ਅੰਮ੍ਰਿਤਸਰ-ਖੁਦਮੁਖਤਿਆਰ ਸੰਸਥਾ ਇਤਿਹਾਸਕ ਖਾਲਸਾ ਕਾਲਜ ਵਿਖੇ ‘10ਵਾਂ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਅੱਜ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਅਤੇ ਪੰਜਾਬੀ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਤੇ ਸਮੂਹ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਮੇਲੇ ਦੇ ਪੰਜਵੇਂ ਦਿਨ ਦੇ ਉਦਾਘਾਟਨੀ ਸੈਸ਼ਨ ਦਾ ਆਰੰਭ ‘ਘਾਲਿ ਖਾਇ ਕਿਛੁ ਹਥਹੁ ਦੇਇ’ ਗੁਰਬਾਣੀ ਦੀ ਤੁਕ ਦੀ ਵਿਆਖਿਆ ਨਾਲ ਹੋਇਆ। ਸਮਾਗਮ ਦੇ ਆਰੰਭ ’ਚ ਪ੍ਰਿੰ: ਡਾ. ਰੰਧਾਵਾ, ਡਾ. ਪਰਮਿੰਦਰ ਸਿੰਘ, ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਅਤੇ ਡੀਨ ਵਿਦਿਆਰਥੀ ਭਲਾਈ ਡਾ. ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਦੇ ਸਨਮਾਨ ਚਿੰਨ੍ਹ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਇਸ ਸਮਾਗਮ ਵਿਚ ਡਾ. ਵਰਿੰਦਰ ਭੱਲਾ ਅਤੇ ਮਿਸਿਜ਼ ਰਤਨਾ ਭੱਲਾ ਯੂ.ਐਸ.ਏ. ਨੇ ਮੁੱਖ ਮਹਿਮਾਨ ਅਤੇ ਸ੍ਰੀ ਸੁਰਿੰਦਰ ਸਿੰਘ, ਅਡੀਸ਼ਨਲ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ, ਅੰਮ੍ਰਿਤਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉਚੇਚੇ ਤੌਰ ’ਤੇ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਖਾਲਸਾ ਗਲੋਬਲ ਐਲਮੂਨੀ ਐਸੋਸੀਏਸ਼ਨ ਦੇ ਕਨਵੀਨਰ ਡਾ. ਦਵਿੰਦਰ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਦੇ ਮਾਣਮੱਤੇ ਇਤਿਹਾਸ ਅਤੇ ਇੱਥੋਂ ਦੇ ਬਹੁਤ ਹੀ ਪ੍ਰਭਾਵਸ਼ਾਲੀ ਐਲੂਮਨੀ ਬਾਰੇ ਜ਼ਿਕਰ ਕਰਦਿਆਂ ਕਾਲਜ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਸਬੰਧੀ ਚਾਨਣਾ ਪਾਇਆ।
