ਚੰਡੀਗੜ੍ਹ- ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਏਗੀ। ਸਾਲ ਭਰ ਚੱਲਣ ਵਾਲੇ ਇਹ ਸਮਾਗਮ ਸੰਤਾਂ, ਮਹਾਂਪੁਰਸ਼ਾਂ ਤੇ ਧਾਰਮਿਕ ਸੰਪਰਦਾਵਾਂ ਦੀ ਅਗਵਾਈ ਵਿੱਚ ਹੋਣਗੇ। ਇਨ੍ਹਾਂ ਸਮਾਗਮਾਂ ਦਾ ਆਰੰਭ 4 ਫਰਵਰੀ, 2026 ਨੂੰ ਖੁਰਾਲਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋਵੇਗਾ ਅਤੇ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਫਰਵਰੀ 2027 ਵਿੱਚ ਹੋਵੇਗੀ। ਨਵੰਬਰ 2026 ਵਿੱਚ ਖੁਰਾਲਗੜ ਸਾਹਿਬ ਵਿਖੇ ਕਥਾ ਕੀਰਤਨ ਦਰਬਾਰ ਅਤੇ ਬੇਗਮਪੁਰਾ ਸਮਾਗਮ ਹੋਵੇਗਾ, ਜਿਸ ਵਿੱਚ ਧਾਰਮਿਕ ਤੇ ਹੋਰ ਸਖਸ਼ੀਅਤਾਂ ਵੀ ਸ਼ਮੂਲੀਅਤ ਕਰਨਗੀਆਂ।
ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਹੋਈ ਕਮੇਟੀ ਦੀ ਪਲੇਠੀ ਮੀਟਿੰਗ ਵਿੱਚ ਮੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਤਰੁਨਪ੍ਰੀਤ ਸਿੰਘ ਸੌਂਦ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ, ਸਕੱਤਰ ਟੂਰਿਜ਼ਮ ਕੁਮਾਰ ਅਮਿਤ, ਡਾਇਰਕਟਰ ਟੂਰਿਜ਼ਮ ਡਾ. ਸੰਜੀਵ ਤਿਵਾੜੀ ਹਾਜ਼ਰ ਸਨ। ਅੱਜ ਦੀ ਮੀਟਿੰਗ ਵਿੱਚ ਸ਼ਤ ਨਿਰਮਲ ਦਾਸ ਜੀ, ਸੰਤ ਇੰਦਰ ਦਾਸ ਜੀ, ਸੰਤ ਜਗੀਰ ਸਿੰਘ ਜੀ, ਸ੍ਰੀ ਸਤਿਆਵਾਨ ਜੀ, ਸ੍ਰੀ ਕ੍ਰਿਸ਼ਨ ਕੁਮਾਰ ਜੀ ਤੇ ਸ੍ਰੀ ਰਾਜ ਕਪੂਰ ਜੀ ਡੇਰਾ ਬੱਲਾਂ, ਬੀਬੀ ਸੰਤੋਸ਼ ਕੁਮਾਰੀ, ਸਕਾਲਰ ਡਾ. ਰਾਜ ਕੁਮਾਰ ਹੰਸ, ਡਾ. ਸੋਮਾ ਅਤਰੀ, ਸ੍ਰੀ ਵਿਜੇ ਆਦਿ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਮਾਗਮ ਮਨਾਏਗੀ। ਅੱਜ ਕਮੇਟੀ ਦੇ ਸਨਮੁੱਖ ਤਜਵੀਜਤ ਸਮਾਗਮਾਂ ਦੀ ਪੇਸ਼ਕਾਰੀ ਮਗਰੋਂ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆ, ਯਾਤਰਾਵਾਂ ਸਬੰਧੀ ਪੰਜਾਬ ਭਰ ‘ਚ ਪਿੰਡ-ਪਿੰਡ ‘ਚ ਫਰਵਰੀ 27 ਤੋਂ ਫਰਵਰੀ 2027 ਤੱਕ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੈਮੀਨਾਰ ਤੇ ਵਰਕਸ਼ਾਪਾਂ, ਵਿਸ਼ੇਸ਼ ਕੀਰਤਨ ਸਮਾਗਮ, ਤੀਰਥ ਯਾਤਰਾ, ਸਕੂਲ ਪੱਧਰੀ ਮੁਕਾਬਲੇ, ਡਾਕੂਮੈਂਟਰੀ ਸ਼ੋਅ, ਡਰੋਨ ਸ਼ੋਅ, ਗੁਰੂ ਜੀ ਯਾਦਗਾਰੀ ਸਿੱਕਾ ਜਾਰੀ ਕਰਨਾ, ਖੂਨਦਾਨ ਕੈਂਪ, ਪਲਾਂਟੇਸ਼ਨ ਮੁਹਿੰਮ, ਮੈਰਾਥਨ, ਸ਼ੋਭਾ ਯਾਤਰਾ, ਸਾਈਕਡ ਰੈਲੀਆਂ ਆਦਿ ਸਮਾਗਮਾਂ ਦੀ ਤਜਵੀਜ਼ ਬਣਾਈ ਗਈ ਹੈ, ਜੋ ਸੰਤਾਂ, ਮਹਾਂਪੁਰਸ਼ਾਂ ਤੇ ਮਾਹਿਰਾਂ ਦੀ ਸਲਾਹ ਨਾਲ ਹੀ ਮਨਾਏ ਜਾਣਗੇ।
ਸ. ਚੀਮਾ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਲੜੀ ਵਿੱਚ ਮਹੀਨਾਵਾਰ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 4 ਸ਼ੋਭਾ ਯਾਤਰਾਵਾਂ ਵਾਰਾਨਸੀ-ਖੁਰਾਲਗੜ ਸਾਹਿਬ, ਫ਼ਰੀਦਕੋਟ-ਖੁਰਾਲਗੜ ਸਾਹਿਬ, ਬਠਿੰਡਾ-ਖੁਰਾਲਗੜ ਸਾਹਿਬ ਅਤੇ ਜੰਮੂ-ਖੁਰਾਲਗੜ ਸਾਹਿਬ ਆਦਿ ਸਜਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਇੱਕ ਵਿਸ਼ੇਸ਼ ਲੋਗੋ ਵੀ ਤਿਆਰ ਕੀਤਾ ਜਾਵੇਗਾ ਅਤੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਇੱਕ ਸਿੱਕਾ ਵੀ ਜਾਰੀ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਸ਼ਰਧਾ ਭਾਵਨਾ ਨਾਲ ਇਹ ਸਮਾਗਮ ਕਰਵਾ ਰਹੀ ਹੈ ਅਤੇ ਸੰਤਾਂ, ਮਹਾਂਪੁਰਸ਼ਾਂ ਤੇ ਮਾਹਿਰਾਂ, ਸਕਾਲਰਾਂ ਦੀ ਅਗਵਾਈ ਤੇ ਸਲਾਹ ਨਾਲ ਸਮੁੱਚੇ ਸਮਾਗਮ ਮਨਾਏ ਜਾਣਗੇ।