ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਰੋਡ ਵਿਖੇ ਅੱਜ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2024’ ਪ੍ਰੋਗਰਾਮ ਕਰਵਾਇਆ ਗਿਆ। ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਵਿੱਦਿਅਕ ਅਦਾਰਿਆਂ ’ਚ ਸ਼ਾਨਦਾਰ ਭੂਮਿਕਾਵਾਂ ਨਿਭਾਉਣ ਵਾਲੇ ਅਧਿਆਪਕਾਂ ਦੀ ਹੌਂਸਲਾ ਅਫਜਾਈ ਲਈ ਜਾਰੀ ਨਿਰਦੇਸ਼ਾਂ ਤਹਿਤ ਉਲੀਕਿਆ ਉਕਤ ਪ੍ਰੋਗਰਾਮ ਖ਼ਾਲਸਾ ਗਲੋਬਲ ਰੀਚ ਫਾਊਡੇਸ਼ਨ (ਯੂ. ਐਸ) ਦੇ ਸਹਿਯੋਗ ਸਦਕਾ ਆਯੋਜਿਤ ਕੀਤਾ ਗਿਆ।
ਉਕਤ ਐਵਾਰਡ ਪ੍ਰੋਗਰਾਮ ਲਈ ਪੰਜਾਬ ਭਰ ਤੋਂ 40 ਦੇ ਕਰੀਬ ਅਧਿਆਪਕਾਂ ਨੇ ਬਿਨੈ-ਪੱਤਰ ਭੇਜੇ ਸਨ ਜਿੰਨ੍ਹਾਂ ’ਚ 10 ਅਧਿਆਪਕਾਂ ਨੂੰ ਚੁਣ ਕੇ ਇਸ ਸਬੰਧੀ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਸ: ਨਰਿੰਦਰ ਸਿੰਘ ਨੂੰ ’ਉੱਤਮ ਅਧਿਆਪਕ’ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ ਜਿਸ ’ਚ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਜਦਕਿ ਡਾ. ਹਰਿਭਜਨ ਪ੍ਰਿਯਦਰਸ਼ੀ ਨੂੰ 25000/- ਰੁਪਏ ਅਤੇ ਸ੍ਰੀਮਤੀ ਰੁਪਿੰਦਰਜੀਤ ਕੌਰ ਨੂੰ 15000/- ਰੁਪਏ ਦੀ ਇਨਾਮ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜ਼ਿਆ ਗਿਆ।
ਇਸ ਪ੍ਰੋਗਰਾਮ ਦੀ ਸ਼ਰੂਆਤ ਦੌਰਾਨ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਮੁੱਖ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਸਵਾਗਤ ਕੀਤਾ। ਉਪਰੰਤ ਡਾ. ਕੁਮਾਰ ਅਜੋਕੇ ਤਕਨੀਕੀ ਯੁੱਗ ’ਚ ਅਧਿਆਪਕਾਂ ਦੀ ਵੱਧ ਰਹੀ ਜਿੰਮੇਵਾਰੀ ਅਤੇ ਭੂਮਿਕਾ ਬਾਰੇ ਚਰਚਾ ਕਰਦਿਆਂ ਸਮੂੰਹ ਅਧਿਆਪਕਾਂ ਨੂੰ ਉਕਤ ਐਵਾਰਡ ਲਈ ਨਾਮਜ਼ਦ ਹੋਣ ’ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਰੀਚ ਫਾਊਡੇਸ਼ਨ ਦੇ ਪ੍ਰਧਾਨ ਡਾ. ਬਖਸ਼ੀਸ਼ ਸਿੰਘ ਸੰਧੂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹੁੰਦੇ ਹਨ ਅਤੇ ਗੁਰੁ ਦਾ ਦਰਜਾ ਵੱਖ-ਵੱਖ ਯੋਗਾ ਤੋਂ ਹੁਣ ਤੱਕ ਉਚਤਮ ਰਿਹਾ ਹੈ ਅਤੇ ਅਧਿਆਪਕ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਦਰਜੇ ਦੀ ਮਰਿਆਦਾ ਨੂੰ ਸਮਝਦੇ ਹੋਏ ਆਪਣੇ ਫ਼ਰਜ ਪੂਰੇ ਕਰੇ।
ਇਸ ਮੌਕੇ ’ਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਹੀ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਨਵੀਂ ਰਾਹ ਦਿਖਾਉਂਦੇ ਹਨ ਅਤੇ ਅੱਜ ਇੱਥੇ ਪਹੁੰਚੇ ਹੋਏ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਵਿਲੱਖਣ ਯਤਨ ਸ਼ਲਾਘਾਯੋਗ ਹਨ।
ਇਸ ਮੌਕੇ ਰੀਚ ਫਾਊਡੇਸ਼ਨ ਦੇ ਕੋ-ਆਰਡੀਨੇਟਰ ਸ: ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪ੍ਰੋਗਰਾਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਜੰਡਿਆਲੀ, ਲੁਧਿਆਣਾ ਦੇ ਹੈੱਡ ਟੀਚਰ ਸ: ਨਰਿੰਦਰ ਸਿੰਘ ਨੂੰ ਉੱਤਮ ਅਧਿਆਪਕ ਐਵਾਰਡ ਨਾਲ ਨਿਵਾਜ਼ਿਆ ਗਿਆ ਜਿਸ ’ਚ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲੋਟ ਤੋਂ ਹਿੰਦੀ ਲੈਕਚਰਾਰ ਡਾ. ਹਰਿਭਜਨ ਪ੍ਰਿਯਦਰਸ਼ੀ ਨੂੰ 25000/- ਰੁਪਏ ਅਤੇ ਸਰਕਾਰੀ ਹਾਈ ਸਕੂਲ, ਸਾਫੂਵਾਲਾ, ਮੋਗਾ ਤੋਂ ਸਾਇੰਸ ਮਿਸਟੈਰਸ ਸ੍ਰੀਮਤੀ ਰੁਪਿੰਦਰਜੀਤ ਕੌਰ ਨੂੰ 15000/- ਰੁਪਏ ਦੀ ਇਨਾਮ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜ਼ਿਆ ਗਿਆ।
ਉਨ੍ਹਾਂ ਕਿਹਾ ਕਿ ਇਸ ਦੌਰਾਨ ’ਚ ਸਰਕਾਰੀ ਪ੍ਰਾਇਮਰੀ ਸਕੂਲ, ਭੰਡਾਲ ਦੋਨਾ ਤੋਂ ਈ. ਟੀ. ਟੀ. ਟੀਚਰ ਸ੍ਰੀਮਤੀ ਮੁਨੱਜ਼ਾ ਇਰਸ਼ਾਦ ਨੂੰ ਪੰਜਾਬੀ ਭਾਸ਼ਾ ਦੇ ਪਾਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਪੰਜਾਬੀ ਭਾਸ਼ਾ ਰਤਨ ਪੁਰਸਕਾਰ ਨਾਲ ਨਿਵਾਜ਼ਿਆ ਗਿਆ, ਜਿਸ ਤਹਿਤ ਪ੍ਰਸ਼ੰਸਾ ਪੱਤਰ ਅਤੇ 25000/- ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਡਾ. ਸਰਬਜੀਤ ਸਿੰਘ ਨੇ ਕਿਹਾ ਡਾ. ਗਗਨਦੀਪ ਕੌਰ, ਸ੍ਰੀਮਤੀ ਪਲਵਿੰਦਰ ਕੌਰ, ਸ: ਅਮਨਪ੍ਰੀਤ ਸਿੰਘ, ਸ੍ਰੀਮਤੀ ਚੀਨੂ ਅਗਰਵਾਲ, ਸ੍ਰੀਮਤੀ ਹਰਪ੍ਰੀਤ ਕੌਰ, ਡਾ. ਪੂਨਮ ਗੁਪਤਾ, ਸ੍ਰੀਮਤੀ ਗੁਤਿੰਦਰ ਕੌਰ, ਸ: ਗੁਰਪ੍ਰੀਤ ਸਿੰਘ ਅਤੇ ਸ੍ਰੀਮਤੀ ਦਲਜੀਤ ਕੌਰ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਇਸ ਮੌਕੇ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਰਪ੍ਰੀਤ ਸਿੰਘ ਗਿੱਲ, ’ਵਰਸਿਟੀ ਦੇ ਐਗਜੇਮੀਨੇਸ਼ਨ ਕੰਟਰੋਲਰ, ਡੀਨ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ, ਫਾਊਂਡੇਸ਼ਨ ਦੇ ਮੈਂਬਰ ਸ੍ਰੀਮਤੀ ਨਿਰਲੇਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਨਿਰਮਲਜੀਤ ਕੌਰ, ਕੋ-ਆਰਡੀਨੇਟਰ, ਐਸੋਸੀਏਟ ਪ੍ਰੋਫੈਸਰ ਡਾ. ਗੁਰਜੀਤ ਕੌਰ, ਡਾ. ਰਾਜਵਿੰਦਰ ਕੌਰ, ਡਾ. ਹਰਸਿਮਰਨਜੀਤ ਕੌਰ, ਡਾ. ਅਵਨੀਤ ਕੌਰ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।