ਸਮਾਗਮ ਦੇ ਆਰੰਭ ਵਿਚ ‘ਘਾਲਿ ਖਾਇ ਕਿਛੁ ਹਥਹੁ ਦੇਇ’ ਦੇ ਸਿਰਲੇਖ ਅਧੀਨ ਡਾ. ਵਰਿੰਦਰ ਭੱਲਾ ਯੂ.ਐਸ.ਏ. ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦਿਆ ਕਿਹਾ ਕਿ ਉਹ ਆਪਣੇ ਪਿਤਾ ਦੀ ਯਾਦ, ਅਗਵਾਈ, ਮਾਰਗ-ਦਰਸ਼ਨ, ਸੰਸਕਾਰਾਂ ਤੇ ਕਾਰਜਾਂ ਨੂੰ ਜੀਵੰਤ ਰੱਖਣ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 1969 ਵਿਚ ਯੂ.ਐਸ.ਏ ਉੱਚ ਵਿਦਿਆ ਪ੍ਰਾਪਤੀ ਲਈ ਗਏ। ਉਨ੍ਹਾਂ ਦੇ ਪਿਤਾ ਨੇ ਅੱਖਾਂ ਤੋਂ ਨਾ ਦਿਸਣ ਵਾਲੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ । ਇਸੇ ਪਰੰਪਰਾ ਅਧੀਨ ਉਨ੍ਹਾਂ ਨੇ ਛੇਹਰਟੇ ਅੰਮ੍ਰਿਤਸਰ ਵਿਚ ਚਮਨ ਲਾਲ ਭੱਲਾ ਲੇਨ ਅਧੀਨ ਅੱਖਾਂ ਦਾ ਕੈਂਪ ਲਗਾਉਣਾ ਸ਼ੁਰੂ ਕੀਤਾ। ਇਸੇ ਲੜੀ ਅਧੀਨ ਵੱਖ-ਵੱਖ ਖੇਤਰਾਂ ਵਿਚ ਨਾਮ ਖੱਟਣ ਵਾਲੇ ਵਿਦਿਆਰਥੀਆਂ ਨੂੰ ਚਮਨ ਲਾਲ ਭੱਲਾ ਸਕਾਲਰਸ਼ਿਪ ਅਧੀਨ ਵਜੀਫੇ ਦੇਣੇ ਸ਼ੁਰੂ ਕੀਤੇ । ਇਹ ਵਜੀਫੇ ਖੇਡ, ਸੰਗੀਤ ਤੇ ਹੋਰ ਖੇਤਰਾਂ ਦੇ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਇਸ ਸਮੇਂ ਹੜ੍ਹਾਂ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਜੀਫੇ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਇਸ ਲੜੀ ਨੂੰ ਅਗਾਂਹ ਜਾਰੀ ਰੱਖਦਿਆ ਉੱਚੇ ਮੁਕਾਮ ਤੇ ਪਹੁੰਚ ਕੇ ਹੋਰ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਇਸ ਵਿਚ ਯੋਗਦਾਨ ਪਾਉਣ ਤਾਂ ਕਿ ਇਹ ਸਕਾਲਰਸ਼ਿਪ ਇਕ ਲਹਿਰ ਬਣ ਸਕੇ।
ਇਸ ਉਪਰੰਤ ਰਤਨਾ ਭੱਲਾ ਯੂ. ਐਸ. ਏ. ਨੇ ਪ੍ਰਿੰ: ਡਾ. ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੇ ਪਿਤਾ ਦੀ ਪਰੰਪਰਾ ਨੂੰ ਕਾਇਮ ਰੱਖਣ ਦਾ ਮੌਕਾ ਦਿੱਤਾ। ਮੌਜੂਦਾ ਸਮੇਂ ਉਹ ਅੱਖਾਂ ਦੀ ਰੌਸ਼ਨੀ ਤੋਂ ਮਰਹੂਮ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮਾਤਾ ਆਗਿਆਵਤੀ ਭੱਲਾ ਦੀ ਦਿੱਲੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਪ੍ਰੇਰਨਾ ਨੂੰ ਯਾਦ ਕਰਵਾਇਆ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਦੀ ਇਹ ਭਾਵਨਾ ਪਿਤਾ ਚਮਨ ਲਾਲ ਭੱਲਾ ਜੀ ਦੀ ਯਾਦ ਤੇ ਉਨ੍ਹਾਂ ਦੇ ਫਲਸਫੇ ਨੂੰ ਜੀਵਿੰਤ ਰੱਖਣ ਦਾ ਇਕ ਉਪਰਾਲਾ ਹੈ। ਇਸ ਉਪਰੰਤ ਵੱਖ-ਵੱਖ ਵਿਭਾਗਾ ਦੇ ਵਿਚ ਵਿਭਿੰਨ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਜੀਫੇ ਵੰਡੇ ਗਏ। ਵਿਦਿਆਰਥੀ ਨਾਜੁਕ ਨੇ ਸਮੂਹ ਵਿਦਿਆਰਥਾਂ ਵਲੋਂ ਭੱਲਾ ਪਰਿਵਾਰ ਦਾ ਧੰਨਵਾਦ ਕੀਤਾ।
ਸਮਾਗਮ ਦੇ ਦੂਜੇ ਸੈਸ਼ਨ ’ਪੰਜਾਬੀ ਯੁਵਕ ਤੇ ਰੰਗਮੰਚ’ ਅਧੀਨ ਪੈਨਲ ਚਰਚਾ ਆਯੋਜਿਤ ਹੋਈ। ਨਾਟਕਕਾਰ ਸ੍ਰੀ ਜਗਦੀਸ਼ ਸਚਦੇਵਾ ਨੇ ਆਪਣੇ ਜੀਵਨ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਬਹੁਤ ਜਰੂਰੀ ਹੈ। ਵਿਦਿਆਰਥੀ ਵਿਚ ਕਲਾ ਦੀ ਕੋਈ ਨ ਕੋਈ ਚਿਣਗ ਹੋਣੀ ਲਾਜ਼ਮੀ ਹੈ। ਵਿਦਿਆਰਥੀਆਂ ਦੀ ਸਿਰਜਣਾਤਮਕ ਭਾਵਨਾਵਾਂ ਉਜਾਗਰ ਕਰਨ ਦੀ ਲੋੜ ਹੈ। ਕਲਾ ਢਾਲ ਦਾ ਕੰਮ ਕਰਦੀ ਹੈ। ਜੀਵਨ ਵਿਚ ਪੜਾਈ ਰੁਜ਼ਗਾਰ ਦਿੰਦੀ ਹੈ। ਪਰ ਕਲਾ ਦਾ ਸੁਮੇਲ ਹੋਣਾ ਵੀ ਜਰੂਰੀ ਹੈ ਕਲਾ ਵੀ ਰੁਜ਼ਗਾਰ ਪ੍ਰਦਾਨ ਕਰਦੀ ਹੈ। ਕਲਾ ਨੂੰ ਜੇਕਰ ਧਾਰ ਲਿਆ ਜਾਵੇ ਤਾਂ ਦੁਨੀਆਂ ਕਲਾਵਾਂ ਦਾ ਸੁਆਗਤ ਕਰੇਗੀ। ਕਲਾ ਨੂੰ ਜੀਵਨ ਦਾ ਹਿੱਸਾ ਬਣਾਉਣਾ ਜਰੂਰੀ ਹੈ।
