ਅੰਮ੍ਰਿਤਸਰ-¸ਖ਼ਾਲਸਾ ਯੂਨੀਵਰਸਿਟੀ ਵੱਲੋਂ ਖ਼ਾਲਸਾ ਕਾਲਜ ਵਿਖੇ 15 ਨਵੰਬਰ ਤੋਂ ਚੱਲ ਰਹੇ 5 ਰੋਜ਼ਾ ‘10ਵੇਂ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਚੌਥੇ ਦਿਨ ਮੇਜ਼ਬਾਨ ਕਾਲਜ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ’ਚ ਪੁੱਜੇ ਸਾਬਕਾ ਆਈ. ਏ. ਐੱਸ ਸ: ਕਾਹਨ ਸਿੰਘ ਪੰਨੂ ਨੇ ‘ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ’ ਵਿਸ਼ੇ ’ਤੇ ਗੱਲਬਾਤ ਦੌਰਾਨ ਵੱਖ-ਵੱਖ ਰਾਜਾਂ, ਦੇਸ਼ਾਂ ਅਤੇ ਵਿਸ਼ਵ ਪੱਧਰ ਦੀ ਰਾਜਨੀਤਕ ਪ੍ਰਬੰਧਾਂ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਭਾਰਤ ਦੇ ਮੁਕਾਬਲੇ ਦੂਸਰੇ ਵਿਕਸਿਤ ਦੇਸ਼ਾਂ ਦੇ ਅਰਥਚਾਰੇ ਅਤੇ ਸਮਾਜਿਕ ਵਿਵਹਾਰ ’ਚ ਬਹੁਤ ਵੱਡੇ ਪੱਧਰ ’ਤੇ ਅੰਤਰ ਮਿਲਦਾ ਹੈ।
ਇਸ ਮੌਕੇ ਭਾਰਤੀ ਲੋਕਤੰਤਰ ਦੀ ਗੱਲ ਕਰਦਿਆਂ ਸ: ਪਨੂੰ ਨੇ ਕਿਹਾ ਕਿ ਇਸਦਾ ਵਿਵਹਾਰਕ ਰੂਪ ਸਿਧਾਂਤ ਨਾਲੋਂ ਵੱਖਰੀ ਕਿਸਮ ਦਾ ਹੈ, ਜਿਸ ’ਚ ਆਮ ਮਨੁੱਖ ਦੀ ਰਾਜਨੀਤਕ ਪੱਧਰ ’ਤੇ ਕੋਈ ਉਸਾਰੂ ਭੂਮਿਕਾ ਨਹੀਂ ਹੁੰਦੀ। ਉਸ ਨੂੰ ਇਕ ਸਾਧਨ ਦੇ ਰੂਪ ’ਚ ਵਰਤਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਤੋਂ ਬਿਨ੍ਹਾਂ ਕਿਸੇ ਕਿਸਮ ਦੀ ਤਰੱਕੀ ਸੰਭਵ ਨਹੀਂ ਹੈ। ਵਿਕਸਿਤ ਦੇਸ਼ਾਂ ’ਚ ਸਿੱਖਿਆ ਦਾ ਪੱਧਰ ਵਿਵਹਾਰਕ ਰੂਪ ’ਚ ਮਿਲਦਾ ਹੈ, ਜਦੋਂਕਿ ਭਾਰਤੀ ਸਿੱਖਿਆ ਇਸ ਪੱਧਰ ’ਤੇ ਹੁਣ ਤੱਕ ਵੀ ਆਪਣੀ ਪਹੁੰਚ ਨਹੀਂ ਬਣਾ ਪਾਈ। ਉਨ੍ਹਾਂ ‘ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ’ ਵਿਸ਼ੇ ਨੂੰ ਜੀਵਨ ਜੀਣ ਦਾ ਮਕਸਦ ਦੱਸਿਆ ਇਹ ਵਿਸ਼ਾ ਹੀ ਜੀਵਨ ਵਿਚਲੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਂਦਾ ਹੈ। ਇਸ ਉਪਰੰਤ ਵਿਦਿਆਰਥੀਆਂ ਨੇ ਸਬੰਧਿਤ ਵਿਸ਼ੇ ’ਤੇ ਸ: ਪਨੂੰ ਤੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਿੰਨ੍ਹਾਂ ਦਾ ਉੱਤਰ ਉਨ੍ਹਾਂ ਬੜੇ ਤਸੱਲੀਬਖਸ਼ ਢੰਗ ਨਾਲ ਦਿੱਤਾ।
