ਅੰਮ੍ਰਿਤਸਰ - ਖਾਲਸਾ ਕਾਲਜ ਵਿਖੇ 10ਵਾਂ ਸਾਹਿਤ ਅਤੇ ਪੁਸਤਕ ਮੇਲੇ ਦੇ ਤੀਜੇ ਦਿਨ ਦਾ ਉਦਾਘਾਟਨੀ ਸੈਸ਼ਨ ਭਾਸ਼ਾ ਵਿਭਾਗ ਪੰਜਾਬ ਵਲੋਂ ਆਯੋਜਿਤ ਸੈਮੀਨਾਰ 'ਅਜੋਕੇ ਯੁੱਗ ਵਿਚ ਭਾਸ਼ਾ ਤੇ ਸਾਹਿਤ: ਚਣੌਤੀਆਂ' ਅਤੇ ਸੰਭਾਵਨਾਵਾਂ ਵਿਸ਼ੇ ਰੂਪ ਵਿਚ ਸ਼ੁਰੂ ਹੋਇਆ । ਸਮਾਗਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਗੁੱਲਦਸਤੇ ਅਤੇ ਕਾਲਜ ਯਾਦਗਾਰੀ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ।
ਇਸ ਉਪਰੰਤ ਡਾ. ਕੁਲਦੀਪ ਸਿੰਘ ਢਿੱਲੋਂ ਨੇ ਮੰਚ ਦਾ ਸੰਚਾਲਨ ਕਰਦਿਆਂ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਅਜੋਕੇ ਸਮੇਂ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਆਉਂਦੀਆਂ ਚਣੌਤੀਆਂ ਨਾਲ ਸੰਬੰਧਤ ਹੈ। ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਵਿਸ਼ਾ ਮਾਹਿਰ ਅਤੇ ਚਿੰਤਕ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜਫ਼ਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ ਆਏ ਵਿਸ਼ਾ ਮਾਹਿਰਾਂ ਵਿਚੋਂ ਪ੍ਰਸਿੱਧ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ.ਰਾਜੇਸ਼ ਸ਼ਰਮਾ, ਆਈ.ਪੀ.ਐਸ ਅਧਿਕਾਰੀ, ਚੰਡੀਗੜ੍ਹ ਡਾ. ਮਨਮੋਹਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰਿਸ਼ ਨੇ ਸੰਬੰਧਿਤ ਵਿਸ਼ੇ ਸੰਬੰਧੀ ਆਪਣੇ ਭਾਵ-ਪੂਰਤ ਵਿਚਾਰਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ।
ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਵਿਚ ਸ. ਅਮਰਜੀਤ ਸਿੰਘ ਗਰੇਵਾਲ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਭਾਸ਼ਾ ਨੂੰ ਤਕਨੌਲਜੀ ਨਾਲੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਹੈ ਸਾਹਿਤਕਾਰ ਨੂੰ ਹੀ ਤਕਨੀਕੀ ਸਮੱਸਿਆਵਾਂ ਨਾਲ ਨਜਿੱਠਣਾ ਪਵੇਗਾ। ਏ.