ਨਵੀਂ ਦਿੱਲੀ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਸਾਹਿਬ ਦੇ ਅਨਿੰਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਈ ਧਰਮ ਰੱਖਿਅਕ ਯਾਤਰਾ ਨਗਰ ਕੀਰਤਨ ਦੇ ਰੂਪ ਵਿਚ ਅੱਜ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੋਂ ਆਰੰਭ ਹੋ ਕੇ ਦੇਰ ਸ਼ਾਮ ਆਪਣੇ ਅਗਲੇ ਪੜਾਅ ਗੁਰੂ ਹਰਿਕ੍ਰਿਸ਼ਨ ਨਗਰ ਵਿਖੇ ਪਹੁੰਚੀ ਜਿਥੇ ਰਾਤਰੀ ਵਿਸ਼ਰਾਮ ਲਈ ਯਾਤਰਾ ਠਹਿਰੇਗੀ। ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੋਂ ਆਰੰਭ ਹੋ ਕੇ ਇਹ ਯਾਤਰਾ ਤਿਲਕ ਨਗਰ ਮੈਟਰੋ ਸਟੇਸ਼ਨ, ਡਿਸਟ੍ਰਿਕ ਸੈਂਟਰ ਜਨਕਪੁਰੀ, ਉੱਤਮ ਨਗਰ ਮੈਟਰੋ ਸਟੇਸ਼ਨ ਤੋਂ ਯੂ ਟਰਨ, ਵਿਕਾਸਪੁਰੀ ਮੋੜ, ਵਿਕਾਸਪੁਰੀ ਡੀ ਬਲਾਕ, ਗੁਰਦੁਆਰਾ ਸਾਹਿਬ ਸੀ ਬਲਾਕ, ਬਾਹਰੀ ਰਿੰਗ ਰੋਡ, ਪੇਸਟ੍ਰੀ ਪੈਲੇਸ ਤੋਂ ਖੱਬੇ ਮਨੋਹਰ ਨਗਰ ਤੋਂ ਕਾਬਲੀ ਚੌਂਕ, 20 ਬਲਾਕ ਗੁਰਦੁਆਰਾ ਸਾਹਿਬ ਸੀ ਬਲਾਕ ਤਿਲਕ ਨਗਰ, ਪ੍ਰਿਥਵੀ ਪਾਰਕ ਤੋਂ ਖੱਬੇ ਸ਼ਮਸ਼ਾਨ ਘਾਟ ਰੋਡ, ਸਾਹਿਬਪੁਰਾ, ਅਗਰਵਾਸ ਸਵੀਟਸ ਤੋਂ ਸੱਜੇ ਸੰਤ ਨਗਰ ਐਕਸ. ਤੋਂ ਟੀ ਪੁਆਇੰਟ ਤੋਂ ਸੱਜੇ ਚੌਖੰਡੀ ਤੋਂ ਖੱਬੇ ਰਾਮ ਨਗਰ ਤੋਂ ਸੱਜੇ 830 ਬੱਸ ਸਟੈਂਡ, ਕੇਸ਼ੋਪੁਰ ਮੰਡੀ, ਬਾਹਰੀ ਰਿੰਗ ਰੋਡ, ਸੀ ਆਰ ਪੀ ਐਫ ਕੈਂਪ, ਕੇਸ਼ੋਪੁਰ ਗਾਂਵ ਰੋਡ, ਖੰਡਾ ਚੌਂਕ, ਗੁਰੂ ਨਾਨਕ ਵਿਹਾਰ, ਮੇਨ ਰੋਡ ਚੰਦਰ ਵਿਆਰ ਅਗਰਵਾਲ ਚੌਂਕ ਤੋਂ ਹੁੰਦੀ ਹੋਈ ਗੁਰੂ ਹਰਿਕ੍ਰਿਸ਼ਨ ਨਗਰ ਵਿਖੇ ਪਹੁੰਚੀ ਜਿਥੇ ਰਾਤਰੀ ਵਿਸ਼ਰਾਮ ਲਈ ਠਹਿਰੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਰੂਪੀ ਯਾਤਰਾ ਦਾ ਹਰ ਥਾਂ ਨਿੱਘਾ ਸਵਾਗਤ ਕਰਨ ਲਈ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਮੇਸ਼ਾ ਸੰਗਤਾਂ ਦੇ ਰਿਣੀ ਰਹਿਣਗੇ।
ਉਹਨਾਂ ਕਿਹਾ ਕਿ ਅਸੀਂ ਸਾਰੇ ਵਡਭਾਗੀ ਹਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸਾਡੇ ਜੀਵਨਕਾਲ ਵਿਚ ਆਇਆ ਹੈ ਜਿਸ ਰਾਹੀਂ ਅਸੀਂ ਗੁਰੂ ਦੇ ਲੜ ਲੱਗ ਸਕੇ ਹਾਂ। ਉਹਨਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸਾਡੀ ਅਪੀਲ ਪ੍ਰਵਾਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਰੱਖੇ ਹਨ ਜਿਹਨਾਂ ਦੀ ਸੰਪੂਰਨਤਾ 25 ਨਵੰਬਰ ਨੂੰ ਲਾਲ ਕਿਲ੍ਹੇ ’ਤੇ ਹੋਵੇਗੀ। ਉਹਨਾਂ ਕਿਹਾ ਕਿ ਜਿਸ ਤਰੀਕੇ ਸੰਗਤਾਂ ਨੇ ਧਰਮ ਰੱਖਿਅਕ ਯਾਤਰਾ ਪ੍ਰਤੀ ਸ਼ਰਧਾ ਤੇ ਉਤਸ਼ਾਹ ਵਿਖਾਇਆ ਹੈ, ਉਸਨੇ ਆਪਣੇ ਆਪ ਵਿਚ ਇਤਿਹਾਸ ਸਿਰਜ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੇ ਅੰਤਿਮ ਸਸਕਾਰ ਕਿਉਂਕਿ ਦਿੱਲੀ ਵਿਚ ਹੀ ਹੋਈ ਸੀ ਜਿਥੇ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹੈ, ਇਸ ਲਈ ਸੰਗਤਾਂ ਵਿਚ ਇਸ ਦਿਹਾੜੇ ਨੂੰ ਲੈ ਕੇ ਬਹੁਤ ਜ਼ਿਆਦਾ ਸਤਿਕਾਰ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਅਗਲੇ ਪੜਾਅ ਵਿਚ ਵੀ ਸੰਗਤਾਂ ਇਸੇ ਤਰੀਕੇ ਸ਼ਰਧਾ ਤੇ ਸਤਿਕਾਰ ਨਾਲ ਯਾਤਰਾ ਦਾ ਸਵਾਗਤ ਕਰਨਗੀਆਂ।