ਇਸ ਤੋਂ ਪਹਿਲਾਂ ’ਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਸੁਰਿੰਦਰ ਕੌਰ ਨੇ ਸਵਾਗਤੀ ਸ਼ਬਦਾਂ ਨਾਲ ਆਏ ਮਹਿਮਾਨਾਂ ਸ: ਪਨੂੰ, ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦਾ ਸਵਾਗਤ ਕੀਤਾ। ਇਸ ਉਪਰੰਤ ਡਾ. ਮਹਿਲ ਸਿੰਘ ਨੇ ਸ: ਪੰਨੂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬੇਬਾਕ ਸ਼ਖ਼ਸੀਅਤ ਦਾ ਮਾਲਕ ਦੱਸਿਆ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਵਰਤਾਰੇ ਪ੍ਰਤੀ ਸਹੀ ਫੈਸਲਾ ਲੈਣ ਵਾਲੇ ਸ਼ਖ਼ਸ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਗਿਆਨ ਦਾ ਯੁੱਗ ਹੈ। ਗਿਆਨ ਸੰਵਾਦ ਨਾਲ ਹੀ ਅੱਗੇ ਵੱਧਦਾ ਹੈ। ਸੰਵਾਦ ਦੀ ਲੋੜ ਤੇ ਮਹੱਤਤਾ ਨੂੰ ਦੱਸਦਿਆਂ ਉਨ੍ਹਾਂ ਸੈਮੀਨਾਰ ਦੀ ਵਿਸ਼ੇਸ਼ਤਾ ਦਾ ਪ੍ਰਮੁੱਖ ਪਹਿਲੂਆਂ ਨੂੰ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਸ: ਪਨੂੰ ਦੀ ਸ਼ਖ਼ਸੀਅਤ ਦੇ ਵਿਭਿੰਨ ਪਹਿਲੂ ਤੇ ਉਨ੍ਹਾਂ ਦੀ ਦੇਣ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਅੱਜ ਦੇ ਦਿਨ ਨੂੰ ਵਡਭਾਗਾ ਦੱਸਦਿਆਂ ਸ: ਪਨੂੰ ਦੇ ਵੱਖ-ਵੱਖ ਅਹੱੁਦਿਆਂ ’ਤੇ ਸੇਵਾਵਾਂ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ: ਪਨੂੰ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਅਤੇ ਖੇਤੀਬਾੜੀ ਸਕੱਤਰ ਵਜੋਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੇ ਗਿਆਨ ਦਾ ਘੇਰਾ ਕਾਫੀ ਵਿਸ਼ਾਲ ਹੈ।
ਇਸ ਉਪਰੰਤ ਸੈਮੀਨਾਰ ਦੇ ਦੂਜੇ ਸੈਸ਼ਨ ’ਚ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ। ਪਹਿਲੇ ਸਾਸ਼ਨ ਦਾ ਵਿਸ਼ਾ ‘ਅਜੋਕੇ ਯੁੱਗ ’ਚ ਭਾਸ਼ਾ ਅਤੇ ਸਾਹਿਤ: ਚੁਣੌਤੀਆਂ ਤੇ ਸੰਭਾਵਨਾਵਾਂ’ ਰਿਹਾ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਆਏ ਵਿਦਵਾਨਾਂ ਵਿਚੋਂ ਪ੍ਰੋਫੈਸਰ ਤੇ ਸਾਬਕਾ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਹਰਿਭਜਨ ਸਿੰਘ ਭਾਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਤੇ ਮੁਖੀ, ਡਾ. ਮਨਜਿੰਦਰ ਸਿੰਘ, ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਤੋਂ ਡਾ. ਕੰਵਲਜੀਤ ਸਿੰਘ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਡਾ. ਅਮਰਜੀਤ ਸਿੰਘ ਨੇ ਸੈਸ਼ਨ ਵਿਚ ਆਪਣੇ ਮੁੱਲਵਾਨ ਗਿਆਨ ਭਰਪੂਰ ਖੋਜ-ਪੱਤਰ ਪੜੇ।
