ਨਵੀਂ ਦਿੱਲੀ- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵੱਲੋਂ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਪਰ ਨਗਰ ਕੀਰਤਨ ਨਿਕਾਲਿਆ ਗਿਆ, ਜੋ ਸਵੇਰੇ ਗੁਰਦੁਆਰਾ ਜੇ-ਬਲਾਕ ਤੋਂ ਸ਼ੁਰੂ ਹੋ ਕੇ ਸਾਰੇ ਰਾਜੌਰੀ ਗਾਰਡਨ ਦਾ ਭ੍ਰਮਣ ਕਰਦਾ ਹੋਇਆ ਸ਼ਾਮ ਦੇ ਵੇਲੇ ਗੁਰਦੁਆਰਾ ਰਾਜੌਰੀ ਗਾਰਡਨ ਵਿੱਚ ਆ ਕਰ ਸਮਾਪਤ ਹੋਇਆ। ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਨਿਕਲਿਆ ਜਿਸ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਨੇ ਕੀਤੀ। ਨਗਰ ਕੀਰਤਨ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ, ਬੈਂਡ ਅਤੇ ਗਤਕੇ ਦੀ ਪ੍ਰਦਰਸ਼ਨੀ ਦੇ ਕੇ ਸੰਗਤ ਦਾ ਖ਼ਾਸ ਧਿਆਨ ਆਪਣੀ ਵੱਲ ਖਿੱਚਿਆ। ਨਗਰ ਕੀਰਤਨ ਦੀ ਰਵਾਨਗੀ ਦੇ ਸਮੇਂ ਦਿੱਲੀ ਸਰਕਾਰ ਵਿੱਚ ਮੰਤਰੀ ਅਤੇ ਸਥਾਨਕ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਐਚ. ਐਸ. ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ, ਸੁੰਦਰ ਸਿੰਘ ਨਾਰੰਗ, ਹਰਨੀਕ ਸਿੰਘ, ਅਜੀਤਪਾਲ ਸਿੰਘ ਮੋਂਗਾ, ਜਗਜੀਤ ਸਿੰਘ ਆਦਿ ਦੇ ਨਾਲ ਮਿਲ ਕੇ ਨਗਰ ਕੀਰਤਨ ਨੂੰ ਰਵਾਨਾ ਕੀਤਾ। ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਰਾਜੌਰੀ ਗਾਰਡਨ ਹੀ ਨਹੀਂ ਸਗੋਂ ਨੇੜਲੇ ਇਲਾਕਿਆਂ ਦੀ ਸੰਗਤ ਨੂੰ ਵੀ ਰਾਜੌਰੀ ਗਾਰਡਨ ਤੋਂ ਨਿਕਲਣ ਵਾਲੇ ਨਗਰ ਕੀਰਤਨ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਅਤੇ ਸੰਗਤ ਪੂਰੀ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਨਗਰ ਕੀਰਤਨ ਵਿੱਚ ਸਟਾਲਾਂ ਦੇ ਨਾਲ ਨਾਲ ਆਪਣੀ ਦਸਵੰਧ ਨੂੰ ਬੱਚਿਆਂ ਦੀ ਸਿੱਖਿਆ ਅਤੇ ਲੋੜਵੰਦਾਂ ਦੀ ਭਲਾਈ ਦੇ ਕੰਮਾਂ ’ਚ ਲਗਾਇਆ ਜਾਵੇ। ਸੰਗਤ ਨੇ ਪ੍ਰਬੰਧਕਾਂ ਦੀ ਅਪੀਲ ਨੂੰ ਸਵੀਕਾਰਿਆ, ਜਿਸ ਲਈ ਸੰਗਤ ਵਧਾਈ ਦੀ ਪਾਤਰ ਹੈ। ਇਸ ਮੌਕੇ ਸਿੱਖ ਯੂਥ ਫਾਊਂਡੇਸ਼ਨ ਦੀ ਪੂਰੀ ਟੀਮ ਨੇ ਨਗਰ ਕੀਰਤਨ ਦੌਰਾਨ ਸਟਾਲਾਂ ਆਦਿ ਤੋਂ ਬਣਣ ਵਾਲੇ ਕੂੜੇ ਨੂੰ ਚੁੱਕਣ ਦੀ ਸੇਵਾ ਬਖੂਬੀ ਨਿਭਾਈ, ਜਿਸ ਕਰਕੇ ਨਗਰ ਕੀਰਤਨ ਤੋਂ ਬਾਅਦ ਵੀ ਸੜਕਾਂ ਪੂਰੀ ਤਰ੍ਹਾਂ ਸਾਫ਼ ਦਿਖ ਰਹੀਆਂ ਸਨ।