ਆਈ ਦੇ ਇਸ ਯੁੱਗ ਵਿਚ ਸਾਹਿਤ ਨੂੰ ਇਸਦੇ ਹਾਣ ਦਾ ਬਣਾਉਣਾ ਜਰੂਰੀ ਹੈ। ਉਨ੍ਹਾਂ ਨੇ ਏ.ਆਈ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸਦੇ ਮਾਰੂ ਪ੍ਰਭਾਵਾਂ ਨੂੰ ਨਜਿੱਠਣ ਦੀ ਲੋੜ ਦੇ ਨਾਲ-ਨਾਲ ਇਸਨੂੰ ਅਪਣਾਉਣ ਦੀ ਬੇਹੱਦ ਲੋੜ ਹੈ ਅਤੇ ਇਸ ਦੇ ਪ੍ਰਭਾਵਾਂ ਤੋਂ ਡਰਨ ਦੀ ਲੋੜ ਨਹੀਂ ਬਲਕਿ ਇਸਦੇ ਹਾਣ ਦੇ ਹੋਣ ਦੀ ਜਰੂਰਤ ਹੈ। ਏ.ਆਈ ਮਨੁੱਖਤਾ ਦਾ ਨਵ-ਜਨਮਿਆ ਬੱਚਾ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸਨੂੰ ਕਿਵੇਂ ਵਰਤਣਾ ਹੈ। ਸਾਹਿਤ ਦੀ ਉਸਾਰੀ ਵਿਚ ਇਸਦੀ ਉਸਾਰੂ ਭੂਮਿਕਾ ਕੀ ਹੋ ਸਕਦੀ ਹੈ? ਸਾਹਿਤ ਅਤੇ ਤਕਨੌਲਜੀ ਦੇ ਇਸ ਯੁੱਗ ਵਿਚ ਏ.ਆਈ ਨੂੰ ਕਿਵੇਂ ਵਰਤਿਆ ਜਾਵੇ ਵਿਚਾਰਨ ਵਾਲਾ ਮਸਲਾ ਹੈ। ਸਾਹਿਤ ਗਿਆਨ ਦੀ ਪੇਸ਼ਕਾਰੀ ਤੋਂ ਇਲਾਵਾ ਮਨੁੱਖ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਵੀ ਕਰਦਾ ਹੈ। ਏ.ਆਈ ਦਾ ਇਕ ਖਤਰਾ ਇਹ ਵੀ ਭਾਸਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿਚ ਸਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਏ.ਆਈ ਪ੍ਰਸ਼ਨ ਪੈਦਾ ਨਹੀਂ ਕਰ ਸਕਦੀ ਅਤੇ ਨਾ ਹੀ ਸਾਹਿਤਕਾਰ ਦੀਆਂ ਭਾਵਨਾਵਾਂ ਨੂੰ ਪੇਸ਼ ਕਰ ਸਕਦੀ ਹੈ। ਤਕਨੌਲਜੀ ਅਤੇ ਸਾਹਿਤਕਾਰ ਇਕ-ਦੂਜੇ ਦੇ ਪੂਰਕ ਦੇ ਰੂਪ ਵਿਚ ਉਸਾਰੂ ਭੂਮਿਕਾ ਨਿਭਾਅ ਸਕਦੇ ਹਨ।
ਇਸ ਉਪਰੰਤ ਡਾ. ਯੋਗਰਾਜ ਅੰਗਰਿਸ਼ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਚੌਦਾਂ ਕਰੋੜ ਮੰਨੀ ਗਈ ਹੈ। ਪੰਜਾਬੀਆਂ ਤੋਂ ਇਲਾਵਾ ਦੱਸ ਲੱਖ ਪਰਵਾਸੀ ਪੰਜਾਬੀ ਆਪਣੀ ਲੋੜ ਅਨੁਸਾਰ ਇਸ ਨੂੰ ਸਿੱਖਣਾ ਚਾਹੁੰਦੇ ਹਨ। ਪੰਜਾਬੀ ਭਾਸ਼ਾ ਨੂੰ ਅਲੀਟ ਸ਼੍ਰੇਣੀ ਦੇ ਹੀਣਤੇ ਭਰੇ ਭਰਮ ਵਿਚੋਂ ਕੱਢਣ ਦੀ ਜਰੂਰਤ ਹੈ। ਪੰਜਾਬੀ ਭਾਸ਼ਾ ਪ੍ਰਤੀ ਅਣਗਹਿਲੀ ਅਤੇ ਇਸਨੂੰ ਅਣਗੌਲੇ ਕੀਤੇ ਜਾਣ ਦਾ ਕਾਰਨ ਰੁਜ਼ਗਾਰ ਦੀ ਸਮੱਸਿਆ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਇਸ ਵਿਚ ਰੁਜ਼ਗਾਰ ਦੇ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਹਨ। ਭਾਰਤੀ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਵਿਚ ਵੀ ਬੋਲੀ ਜਾਂਦੀ ਹੈ ਪਰ ਪੜ੍ਹਨ ਅਤੇ ਪੜਾਉਣ ਵਜੋਂ ਇਸ ਨੂੰ ਅਣਗੌਲਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦੀ ਤਕਨੋਲਜੀ ਦੇ ਪੱਧਰ 'ਤੇ ਕੰਪਿਊਟਰੀਕਰਨ ਦੀ ਘਾਟ ਹੈ। ਕੇਵਲ ਗਿਣਤੀ ਦੇ ਆਧਾਰ ਤੇ ਇਸ ਦੀ ਪ੍ਰਫੁੱਲਤਾ ਨੂੰ ਮਾਪਿਆ ਨਹੀਂ ਜਾ ਸਕਦਾ । ਪੰਜਾਬੀ ਸਾਹਿਤ ਦੀਆ ਜੜ੍ਹਾਂ ਡੂੰਘੀਆਂ ਹਨ। ਪੰਜਾਬੀ ਆਲੋਚਨਾ ਦੇ ਪੱਧਰ ਤੇ ਇਸ ਨੂੰ ਕਲਾਤਮਿਕ ਬਣਾਉਣ ਦਾ ਲੋੜ ਹੈ। ਪੰਜਾਬੀ ਭਾਸ਼ਾ ਦੇ ਮਿਆਰੀਕਰਨ ਦੇ ਨਾਲ-ਨਾਲ ਇਸਦਾ ਖੋਜ ਪੱਧਰ ਤੋਂ ਜਨ-ਸਧਾਰਨ ਦੀ ਪੱਧਰ ਦਾ ਹੋਣਾ ਬਹੁਤ ਲਾਜ਼ਮੀ ਹੈ।
ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਾਹਿਤ ਦੀ ਸਾਧਨਾ ਗਿਆਨ ਦੀ ਸਾਧਨਾ ਦਾ ਹਿੱਸਾ ਹੈ। ਲਿਖਣਾ ਸੋਚਣ ਦੀ ਸ਼ੁਰੂਆਤ ਹੈ। ਸੋਚ ਹਰ ਮਨੱਖ ਦੀ ਉਸ ਦਾਇਰੇ ਤਕ ਸੀਮਤ ਹੁੰਦੀ ਹੈ ਜਿਸ ਵਿਚ ਉਹ ਲੰਮੇ ਸਮੇਂ ਤੋਂ ਵਿਚਰ ਰਿਹਾ ਹੁੰਦਾ ਹੈ। ਆਲੋਚਕ ਨੇ ਸਾਹਿਤ ਅਤੇ ਸਾਹਿਤ ਆਲੋਚਨਾ ਨੂੰ ਸਿਰਜਕ ਹੋਣ 'ਤੇ ਜੋਰ ਦਿੱਤਾ ਹੈ। ਪਰ ਲਗਦਾ ਹੈ ਕਿ ਸਾਹਿਤ ਸਿਰਫ ਤੇ ਸਿਰਫ ਪਰੰਪਰਾਗਤ ਰਵਾਇਤਾਂ ਅਤੇ ਭਾਸ਼ਾ ਤੇ ਕੇਂਦਰਿਤ ਨਹੀਂ ਹੋਣਾ ਚਾਹੀਦਾ ਕਿਉਂਕਿ ਤਕਨੀਕੀ ਯੁੱਗ ਵਿਚ ਮਨੁੱਖ ਦੀ ਜੀਵਨ-ਜਾਚ ਸਮੁੱਚੇ ਰੂਪ ਵਿਚ ਬਦਲ ਗਈ ਹੈ। ਅਜੋਕਾ ਮਨੁੱਖ ਤਕਨੀਕੀ ਯੁੱਗ ਵਿਚ ਵਿਚਰ ਰਿਹਾ ਹੈ। ਇਸ ਕਰਕੇ ਸਾਹਿਤਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਤਕਨੀਕੀ ਪੱਧਰ ਦਾ ਪ੍ਰਗਟਾਵਾ ਕ੍ਰੇਇਟਿਵ ਰੂਪ ਵਿਚ ਕਰੇ। ਜੋ ਅੱਜ ਦੇ ਸਾਹਿਤ ਦੀ ਇਹ ਖੂਬਸੂਰਤੀ ਹੋਵੇਗੀ।
