ਨਵੀਂ ਦਿੱਲੀ- ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮ 19 ਨਵੰਬਰ ਤੋਂ ਲਾਲ ਕਿਲ੍ਹੇ ’ਤੇ ਸ਼ੁਰੂ ਹੋ ਜਾਣਗੇ ਜੋ 25 ਨਵੰਬਰ ਤੱਕ ਚੱਲਣਗੇ। ਲਾਲ ਕਿਲ੍ਹੇ ’ਤੇ ਚਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਸਰਦਾਰ ਸਿਰਸਾ, ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ 19 ਨਵੰਬਰ ਤੋਂ ਰੋਜ਼ਾਨਾ ਸ਼ਾਮ ਨੂੰ ਲਾਈਟ ਐਂਡ ਸਾਊਂ ਸ਼ੋਅ ਹੋਵੇਗਾ। ਇਸੇ ਤਰੀਕੇ ਇਕ ਵਿਸ਼ੇਸ਼ ਮਿਊਜ਼ੀਅਮ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਹੋਵੇਗੀ। ਉਹਨਾਂ ਦੱਸਿਆ ਕਿ ਇਥੇ ਪ੍ਰੋਗਰਾਮ ਵਾਸਤੇ ਵਿਸ਼ਾਲ ਟੈਂਟ ਲਗਾਏ ਜਾ ਰਹੇ ਹਨ ਜਿਸ ਵਿਚ ਇਕੋ ਸਮੇਂ 50 ਹਜ਼ਾਰ ਲੋਕ ਬੈਠ ਸਕਣਗੇ। ਇਸੇ ਤਰੀਕੇ ਲੰਗਰ ਲਈ ਲਗਾਏ ਟੈਂਟ ਵਿਚ ਇਕ ਸਮੇਂ 20 ਹਜ਼ਾਰ ਸੰਗਤਾਂ ਇਕੱਠਿਆਂ ਲੰਗਰ ਛੱਕ ਸਕਣਗੀਆਂ। ਉਹਨਾਂ ਦੱਸਿਆ ਕਿ 23, 24 ਅਤੇ 25 ਨਵੰਬਰ ਨੂੰ ਮੁੱਖ ਪ੍ਰੋਗਰਾਮ ਹੋਣਗੇ। 25 ਨਵੰਬਰ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਨੇ ਸਹਿਜ ਪਾਠ ਰੱਖੇ ਹਨ, ਉਹ 25 ਤਾਰੀਕ ਨੂੰ ਸ਼ਾਮ ਸਮੇਂ ਸਿਰ ਹੀ ਮੌਕੇ ’ਤੇ ਪਹੁੰਚ ਜਾਣ ਤਾਂ ਜੋ ਨੌਵੇਂ ਮਹੱਲੇ ਦੇ ਸਲੋਕਾਂ ਨਾਲ ਸੰਪੂਰਨਤਾ ਦੇ ਭੋਗ ਪਾਏ ਜਾ ਸਕਣ। ਉਹਨਾਂ ਇਹ ਵੀ ਦੱਸਿਆ ਕਿ 22 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲਾਲ ਕਿਲ੍ਹੇ ਤੱਕ ਆਉਂਦੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਜਾਵੇਗੀ ਜਿਸ ਲਈ ਉਹਨਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਸਰਦਾਰ ਸਿਰਸਾ, ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਸਮਾਪਤੀ ’ਤੇ 26 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਮਾਗਮ ਹੋਵੇਗਾ। ਉਹਨਾਂ ਦੱਸਿਆ ਕਿ ਲਾਲ ਕਿਲ੍ਹੇ ’ਤੇ ਲਗਾਤਾਰ ਚੱਲਣ ਵਾਲੇ ਪ੍ਰੋਗਰਾਮਾਂ ਵਿਚ ਦਿੱਲੀ ਤੇ ਦੇਸ਼ ਦੀ ਸਿਖ਼ਰਲੀ ਲੀਡਰਸ਼ਿਪ ਵੀ ਹਾਜ਼ਰ ਭਰੇਗੀ। ਉਹਨਾਂ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਦਿੱਲੀ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਜਿਹਨਾਂ ਦੀ ਮੇਜ਼ਬਾਨੀ ਨੂੰ ਲੈ ਕੇ ਸੰਗਤਾਂ ਵਿਚ ਬਹੁਤ ਸ਼ਰਧਾ ਤੇ ਉਤਸ਼ਾਹ ਹੈ। ਉਹਨਾਂ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਵਾਸਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਹਨ।