ਸੰਸਾਰ

ਸਨਸੈਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਗੁਰੂ ਨਾਨਕ ਦੇ ਜੀਵਨ ਅਤੇ ਫ਼ਲਸਫੇ ‘ਤੇ ਸੈਮੀਨਾਰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | November 11, 2025 07:20 PM

ਵੈਨਕੂਵਰ-ਸਨਸੈਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ‘ਤੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫੇ ‘ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ, ਡਾ. ਕਾਲਾ ਸਿੰਘ ਅਤੇ ਹੋਰ ਵਿਦਵਾਨਾਂ ਨੇ ਕੀਤੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੀ ਸ਼ੁਰੂਆਤ ਸੋਸਾਇਟੀ ਦੇ ਸਕੱਤਰ ਸੁਰਜੀਤ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜੀਵਨ ਮਨੁੱਖਤਾ, ਸੱਚਾਈ ਅਤੇ ਨਿਰਭਉ ਜੀਵਨ ਜੀਉਣ ਦਾ ਪ੍ਰਤੀਕ ਹੈ।

ਸਮਾਗਮ ਦੇ ਮੁੱਖ ਬੁਲਾਰੇ ਗਿਆਨੀ ਹਰਪ੍ਰੀਤ ਸਿੰਘ, ਜੋ ਇਸ ਵੇਲੇ ਗੁਰਦੁਆਰਾ ਚੀਫ਼ ਖਾਲਸਾ ਦੀਵਾਨ ਵੈਨਕੂਵਰ ਵਿਖੇ ਕਥਾਵਾਚਕ ਦੀ ਸੇਵਾ ਨਿਭਾ ਰਹੇ ਹਨ, ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਪਹਿਲੀ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੀ ਸਹੀ ਤਾਰੀਖ ‘ਤੇ ਨਹੀਂ ਮਨਾ ਰਹੇ। ਉਨ੍ਹਾਂ ਨੇ ਕਿਹਾ ਕਿ ਭਾਈ ਬਾਲੇ ਵਾਲੀ ਸਾਖੀ ਤੋਂ ਇਲਾਵਾ ਸਾਰੇ ਪੁਰਾਤਨ ਇਤਿਹਾਸਕ ਹਵਾਲਿਆਂ ਵਿੱਚ ਅਤੇ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ‘ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ 15 ਅਪ੍ਰੈਲ 1469 ਦਰਜ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਹੋਰ ਸਹੀ ਜਾਣਕਾਰੀ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ‘ਕੱਤਕ ਕਿ ਵਿਸਾਖ’ ਵਿਚ ਵੀ ਉਪਲਬਧ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਦੀਆਂ ਉਦਾਸੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸਾਖੀਆਂ ਜਿਨ੍ਹਾਂ ਵਿੱਚ ਦਰਸਾਇਆ ਜਾਂਦਾ ਹੈ ਕਿ ਬਾਬਾ ਨਾਨਕ ਅੱਖਾਂ ਮੀਚ ਕੇ ਪਲਕ ਝਪਕਣ ਵਿੱਚ ਹੀ ਦੇਸ਼-ਪ੍ਰਦੇਸ਼ ਪਹੁੰਚ ਜਾਂਦੇ ਸਨ, ਪੂਰੀ ਤਰ੍ਹਾਂ ਕਾਲਪਨਿਕ ਤੇ ਝੂਠੀਆਂ ਹਨ। ਇਹ ਸਾਖੀਆਂ ਗੁਰੂ ਨਾਨਕ ਸਾਹਿਬ ਨੂੰ ਕਰਾਮਾਤੀ ਸ਼ਖ਼ਸੀਅਤ ਵਜੋਂ ਪੇਸ਼ ਕਰਦੀਆਂ ਹਨ, ਜੋ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਠੀਕ ਨਹੀਂ।

ਉਨ੍ਹਾਂ ਨੇ ਕਿਹਾ ਕਿ ਮੱਖਣ ਸ਼ਾਹ ਲੁਬਾਣਾ ਅਤੇ ਲੱਖੀ ਸ਼ਾਹ ਵਣਜਾਰਾ ਦਾ ਪਰਿਵਾਰ ਇੱਕ ਵੱਡਾ ਧਨਾਡ ਤੇ ਵਪਾਰੀ ਪਰਿਵਾਰ ਸੀ। ਇਹਨਾਂ ਦਾ ਵਪਾਰ ਮੱਧ ਪੂਰਬ, ਏਸ਼ੀਆ, ਓਟੋਮਨ ਸਾਮਰਾਜ, ਯੂਰਪ ਅਤੇ ਰੂਸ ਤੱਕ ਚਲਦਾ ਸੀ। ਇਹ ਗਨ ਪਾਊਡਰ (ਬਰੂਦ), ਮਸਾਲੇ ਅਤੇ ਹੋਰ ਭਾਰਤੀ ਵਸਤਾਂ ਦਾ ਵਪਾਰ ਕਰਦੇ ਸਨ। ਇਹ ਕਾਫਲੇ ਘੋੜਿਆਂ ਅਤੇ ਬੈਲ ਗੱਡੀਆਂ ਰਾਹੀਂ ਵਸਤਾਂ ਦੀ ਢੁਆਈ ਕਰਦੇ ਸਨ ਅਤੇ ਜਿੱਥੇ ਕਾਫਲੇ ਵਿਸਰਾਮ ਲਈ ਠਹਿਰਦੇ ਸਨ, ਉਨ੍ਹਾਂ ਥਾਵਾਂ ਨੂੰ ਟਾਂਡੇ ਕਿਹਾ ਜਾਂਦਾ ਸੀ। ਅੱਜ ਵੀ ਦਰਜਨਾਂ ਪਿੰਡ ਅਜਿਹੇ ਟਾਂਡਿਆਂ ਦੇ ਨਾਂ ‘ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਉਹਨਾਂ ਵਣਜਾਰਿਆਂ ਦੇ ਕਾਫਲਿਆਂ ਨਾਲ ਹੀ ਕੀਤੀਆਂ ਸਨ। ਓਟੋਮਨ ਸਾਮਰਾਜ ਦਾ ਧਾਰਮਿਕ ਗੁਰੂ ਫਕੀਰ ਜਲਾਲੂਦੀਨ ਗੁਰੂ ਨਾਨਕ ਸਾਹਿਬ ਦਾ ਮੁਰੀਦ ਸੀ ਅਤੇ ਉਹ ਭਾਰਤ ਆ ਕੇ ਪਿੰਡ ਸੰਦੋਹੇ ਵਿੱਚ ਵੱਸ ਗਿਆ ਸੀ।

ਸੋਸਾਇਟੀ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਬ੍ਰਹਿਮੰਡ ਅਤੇ ਮਨੁੱਖੀ ਉਤਪਤੀ ਬਾਰੇ ਜੋ ਵਿਚਾਰ ਦਿੱਤੇ, ਉਹ ਪੱਛਮ ਦੇ ਵਿਗਿਆਨਕਾਂ ਬਰੂਨੋ, ਗੈਲੀਲੀਓ ਅਤੇ ਡਾਰਵਿਨ ਨੇ ਖੋਜ ਸਿਧਾਂਤਾਂ ਵਿਚ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਸੋਚ ਸਮੇਂ ਤੋਂ ਅੱਗੇ ਦੀ ਸੋਚ ਸੀ, ਜਿਸ ਨੇ ਮਨੁੱਖੀ ਜੀਵਨ ਦਾ ਵਿਗਿਆਨਕ ਤੇ ਅਧਿਆਤਮਿਕ ਮਿਲਾਪ ਪੇਸ਼ ਕੀਤਾ।

ਮਨੋਵਿਗਿਆਨੀ ਅਤੇ ਗੁਰਬਾਣੀ ਦੇ ਗੰਭੀਰ ਵਿਦਵਾਨ ਡਾ. ਕਾਲਾ ਸਿੰਘ ਨੇ ਦੱਸਿਆ ਕਿ ਗੁਰਬਾਣੀ ਮਨੁੱਖੀ ਮਨ ਦੇ ਰੋਗਾਂ ਤੋਂ ਛੁਟਕਾਰਾ ਦਿਵਾਉਣ ਦੀ ਸਭ ਤੋਂ ਪ੍ਰਭਾਵਸ਼ਾਲੀ ਔਸ਼ਧੀ ਹੈ। ਉਹਨਾਂ ਕਿਹਾ ਕਿ ਮਨੁੱਖ ਜਦ ਗੁਰਬਾਣੀ ਅਨੁਸਾਰ ਜਿਉਣਾ ਸ਼ੁਰੂ ਕਰਦਾ ਹੈ, ਤਦ ਉਸ ਦਾ ਮਨ ਨਕਾਰਾਤਮਕ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਦਾ ਹੈ। ਗੁਰਚਰਨ ਸਿੰਘ ਵੜੈਚ, ਕੁਲਦੀਪ ਧਾਲੀਵਾਲ, ਗੁਰਨਾਮ ਸਿੰਘ ਖੰਗੂੜਾ, ਗੁਰਮੀਤ ਸਿੰਘ ਬਰਮੀ, ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਜਗਪਾਲ, ਸੁਰਜੀਤ ਸਿੰਘ ਭੱਟੀ ਤੇ ਹਰਦਿਆਲ ਸਿੰਘ ਕੰਗ ਆਦਿ ਬੁਲਾਰਿਆਂ ਨੇ ਆਪਣੀਆਂ ਕਵਿਤਾਵਾਂ ਤੇ ਰਚਨਾਵਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਸਿਫ਼ਤ-ਸਲਾਹ ਕੀਤੀ।