ਡਾ. ਮਨਮੋਹਨ ਨੇ ਭਾਸ਼ਾ ਅਤੇ ਸਾਹਿਤ ਦੇ ਸੰਯੋਗ ਦੀ ਗੱਲ ਕਰਦਿਆਂ ਦੋਵਾਂ ਦੀ ਵੱਖਰੀ-ਵੱਖਰੀ ਹੋਂਦ ਨੂੰ ਨਿਰਧਾਰਤ ਕਰਨ ਦੀ ਗੱਲ ਕੀਤੀ। ਸਾਹਿਤ ਨੂੰ ਉਨ੍ਹਾਂ ਆਖਿਆ ਕਿ ਇਹ ਤਾਂ ਹੀ ਜਿੰਦਾ ਰਹਿ ਸਕਦਾ ਹੈ ਜੇਕਰ ਇਹ ਮਨੁੱਖੀ ਜੀਵਨ ਦੇ ਸੱਚ ਨੂੰ ਬਿਆਨਦਾ ਹੈ। ਸਾਹਿਤ ਨਾ ਕੇਵਲ ਮਨੁੱਖੀ ਮਨ ਦਾ ਰਫਲੈਕਸ਼ਨ ਹੈ ਸਗੋਂ ਸਮਾਜਿਕ ਮਾਨਸਿਕਤਾ ਦਾ ਰਫਲੈਕਸ਼ਨ ਵੀ ਹੈ। ਭਾਸ਼ਾ ਦੀ ਹੋਂਦ ਬਾਰੇ ਗੱਲ ਕਰਦਿਆ ਉਨ੍ਹਾਂ ਆਖਿਆ ਕਿ ਭਾਸ਼ਾ ਦਾ ਜੀਵੰਤ ਰਹਿਣਾ ਉਸਦੀ ਲਿਖਤ ਤੇ ਨਹੀਂ ਸਗੋਂ ਉਸਦੇ ਉਚਾਰਨ, ਸੰਚਾਰ ਤੇ ਨਿਰਭਰ ਕਰਦਾ ਹੈ। ਇਸਨੂੰ ਸਪੱਸ਼ਟ ਕਰਨ ਲਈ ਉਨ੍ਹਾ ਨੇ ਕਈ ਭਾਸ਼ਾਵਾਂ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਅਤੇ ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸੰਘ ਰੰਧਾਵਾ ਨੇ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕਰਦਿਆ ਉਨ੍ਹਾਂ ਨੇ ਕਾਲਜ ਦੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਦੁਪਹਿਰ ਬਾਅਦ 'ਸਵੀ ਸੰਗ ਸੰਵਾਦ' ਪ੍ਰੋਗਰਾਮ ਤਹਿਤ ਪ੍ਰਧਾਨ ਪੰਜਾਬ ਕਲਾ. ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਸ. ਸਵਰਨਜੀਤ ਸਿੰਘ ਸਵੀ ਨਾਲ ਰੂ-ਬਰੂ ਦਾ ਸਿਲਸਿਲਾ ਸ਼ੁਰੂ ਹੋਇਆ। ਜਿਸ ਵਿਚ ਡਾ. ਯੋਗਰਾਜ ਅੰਗਰਿਸ਼ ਨੇ ਉਨ੍ਹਾਂ ਦੇ ਸਾਹਿਤਕ ਸਫਰ ਦੇ ਤਜ਼ਰਬਿਆ ਨਾਲ ਸਰੋਤਿਆ ਨਾਲ ਸਾਂਝ ਪਵਾਈ। ਸ. ਸਵਰਨਜੀਤ ਸਵੀ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਸਮਾਜਿਕ ਸਮੱਸਿਆਵਾਂ ਨਾਲ ਸੰਬੰਧਿਤ ਹਨ। ਆਪਣੀ ਕਾਵਿ ਰਚਨਾ ਵਿਚ ਉਨ੍ਹਾਂ ਦੇ ਆਲੇ-ਦੁਆਲੇ ਜੋ ਕੁਝ ਵਾਪਰਦਾ ਹੈ ਉਸਨੂੰ ਉਹ ਆਪਣੀ ਰਚਨਾ ਦਾ ਹਿੱਸਾ ਬਣਾਉਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸਮਾਜਿਕ ਪੱਧਰ ਦੀਆਂ ਸਮੱਸਿਆਵਾਂ ਜਿਵੇਂ ਨਸ਼ਾ, ਆਰਥਿਕ ਅਸਮਾਨਤਾ, ਸਮਾਜਿਕ ਹੀਣਤਾ ਆਦਿ ਵਿਸ਼ੇ ਪੇਸ਼ ਕੀਤੇ ਜਾਂਦੇ ਹਨ। ਸਧਾਰਨ ਮਨੁੱਖ ਦੀ ਸਾਧਾਰਨਤਾ ਅਤੇ ਉਨ੍ਹਾਂ ਨਾਲ ਜੁੜੀਆਂ ਪ੍ਰਮੁੱਖ ਸਮੱਸਆਵਾਂ ਉਨ੍ਹਾਂ ਦੀਆਂ ਰਚਨਾਵਾਂ ਦਾ ਹਿੱਸਾ ਬਣਦੀਆਂ ਹਨ।
ਸ਼ਾਮ ਸਮੇਂ ਪੰਜਾਬੀ ਸਾਹਿਤ ਸਭਾ, ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਸਾਹਿਤਕ ਮੁਕਾਬਲੇ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ । ਇਸ ਵਿਚ ਅੰਤਰ-ਕਾਲਜ ਕਵਿਜ਼ ਤੇ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ। ਇਸ ਵਿਚ ਵੱਖ-ਵੱਖ ਕਾਲਜਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕਵਿਜ਼ ਮੁਕਾਬਲੇ ਵਿਚੋਂ ਦਮਨਪ੍ਰੀਤ ਸਿੰਘ ਅਤੇ ਸਤਿੰਦਰ ਕੌਰ ਪਹਿਲੇ, ਨਵਜੋਤ ਕੌਰ ਤੇ ਹਰਪ੍ਰੀਤ ਕੌਰ ਦੂਜੇ ਅਤੇ ਨੇਹਾ ਅਤੇ ਸਮੀਰ ਸਿੰਘ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਕਾਵਿ ਉਚਾਰਨ ਮੁਕਾਬਲੇ ਵਿਚ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਦੇ ਨਾਮਪ੍ਰੀਤ ਕੌਰ ਪਹਿਲੇ, ਬੀ. .ਬੀ ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਦੇ ਜੈਸਮੀਨ ਕੌਰ ਦੂਜੇ ਤੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਅਰਮਾਨਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਡਾ. ਕਰਨੈਲ ਸਿੰਘ ਸ਼ੇਰਗਿੱਲ ਪਰਵਾਸੀ ਸਾਹਿਤਕਾਰ ਨੇ ਮੁੱਖ-ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੇ ਸਿਖਰ ਤੇ ਕਾਲਜ ਦੇ ਯੁਵਕ ਭਾਲਾਈ ਵਿਭਾਗ ਦੇ ਵਿਦਿਆਰਥੀਆਂ ਵਲੋਂ ਸੂਫੀ ਗਾਇਨ ਦੀ ਪੇਸ਼ਕਾਰੀ ਦੇ ਜੌਹਰ ਵਿਖਾਏ ਗਏ। ਸ਼ਾਮ ਦਾ ਇਹ ਸਾਹਿਤਕ ਅਤੇ ਪੁਸਤਕ ਮੇਲਾ ਆਪਣੇ ਰੰਗ ਬਖੇਰਦਾ ਹੋਇਆ ਆਲੇ-ਦੁਆਲੇ ਮਹਿਕ ਖਲੇਰ ਰਿਹਾ ਸੀ।