ਭਾਸ਼ਾ ਵਿਭਾਗ ਪੰਜਾਬ ਵਲੋਂ ਆਯੋਜਿਤ ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ’ਅਜੋਕੇ ਯੁੱਗ ਵਿਚ ਭਾਸ਼ਾ ਅਤੇ ਸਾਹਿਤ ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ’ ਗਹਿਨ ਗੰਭੀਰ ਚਰਚਾ ਕੀਤੀ ਗਈ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਤੇ ਸਾਬਕਾ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਹਰਿਭਜਨ ਸਿੰਘ ਭਾਟੀਆਂ ਨੇ ਕੀਤੀ ।
ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਭਾਸ਼ਾ ਸਾਡੀ ਹੋਂਦ ਦਾ ਆਧਾਰ ਹੈ। ਮਨੁੱਖ ਨੂੰ ਮਨੁੱਖ ਬਣਾਉਣ ਦਾ ਆਧਾਰ ਭਾਸ਼ਾ ਬਣਦੀ ਹੈ। ਭਾਸ਼ਾ ਦੀ ਹੋਂਦ ਮਨੁੱਖ ਦੀ ਹੋਂਦ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਨੂੰ ਏ.ਆਈ ਤੋਂ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ । ਏ.ਆਈ ਭਾਸ਼ਾ ਤੋਂ ਬਿਨਾ ਕੰਮ ਨਹੀਂ ਕਰ ਸਕਦੀ। ਉਨ੍ਹਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਭਾਸ਼ਾ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੈ ਪਰ ਖਾਸ ਭਾਸ਼ਾ ਪ੍ਰਤੀ ਚਿੰਤਾ ਲਾਜ਼ਮੀ ਹੈ। ਪੰਜਾਬੀ ਭਾਸ਼ਾ ਲਈ ਵੱਡੀ ਚੁਣੌਤੀ ਇਹ ਹੈ ਕਿ ਇਸ ਵਿਚੋਂ ਗਿਆਨ ਪਰੰਪਰਾ ਮਨਫੀ ਹੈ। ਪੰਜਾਬੀ ਭਾਸ਼ਾ ਸੂਫੀਆਂ, ਕਵੀਆਂ ਅਤੇ ਗੁਰੂਆਂ ਦੀ ਭਾਸ਼ਾ ਹੈ। ਭਾਸ਼ਾ ਦੀ ਵਿਸ਼ਵ ਦ੍ਰਿਸ਼ਟੀ ਪਛਾਣਨੀ ਜਰੂਰੀ ਹੈ। ਸਾਹਿਤਕਾਰ ਦੀ ਰਚਨਾ ਦੇ ਪਾਤਰ, ਭਾਸ਼ਾ ਤੇ ਆਲਾ-ਦੁਆਲਾ ਬੇਸ਼ਕ ਖੇਤਰੀ ਭਾਸ਼ਾ ਵਿਚ ਹੋਵੇ ਪਰ ਵਿਸ਼ਾ ਵਿਸ਼ਵ ਵਿਆਪੀ ਹੋਣਾ ਚਾਹੀਦਾ ਹੈ।
ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ ਸੰਬੰਧਿਤ ਵਿਸ਼ੇ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਆਧੁਨਿਕ ਯੁੱਗ ਵਿਚ ਕਰੋਨਾ ਵਰਗੀਆਂ ਮਹਾਮਾਰੀਆਂ ਨੇ ਪੜਨ-ਪੜਾਉਣ ਦੀ ਰੁਚੀ ਨੂੰ ਢਾਅ ਲਾਈ ਹੈ। ਅਕਾਦਮਿਕ ਪੱਧਰ ਤੇ ਲੋਕਾਂ ਦੀ ਸਾਹਿਤਕ ਰੁਚੀ ਨੂੰ ਇਸ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਹਿਲਾ ਤੋਂ ਚੇਤਨ ਹੋ ਕੇ ਰਹਿਣਾ ਚਾਹੀਦਾ ਹੈ। ਤਕਨੀਕੀ ਯੁੱਗ ਦੇ ਵਿਕਾਸ ਨੇ ਵਿਦਿਆਰਥੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਵਿਦਿਆਰਥੀ ਸਾਹਿਤਕ ਰੁਚੀ ਨਾਲੋਂ ਟੁੱਟ ਰਹੇ ਹਨ ਅਤੇ ਬਾਹਰੀ ਚਮਕ-ਦਮਕ ਪਿੱਛੇ ਭੱਜ ਰਹੇ ਹਨ। ਇਹ ਵਰਤਾਰਾ ਅੱਜ ਸਾਹਿਤ ਲਈ ਵੱਡੀ ਚੁਣੌਤੀ ਬਣ ਗਿਆ ਹੈ।
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰਫੈਸਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਭਾਸ਼ਾ ਦੀ ਚੁਣੌਤੀ ਵਿਸ਼ਵ ਪੱਧਰ ਤੇ ਚੁਣੌਤੀ ਬਣ ਗਈ। ਸਾਹਿਤ ਦਾ ਰਿਸ਼ਤਾ ਕਾਗਜ਼ ਤੇ ਕਲਮ ਦਾ ਹੈ। ਕਾਗਜ਼ ’ਤੇ ਕਲਮ ਦੇ ਚੱਲਣ ਨਾਲ ਸਾਹਿਤ ਅਤੇ ਸਿਰਜਣਾ ਦਾ ਪ੍ਰਗਟਾ ਹੁੰਦਾ ਹੈ। ਭਾਸ਼ਾ ਪ੍ਰਤੀ ਚੇਤਨਤਾ ਹੀ ਇਸਦੇ ਬਚਾਅ ਦਾ ਹੱਲ ਹੈ। ਇਸ ਸਮਾਗਮ ਤੋਂ ਬਾਅਦ ਡਾ. ਬਲਜੀਤ ਸਿੰਘ ਢਿੱਲੋਂ ਦੀ ਪੁਸਤਕ ਯੱਖ ਰਾਤ ਦੀ ਮੌਤ, ਅਸ਼ੋਕ ਕੁਮਾਰ ਓ.ਪੀ ਮਨੋਚਾ ਦੀ ਅਨੁਵਾਦਤ ਪੁਸਤਕ ਸਾਈਬਰ ਐਨਕਾਊਂਟਰ ਰਿਲੀਜ਼ ਕੀਤੀਆਂ ਗਈਆ।
ਦੁਪਹਿਰ ਬਾਅਦ ਪੈਨਲ ਚਰਚਾ ਵਿਚ ਮਸਲੇ ਪੰਜਾਬ ਦੇ ਵਿਸ਼ੇ ਅਧੀਨ ਪ੍ਰਸਿੱਧ ਚਿੰਤਕ ਨਕਸ਼ਦੀਪ ਪੰਜਕੋਹਾ. ਰਵਿੰਦਰ ਸਹਿਰਾਅ, ਪ੍ਰਿੰ. ਸਰਵਣ ਸਿੰਘ ਨੇ ਪੰਜਾਬ ਦੇ ਭਖਦੇ ਮਸਲਿਆਂ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਪਰਵਾਸ ਦੀਆਂ ਚੁਣੌਤੀਆਂ ਤੇ ਮਸਲਿਆਂ ਨੂੰ ਸਰੋਤਿਆਂ ਨਾਲ ਸਾਂਝਿਆ ਕੀਤਾ। ਨਵਲਪ੍ਰੀਤ ਰੰਗੀ ਨੇ ਸੂਤਰਧਾਰ ਵਜੋਂ ਭੂਮਿਕਾ ਨਿਭਾਉਂਦਿਆ ਯੁਵਾ ਪ੍ਰਵਾਸ , ਨਾਰੀ ਪ੍ਰਵਾਸ ਅਤੇ ਬਜੁਰਗ ਪ੍ਰਵਾਸ ਨਾਲ ਜੁੜੇ ਮਸਲਿਆਂ ਨੂੰ ਕੇਂਦਰ ਵਿਚ ਰੱਖ ਕੇ ਗਹਿਨ-ਗੰਭੀਰ ਵਿਚਾਰ ਚਰਚਾ ਕੀਤੀ।
ਇਸ ਉਪਰੰਤ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਆਯੋਜਿਤ ’ਪੰਜਾਬ ਦੀ ਸਿਆਸਤ ਦਾ ਇਤਿਹਾਸਕ ਪਰਿਪੇਖ ਵਿਸ਼ੇ’ ਅਧੀਨ ਪੈਨਲ ਚਰਚਾ ਕਰਵਾਈ ਗਈ ਜਿਸ ਵਿਚ ਵਿਸ਼ਾ ਮਾਹਿਰ ਵਜੋਂ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ-ਚਾਂਸਲਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤਕ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾ. ਜਗਰੂਪ ਸਿੰਘ ਸੇਖੋਂ ਨੇ ਸੰਬੰਧਿਤ ਵਿਸ਼ੇ ਤੇ ਗਿਆਨ ਭਰਪੂਰ ਵਿਚਾਰ ਚਰਚਾ ਕੀਤੀ। ਸ਼ਾਮ ਸਮੇਂ ਰੂਹ ਦੇ ਰੰਗ: ਕਵੀਸ਼ਰੀ ਪ੍ਰੋਗਰਾਮ ਅਧੀਨ ਸ. ਗੁਰਮੁਖ ਸਿੰਘ ਐਮ.ਏ. ਦਾ ਜਥਾ, ਧੰਨਾ ਸਿੰਘ ਗੁਲਸ਼ਨ(ਸ਼ਹਿਬਾਜ਼), ਲਵਪ੍ਰੀਤ ਸਿੰਘ ਬੈਂਕਾ (ਕਵੀਸ਼ਰੀ ਜਥਾ) ਨੇ ਆਪਣੇ ਫਨ ਦਾ ਮੁਜਾਰਾ ਕਰਦਿਆ ਮੇਲੇ ਨੂੰ ਚਾਰ-ਚੰਨ ਲਗਾਏ। ਸਮਾਗਮ ਦੇ ਅੰਤ ਵਿਚ ਯੁਵਕ ਭਲਾਈ ਵਿਭਾਗ ਵਲੋਂ ਕਾਲਜ ਦੇ ਵਿਦਿਆਰਥੀਆਂ ਦੁਆਰਾ ਲੋਕ ਨਾਚ ਗਿੱਧੇ ਦੀ ਖੂਬਸੂਰਤ ਪੇਸ਼ਕਾਰੀ ਨਾਲ ਮੇਲਾ ਆਪਣੇ ਸਿਖਰ ਤੇ ਪੁੱਜਾ।