ਇਸ ਉਪਰੰਤ ਕੇਵਲ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਨੌਜਵਾਨ ਰੰਗਮੰਚ ਨੂੰ ਬਣਾਉਂਦੇ ਹਨ ਅਤੇ ਇਸਨੂੰ ਅੱਗੇ ਤੋਰਦੇ ਹਨ। ਪਹਿਲਾਂ ਰੰਗਮੰਚ ਦੀ ਪੜਾਈ ਨਹੀਂ ਸੀ ਹੁੰਦੀ ਪਰ ਹੁਣ ਥੀਏਟਰ ਇਕ ਵਿਸ਼ੇ ਵਜੋਂ ਕਾਲਜ ਪੜਾਈ ਦਾ ਹਿੱਸਾ ਬਣਿਆ ਹੈ। ਰੰਗਮੰਚ ਮਨੁੱਖ ਨੂੰ ਜਿੰਮੇਵਾਰ ਬਣਾਉਂਦਾ ਹੈ। ਰੰਗਮੰਚ ਜਿੰਮੇਵਾਰ ਲੋਕਾਂ ਦਾ ਕੰਮ ਹੈ ਜੋ ਸਮਾਜ ਪ੍ਰਤੀ ਜਿੰਮੇਵਾਰ ਹਨ। ਸਮਾਜ ਦੇ ਮਸਲਿਆਂ ਨੂੰ ਕਿਵੇਂ ਸੰਬੋਧਨ ਕਰਨਾ ਹੈ ਇਹ ਕਾਰਜ ਰੰਗਮੰਚ ਦਾ ਹੈ। ਰੰਗਮੰਚ ਦੱਸਦਾ ਹੈ ਕਿ ਜਿੰਦਗੀ ਨੂੰ ਜੀਣ ਦੇ ਕਾਬਲ ਕਿਵੇਂ ਬਣਾਉਣਾ ਹੈ। ਉਹ ਪੰਜਾਬੀ ਥੀਏਟਰ ਨੂੰ ਨਿਸ਼ਚਤ ਤਰਤੀਬ ਦੇਣ ਦੀ ਗੱਲ ਕਰਦੇ ਹਨ । ਉਹ ਕਹਿੰਦੇ ਹਨ ਕਿ ਰੰਗਮੰਚ ਆਤਮ-ਵਿਸ਼ਵਾਸ ਤੇ ਜੀਵਨ ਨੂੰ ਤਰਤੀਬ ਦਿੰਦਾ ਹੈ। ਉਨ੍ਹਾਂ ਅਨੁਸਾਰ ਰੰਗਮੰਚ ਉਹੀ ਵਿਅਕਤੀ ਕਰ ਸਕਦਾ ਜਿਸਦੇ ਅੰਦਰ ਕੁਝ ਧੁਖਦਾ ਹੋਵੇ। ਰੰਗਮੰਚ ਦੀਆਂ ਪਰੰਪਰਾਵਾਂ ਨੂੰ ਨੌਜਵਾਨ ਪੀੜ੍ਹੀ ਨੇ ਅੱਗੇ ਤੋਰਨਾ ਹੈ। ਨਾਟਕ ਦਾ ਐਕਟਰ ਪੜਿਆ ਲਿਖਿਆ ਤੇ ਅਨੁਭਵੀ ਹੋਣਾ ਚਾਹੀਦਾ।
ਪ੍ਰਧਾਨਗੀ ਭਾਸ਼ਣ ਵਿਚ ਨਿਰਮਲ ਜੌੜਾ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਕਿਸੇ ਵੀ ਸਾਹਿਤਕ ਵਿਧਾ ਭਾਵੇ ਨਾਵਲ, ਕਹਾਣੀ, ਕਵਿਤਾ, ਨਾਟਕ ਨਾਲ ਜੁੜ ਕੇ ਆਪਣੇ ਜਿਹਨ ਨੂੰ ਤਾਜਾ ਕਰੋ। ਉਨ੍ਹਾਂ ਪੰਜਾਬੀ ਦੇ ਨਾਟਕਕਾਰਾਂ, ਡਾ. ਆਤਮਜੀਤ, ਪਾਲੀ ਭੁਪਿੰਦਰ, ਗੁਰਸ਼ਰਨ ਭਾਜੀ ਦੀ ਪੰਜਾਬੀ ਰੰਗਮੰਚ ਨੂੰ ਦੇਣ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਅੰਤ ਤੇ ਉਹਨਾਂ ਕਿਹਾ ਨੌਜਵਾਨ ਨਾਟਕ ਦੇ ਨਿਰਦੇਸ਼ਨ, ਸਕਰਿਪਟ ਉੱਪਰ ਕੰਮ ਕਰਨ ਵਲ ਧਿਆਨ ਦੇਣ। ਡਾ. ਪਰਮਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਤੀਜੇ ਸੈਸ਼ਨ ਦਾ ਮੰਚ ਸੰਚਾਲਨ ਡਾ. ਹੀਰਾ ਸਿੰਘ ਨੇ ਕੀਤਾ। ਇਸ ਮੌਕੇ ਓਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ, ਰਾਜਵਿੰਦਰ ਕੌਰ ਜਿਲ੍ਹਾਂ ਪ੍ਰਧਾਨ ਅੰਮ੍ਰਿਤਸਰ, ਨਿਰਮਲਜੀਤ ਕੌਰ ਜਿਲ੍ਹਾਂ ਪ੍ਰਧਾਨ ਤਰਨ-ਤਾਰਨ ਨੇ ਸ਼ਿਰਕਤ ਕੀਤੀ। ਇਸ ਉਪਰੰਤ ਸਕੂਲ ਵਿਦਿਆਰਥੀਆਂ ਨੇ ਕਾਵਿ ਉਚਾਰਨ ਦੀ ਪੇਸ਼ਕਾਰੀ ਕੀਤੀ । ਪੇਸ਼ਕਾਰੀ ਉਪਰੰਤ ਵਿਦਿਆਰਥੀਆਂ ਦੀ ਹੋਸਲਾ ਹਫਜਾਈ ਕਰਨ ਅਤੇ ਉਨ੍ਹਾਂ ਵਿਚ ਸਾਹਿਤਕ ਚੇਤਨਾ ਪੈਦਾ ਕਰਨ ਲਈ ਉਨ੍ਹਾਂ ਨੂੰ ਮੈਡਲ ਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ।
ਸਮਾਗਮ ਦੇ ਵਿਦਾਇਗੀ ਸਮਾਰੋਹ ਵਿਚ ‘ਕਿਸਾਨ ਤੇ ਕਿਤਾਬ’ ਵਿਸ਼ੇ ਤੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਸਿੱਖੀ ਵਿਰਾਸਤ ਦੇ ਇਤਿਹਾਸ ਤੇ ਮਹਾਨ ਦੇਣ ਤੋਂ ਜਾਣੂ ਕਰਵਾਇਆ। ਉਨ੍ਹਾਂ ਪੰਜਾਬੀ ਕੌਮ ਦੀ ਅਮੀਰ ਪਰੰਪਰਾ ਨੂੰ ਚੇਤੇ ਕਰਵਾਉਂਦਿਆ ਕਿਹਾ ਕਿ ਸਾਡੇ ਇਤਿਹਾਸ ਵਿਚ ਦੱਸਵੇਂ ਗੁਰੂ ਸਾਹਿਬਾਨ ਨੇ ਨੌ ਸਾਲ ਦੀ ਉਮਰ ਵਿਚ ਪਿਤਾ ਗੁਰੂ ਤੇਗ ਬਹਾਦਰ ਨੂੰ ਹਿੰਦੂ ਕੌਮ ਦੀ ਰੱਖਿਆ ਲਈ ਕਰਬਾਨੀ ਦੇ ਜਜਬੇ ਦੀ ਭਾਵਨਾ ਦੇ ਵਿਚਾਰਾਂ ਨੂੰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਵਿਭਿੰਨ ਰਾਜਸੀ ਲਹਿਰਾਂ ਨੂੰ ਨੌਜਵਾਨ ਸਰਗਰਮ ਕਰਦੇ ਰਹੇ ਹਨ। ਉਨ੍ਹਾਂ ਨੇ ਨਿਰਮਲ ਜੌੜਾ ਦੇ ਭਾਸ਼ਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਵਧੀਆ ਉਪਰਾਲਾ ਹੈ। ਯੁਵਕ ਭਲਾਈ ਅਤੇ ਸਭਿਆਚਾਰਕ ਗਤੀਵਿਧੀਆਂ ਵਿਭਾਗ ਦੇ ਵਿਦਿਆਰਥਾਂ ਵੱਲੋਂ ਲੋਕਨਾਚ ਝੂਮਰ ਦੀ ਪੇਸ਼ਕਾਰੀ ਨਾਲ 10ਵੇਂ ਸਾਹਿਤ ਅਤੇ ਪੁਸਤਕ ਮੇਲਾ ਆਪਣੇ ਸਿਖਰ ਵੱਲ ਵਧਿਆ।