰਸ਼ਜ਼ ਹਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਬਾਵਾ ਦਾਸੂ ਜੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪਹਿਲੇ ਮੁਖੀ ਜਥੇਦਾਰ ਬਾਬਾ ਬਿਨੋਦ ਸਿੰਘ ਜੀ ਅਤੇ 15ਵੀਂ ਪੀੜੀ ਬਾਵਾ ਗੁਰਿੰਦਰ ਸਿੰਘ ਜੋ ਸਾਰੇ ਸਿੱਖ ਜਗਤ ਵਿੱਚ ਇੱਕ ਸਤਿਕਾਰਤ ਸ਼ਖਸ਼ੀਅਤ ਹਨ ਵਿਕਰਮ ਵੀਰ ਸਿੰਘ ਬਾਬਾ ਦੇ ਪਿਤਾ ਹਨ ਜੋ ਲਗਾਤਾਰ ਗੁਰੂ ਘਰਾਂ ਦੀਆਂ ਸੇਵਾਵਾਂ ਦੇ ਨਾਲ ਨਾਲ ਸਿੱਖ ਸੰਸਥਾਵਾਂ ਵਿਚ ਮੈੰਬਰ ਰਹਿ ਕੇ ਸੇਵਾ ਨਿਭਾ ਰਹੇ ਹਨ। ਵਿਕਰਮ ਵੀਰ ਸਿੰਘ ਬਾਵਾ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਪੂਰਾ ਕਰਨ ਲਈ 1.9 ਕਿਲੋਮੀਟਰ ਸਵਿਮਿੰਗ, 80 ਕਿਲੋਮੀਟਰ ਸਾਈਕਲਿੰਗ ਅਤੇ 21 ਕਿਲੋਮੀਟਰ ਦੌੜ ਦੇ ਮੁਕਾਬਲਿਆਂ ਨੂੰ ਇੱਕ ਹੀ ਦਿਨ ਵਿਚ ਬਿਨਾਂ ਰੁਕੇ ਪੂਰਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਨੌਜੁਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਿੱਖੀ ਸਰੂਪ ਵਿੱਚ ਰਹਿੰਦਿਆਂ ਜਿੱਥੇ ਆਪਾਂ ਵੱਡੇ ਕਾਰੋਬਾਰ ਕਰ ਸਕਦੇ ਹਾਂ, ਉੱਥੇ ਹੀ ਦੁਨੀਆ ਵਿੱਚ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੀ ਭਾਗ ਲੈ ਸਕਦੇ ਹਨ। ਸਿੱਖੀ ਸਰੂਪ ਵਿੱਚ ਰਹਿੰਦਿਆਂ ਹਰੇਕ ਤਰ੍ਹਾਂ ਦੀਆਂ ਖੇਡਾਂ ਵੀ ਖੇਡੀਆਂ ਜਾ ਸਕਦੀਆਂ ਹਨ। ਜਿਸ ਦੀ ਉਦਾਹਰਨ ਉਨ੍ਹਾਂ ਨੇ ਨੌਜੁਵਾਨਾਂ ਅੱਗੇ ਆਇਰਨ ਮੈਨ ਦੇ ਖਿਤਾਬ ਨੂੰ ਹਾਸਲ ਕਰਦਿਆ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੌਜੁਵਾਨਾਂ ਨੂੰ ਕਿਹਾ ਕਿ ਆਪਣੇ ਕਾਰੋਬਾਰ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਤੀਤ ਕਰਦਿਆ ਸਿਹਤ ਦਾ ਵੀ ਪੂਰਾ ਧਿਆਨ ਰੱਖੋ। ਸਿਹਤ ਲਈ ਜਿੱਥੇ ਸਾਫ ਸੁਥਰਾ ਤੇ ਪੋਸਟਿਕ ਖਾਣਾ ਜਰੂਰੀ ਹੈ ਉਥੇ ਹੀ ਸਿਹਤ ਸੰਭਾਲ ਦੇ ਲਈ ਐਕਸਰਸਾਈਜ਼ ਵੀ ਜਰੂਰੀ ਹੈ। ਉਹਨਾਂ ਨੌਜੁਵਾਨ ਪੀੜੀ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਬਾਵਾ ਨੇ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਕਰੋ, ਨਾਮ ਜਪੋ ਅਤੇ ਆਪਣੇ ਮਾਪਿਆਂ ਦੀ ਸੇਵਾ ਕਰੋ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਤੋਟ ਨਹੀਂ ਆਵੇਗੀ ।