ਨਵੀਂ ਦਿੱਲੀ-ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਬਖ਼ਸ਼ੀ ਪਰਿਵਾਰ ਵੱਲੋਂ ਮਰਹੂਮ ਬਖ਼ਸ਼ੀ ਪਰਮਜੀਤ ਸਿੰਘ ਦੀ ਯਾਦ ਵਿੱਚ ਕਰੋਲ ਬਾਗ, ਦਿੱਲੀ ਵਿੱਚ ਦੋ ਦਿਨੀ ਕੇਂਦਰੀ ਦਿੱਲੀ ਖੋ-ਖੋ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸੈਂਟ੍ਰਲ ਜ਼ੋਨ ਦੇ ਲਗਭਗ ਸਾਰੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਵਿਜੇਤਾ ਟੀਮਾਂ ਨੂੰ ਬਖ਼ਸ਼ੀ ਪਰਿਵਾਰ ਦੇ ਨੇੜਲੇ ਮੰਜੀਤ ਸਿੰਘ ਜੀ ਕੇ, ਮਨਦੀਪ ਕੌਰ ਬਖ਼ਸ਼ੀ, ਅਮਨਜੀਤ ਸਿੰਘ ਬਖ਼ਸ਼ੀ, ਗੁੰਜੀਤ ਸਿੰਘ ਬਖ਼ਸ਼ੀ, ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਪ੍ਰੋਫੈਸਰ ਹਰਮਿੰਦਰ ਸਿੰਘ ਅਤੇ ਬਖ਼ਸ਼ੀ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲਾ ਬਖ਼ਸ਼ੀ ਪਰਮਜੀਤ ਸਿੰਘ ਦੀ ਯਾਦ ਵਿੱਚ ਕੀਤਾ ਗਿਆ, ਜਿਨ੍ਹਾਂ ਦੀ ਬਰਸੀ 18 ਦਸੰਬਰ ਨੂੰ ਆ ਰਹੀ ਹੈ। ਪਰਿਵਾਰ ਵੱਲੋਂ ਹਰ ਸਾਲ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮਾਜ ਅਤੇ ਕੌਮ ਲਈ ਕੁਝ ਵੱਖਰਾ ਕੀਤਾ ਜਾਵੇ ਕਿਉਂਕਿ ਬਖ਼ਸ਼ੀ ਜਗਦੇਵ ਸਿੰਘ ਅਤੇ ਬਖ਼ਸ਼ੀ ਪਰਮਜੀਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਕ, ਧਾਰਮਿਕ ਅਤੇ ਰਾਜਨੀਤਿਕ ਕਾਰਜਾਂ ਵਿੱਚ ਬਿਤਾਈ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਨੌਜਵਾਨ ਵਰਗ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ। ਬਖ਼ਸ਼ੀ ਪਰਿਵਾਰ ਵੱਲੋਂ ਇਹ ਮੁਕਾਬਲਾ ਨਵ ਹਿੰਦ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ। ਮਨਦੀਪ ਕੌਰ ਬਖ਼ਸ਼ੀ ਖੁਦ ਇਸੇ ਸਕੂਲ ਦੀ ਵਿਦਿਆਰਥਣ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ — ਇਸ ਨਾਲ ਸਰੀਰ ਤੰਦਰੁਸਤ ਤੇ ਨਿਰੋਗ ਰਹਿੰਦਾ ਹੈ ਅਤੇ ਹੁਣ ਬੱਚੇ ਖੇਡਾਂ ਵਿੱਚ ਆਪਣਾ ਕਰੀਅਰ ਵੀ ਚੁਣ ਸਕਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਣ ਖੋ-ਖੋ ਵਰਗੀਆਂ ਖੇਡਾਂ ਦੇ ਖਿਡਾਰੀਆਂ ਲਈ ਵਿਸ਼ੇਸ਼ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਨਾਲ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਲਗਾਤਾਰ ਵੱਧ ਰਹੀ ਹੈ।