ਅੰਤ ਵਿੱਚ ਸੋਸਾਇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਆਏ ਸਾਰੇ ਵਿਦਵਾਨਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮਾਨਵਵਾਦੀ ਹੈ ਜੋ ਸਮੁੱਚੀ ਮਨੁੱਖਤਾ ਦਾ ਕਲਿਆਣ ਕਰਦੀ ਹੈ। ਜਦੋਂ ਹਾਕਮ ਆਮ ਲੋਕਾਂ ‘ਤੇ ਜ਼ੁਲਮ ਕਰ ਰਹੇ ਸਨ, ਧਾਰਮਿਕ ਰਸਮਾਂ ਵਿੱਚ ਅੰਧਵਿਸ਼ਵਾਸ ਤੇ ਜਾਤ-ਪਾਤ ਦਾ ਬੋਲਬਾਲਾ ਸੀ, ਔਰਤਾਂ ਨਾਲ ਤ੍ਰਿਸਕਾਰ ਦਾ ਵਰਤਾਓ ਕੀਤਾ ਜਾਂਦਾ ਸੀ — ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਸੱਚ, ਇਨਸਾਫ਼ ਅਤੇ ਬਰਾਬਰੀ ਦੀ ਅਵਾਜ਼ ਬੁਲੰਦ ਕੀਤੀ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਇੱਕ ਮਹਾਨ ਸਮਾਜ ਸੁਧਾਰਕ, ਸਮਾਜਵਾਦੀ ਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਸਨ। ਉਹਨਾਂ ਨੇ ਕਿਰਤ ਨੂੰ ਧਰਮ ਅਤੇ ਸਮਾਜ ਦਾ ਆਧਾਰ” ਬਣਾਇਆ ਅਤੇ ਆਮ ਮਨੁੱਖ ਨੂੰ ਸੱਚੀ ਕਿਰਤ ਤੇ ਇਮਾਨਦਾਰੀ ਨਾਲ ਜਿਉਣ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਅਤੇ ਮਰਦਾਨਾ ਜਿਹੇ ਕਰਮਠ ਲੋਕਾਂ ਰਾਹੀਂ ਸ਼ੋਸ਼ਣਕਾਰੀ ਤਾਕਤਾਂ ਦਾ ਸਖ਼ਤ ਵਿਰੋਧ ਕੀਤਾ। ਅੱਜ ਦੇ ਸਮੇਂ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ — ਸੱਚ, ਕਿਰਤ ਅਤੇ ਬਰਾਬਰੀ — ਸਮਾਜ ਦੇ ਹਰੇਕ ਤਬਕੇ ਲਈ ਰਾਹਦਾਰੀ ਹੈ। ਜੋ ਮਨੁੱਖ ਹੱਕ, ਸੱਚ ਅਤੇ ਨਿਆਂ ਲਈ ਖੜ੍ਹਾ ਹੁੰਦਾ ਹੈ, ਉਹੀ ਅਸਲ ਅਰਥਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਾਉਣ ਦਾ ਹੱਕਦਾਰ ਹੈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੈਮੀਨਾਰ ਵਿਚ ਸ਼ਾਮਲ ਹੋਏ ਦਾਨੀ ਪੁਰਸ਼ ਬਲਜੀਤ ਸਿੰਘ ਢਿੱਲੋਂ, ਜਿਨ੍ਹਾਂ ਨੇ ਆਪਣੀ ਪੰਜ ਮਿਲੀਅਨ ਤੋਂ ਵੱਧ ਦੀ ਜਾਇਦਾਦ ਕੈਂਸਰ ਸੋਸਾਇਟੀ ਅਤੇ ਬੱਚਿਆਂ ਦੇ ਹਸਪਤਾਲ ਨੂੰ ਵਸੀਅਤ ਰਾਹੀਂ ਦਾਨ ਕੀਤੀ ਹੈ, ਨੇ ਵੀ ਹਾਜ਼ਰੀ ਭਰੀ। ਸੋਸਾਇਟੀ ਵੱਲੋਂ ਬਲਜੀਤ ਸਿੰਘ ਢਿੱਲੋਂ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Have something to say? Post your comment

 
 
 

ਸੰਸਾਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰੱਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

ਕੈਨੇਡਾ ਵਿਚ ਰਹਿ ਰਹੇ ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ ਦੀ ਹਮਾਇਤ

ਕਸ਼ਮੀਰ ਕੌਰ ਜੌਹਲ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 50,000 ਡਾਲਰਦੀ ਸਹਾਇਤਾ ਦਿੱਤੀ

ਗੁਰੂ ਨਾਨਕ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ

ਅਫਗਾਨੀ ਸਿੱਖਾਂ ਵੱਲੋਂ ਆਸਟਰੀਆ ਦੇ ਸ਼ਹਿਰ ਵਿਆਨਾਂ ਵਿੱਚ ਧੂਮਧਾਮ ਨਾਲ ਮਨਾਇਆ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ

ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਤਕ ਹੋਣ ਜਰੂਰ ਆਉਣ ਕੀਤੀ ਅਪੀਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ

ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ - ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ

ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਐਮਐਲਏ ਸੁਨੀਤਾ ਧੀਰ ਨੇ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

ਸੁਰਿੰਦਰ ਸੰਘਾ ਦੀ ਪੁਸਤਕ ‘ਇੰਡੋ–ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਦਾ ਲੋਕ ਅਰਪਣ ਸਮਾਗਮ