ਸ੍ਰੀ ਅਨੰਦਪੁਰ ਸਾਹਿਬ-ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ‘ਚ ਪੁੱਜਣ ਵਾਲੀ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਲਈ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਾਰੇ ਸੀਨੀਅਰ ਕੈਬਨਿਟ ਮੰਤਰੀਆਂ ਵੱਲੋਂ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਸੀ। ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਭਗਵੰਤ ਸਿੰਘ ਮਾਨ ਅਤੇ ’ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਾਮਲ ਹੋਏ। ਇਸੇ ਤਰ੍ਹਾਂ, ਸੂਬੇ ਭਰ ਦੇ ਸਾਰੇ 23 ਜ਼ਿਲਿ੍ਹਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ ਅਤੇ ਬਾਬਾ ਬਕਾਲਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਕੀਰਤਨ ਦਰਬਾਰ ਸਜਾਏ ਗਏ। 19 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਛਤਾਹੀ, ਸ੍ਰੀਨਗਰ ਤੋਂ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਏ। ਇਹ ਨਗਰ ਕੀਰਤਨ ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਅਤੇ ਗੜ੍ਹਸ਼ੰਕਰ ਹੁੰਦਾ ਹੋਇਆ 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਉਨ੍ਹਾਂ ਕਿਹਾ ਕਿ ਮਾਝਾ ਦੋਆਬਾ ਰੂਟ ’ਤੇ ਇਕ ਹੋਰ ਨਗਰ ਕੀਰਤਨ 22 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੰਗਤ ਸਰ ਪਾਠਵਾਲਾ, ਗੁਰਦਾਸਪੁਰ ਤੋਂ ਸਜਾਇਆ ਜਾਵੇਗਾ ਜੋ ਬਟਾਲਾ, ਬਾਬਾ ਬਕਾਲਾ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਕਰਤਾਰਪੁਰ, ਜਲੰਧਰ, ਫਗਵਾੜਾ, ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਤੋਂ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਇਸੇ ਤਰ੍ਹਾਂ ਮਾਲਵਾ 1 ਰੂਟ ’ਤੇ ਇਕ ਹੋਰ ਨਗਰ ਕੀਰਤਨ 20 ਨਵੰਬਰ ਨੂੰ ਕਿਲ੍ਹਾ ਮੁਬਾਰਕ (ਬਾਬਾ ਸ਼ੇਖ ਫ਼ਰੀਦ ਯਾਦਗਾਰੀ ਅਸਥਾਨ), ਫਰੀਦਕੋਟ ਤੋਂ ਸਜਾਇਆ ਜਾਵੇਗਾ ਜੋ ਫਿਰੋਜ਼ਪੁਰ, ਮੋਗਾ, ਜਗਰਾਓਂ, ਲੁਧਿਆਣਾ, ਖੰਨਾ, ਸਰਹਿੰਦ, ਫਤਿਹਗੜ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ ਅਤੇ ਰੂਪਨਗਰ ਤੋਂ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਇਸੇ ਤਰ੍ਹਾਂ ਮਾਲਵਾ 2 ਰੂਟ ’ਤੇ ਇਕ ਹੋਰ ਨਗਰ ਕੀਰਤਨ 20 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਰਾਜਪੁਰਾ, ਬਨੂੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕੁਰਾਲੀ, ਰੂਪਨਗਰ ਤੋਂ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਬਾਬਾ ਬੁੱਢਾ ਦਲ ਛਾਉਣੀ ਨੇੜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਜਿਸ ਵਿਚ ਮੁੱਖ ਮੰਤਰੀ ਸਮੇਤ ਹੋਰ ਪਤਵੰਤੇ ਸ਼ਾਮਲ ਹੋਣਗੇ। ਇਸੇ ਤਰ੍ਹਾਂ ਮੁੱਖ ਮੰਤਰੀ ਵੱਲੋਂ ਵਿਰਾਸਤ-ਏ-ਖਾਲਸਾ ਯਾਦਗਾਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਸੇ ਦਿਨ ਮੁੱਖ ਪੰਡਾਲ ਬਾਬਾ ਬੁੱਢਾ ਦਲ ਛਾਉਣੀ ਵਿਖੇ ਸੂਬਾ ਸਰਕਾਰ ਵੱਲੋਂ ਸਰਵ ਧਰਮ ਸੰਮੇਲਨ ਕਰਵਾਇਆ ਜਾਵੇਗਾ ਜਿਸ ਵਿੱਚ ਉੱਘੇ ਧਾਰਮਿਕ ਆਗੂ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ, ਡਾ.ਰੱਬੀ ਇਜ਼ਕੀਏਲ ਇਸਾਕ ਮਾਲੇਕਰ (ਯਹੂਦੀ), ਭੀਖੂ ਸੰਘਸੇਨਾ ਜੀ (ਬੁੱਢਾ), ਸਵਾਮੀ ਚਿਦਾਨੰਦ ਸਰਸਵਤੀ ਜੀ, ਆਚਾਰੀਆ ਡਾ: ਲੋਕੇਸ਼ ਮੁਨੀ ਜੀ (ਜੈਨ), ਰਾਜਯੋਗੀ ਡਾ: ਬਿੰਨੀ ਸਰੀਨ ਜੀ (ਬ੍ਰਹਮਾ ਕੁਮਾਰੀ), ਹਾਜੀ ਸਈਅਦ ਸਲਮਾਨ ਚਿਸਤੀ ਜੀ (ਮੁਸਲਿਮ), ਮਹੰਤ ਗਿਆਨਦੇਵ ਜੀ (ਨਿਰਮਲ ਅਖਾੜਾ), ਸਈਅਦ ਅਫਸਰ ਅਲੀ ਨਿਜ਼ਾਮੀ (ਮੁਸਲਿਮ), ਪਰਮਪੂਜਯ ਮੁਕਤਾਨੰਦ ਬਾਪੂ ਜੀ ਅਤੇ ਮਹੰਤ ਸੰਪੂਰਨਾਨੰਦ ਜੀ (ਪੰਚਗਨੀ ਅਖਾੜਾ) ਸਮੇਤ ਹੋਰ ਪਤਵੰਤੇ ਸ਼ਾਮਲ ਹੋਣਗੇ।
ਸ. ਬੈਂਸ ਨੇ ਕਿਹਾ 24 ਨਵੰਬਰ ਨੂੰ ਕੀਰਤਪੁਰ ਸਾਹਿਬ ਤੋਂ ਭਾਈ ਜੈਤਾ ਜੀ ਦੀ ਯਾਦਗਾਰ ਤੱਕ ਸੀਸ ਭੇਂਟ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ (ਗੁਰਦੁਆਰਾ ਭੋਰਾ ਸਾਹਿਬ-ਗੁਰਦੁਆਰਾ ਸ਼ੀਸ਼ ਗੰਜ ਸਾਹਿਬ-ਗੁਰੂ ਤੇਗ਼ ਬਹਾਦਰ ਅਜਾਇਬ ਘਰ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ-ਕਿਲਾ ਆਨੰਦਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਵਿਖੇ ਸਮਾਪਤ) ਵਿਖੇ ਹੈਰੀਟੇਜ ਵਾਕ ਕਰਵਾਈ ਜਾਵੇਗੀ ਅਤੇ ਭਾਈ ਜੈਤਾ ਜੀ ਦੀ ਯਾਦਗਾਰ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਚਰਨ ਗੰਗਾ ਸਟੇਡੀਅਮ ਵਿਖੇ ਗਤਕਾ ਅਤੇ ਹੋਰ ਸਮਾਗਮ ਜਿਵੇਂ ਕਿ ਟੈਂਟ ਪੈਗਿੰਗ, ਢਾਲ-ਤਲਵਾਰ ਮੁਕਾਬਲਾ ਅਤੇ ਸ਼ਾਸਤਰ ਦਰਸ਼ਨ, ਸਿਮਰਨ ਅਤੇ ਸਵਾਰਡ ਫਿਊਜ਼ਨ ਆਦਿ ਕਰਵਾਏ ਜਾਣਗੇ। ਇਸੇ ਤਰ੍ਹਾਂ ਵਿਰਾਸਤ-ਏ-ਖਾਲਸਾ ਯਾਦਗਾਰ ਵਿਖੇ 23 ਤੋਂ 29 ਨਵੰਬਰ ਤੱਕ ਰੋਜ਼ਾਨਾ ਡਰੋਨ ਸ਼ੋਅ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ, ਬਾਬਾ ਬੁੱਢਾ ਦਲ ਛਾਉਣੀ ਦੇ ਮੁੱਖ ਪੰਡਾਲ ਵਿਖੇ ਸਰਬੱਤ ਦਾ ਭਲਾ ਇਕੱਤਰਤਾ ਸਮਾਗਮ ਕਰਵਾਇਆ ਜਾਵੇਗਾ। ਸੂਬਾ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪਵਿੱਤਰ ਨਗਰੀ ਵਿਖੇ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਮਾਗਮਾਂ ਦੌਰਾਨ ਭਾਰੀ ਗਿਣਤੀ ਵਿੱਚ ਵਾਹਨਾਂ ਦੀ ਆਮਦ ਦੇ ਪ੍ਰਬੰਧਨ ਲਈ ਇੱਕ ਢਾਂਚਾਗਤ ਤਿੰਨ-ਪੱਧਰੀ ਪਾਰਕਿੰਗ ਪ੍ਰਣਾਲੀ (ਸ਼੍ਰੇਣੀ ਏ, ਬੀ, ਅਤੇ ਸੀ) ਲਾਗੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੇਣੀ ਏ ਪਾਰਕਿੰਗ ਮੁੱਖ ਇਕੱਠ ਵਾਲੇ ਸਥਾਨਾਂ ਦੇ ਸਭ ਤੋਂ ਨੇੜੇ ਸਥਿਤ ਹੈ, ਜੋ ਆਉਣ-ਜਾਣ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਂਦੀ ਹੈ ਅਤੇ ਸ਼੍ਰੇਣੀ ਬੀ ਪਾਰਕਿੰਗ ਮੁੱਖ ਇਕੱਠ ਵਾਲੇ ਸਥਾਨਾਂ ਤੋਂ ਦਰਮਿਆਨੀ ਦੂਰੀ ’ਤੇ ਸਥਿਤ ਹੈ ਅਤੇ ਇੱਥੋਂ ਸੰਗਤਾਂ ਦੇ ਆਉਣ-ਜਾਣ ਵਾਸਤੇ ਸ਼ਟਲ ਸੇਵਾ ਯਕੀਨੀ ਬਣਾਈ ਗਈ ਹੈ, ਜਦੋਂ ਕਿ ਸ਼੍ਰੇਣੀ ਸੀ ਪਾਰਕਿੰਗ ਕੇਂਦਰੀ ਸਥਾਨਾਂ ਨੇੜੇ ਭੀੜ ਨੂੰ ਰੋਕਣ ਲਈ ਪੈਰੀਫਿਰਲ ਜ਼ੋਨ ਵਜੋਂ ਕੰਮ ਕਰਦੀ ਹੈ। ਸਾਰੇ ਪਾਰਕਿੰਗ ਸਥਾਨ ਸੀ.ਸੀ.ਟੀ.ਵੀ. ਨਿਗਰਾਨੀ, ਰੋਸ਼ਨੀ, ਬੈਰੀਕੇਡਿੰਗ, ਟ੍ਰੈਫਿਕ ਮਾਰਸ਼ਲ, ਸਪੱਸ਼ਟ ਸੰਕੇਤ ਅਤੇ ਮੋਬਾਈਲ ਟਾਇਲਟਾਂ ਨਾਲ ਲੈਸ ਹਨ। ਮੁੱਖ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਦੇ ਆਲੇ ਦੁਆਲੇ ਮੌਜੂਦਾ ਪਾਰਕਿੰਗ ਥਾਵਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਪਾਰਕਿੰਗ ਜ਼ੋਨਾਂ ਤੋਂ ਮੁੱਖ ਸਥਾਨਾਂ ਤੱਕ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਸੰਗਤਾਂ ਦੇ ਆਉਣ-ਜਾਣ ਲਈ ਵੱਡੇ ਪੱਧਰ ’ਤੇ ਸ਼ਟਲ ਟਰਾਂਸਪੋਰਟ ਯੋਜਨਾ ਲਾਗੂ ਕੀਤੀ ਗਈ ਹੈ। ਸੰਗਤਾਂ ਦੀ ਸੇਵਾ ਲਈ ਤਾਇਨਾਤ ਬੇੜੇ ਵਿੱਚ 500 ਈ-ਰਿਕਸ਼ਾ, 150 ਮਿੰਨੀ-ਬੱਸਾਂ, 25 ਫੋਰਸ ਅਰਬਨੀਆ ਵੈਨਾਂ, 15 ਕਾਰਾਂ, 20 ਟਾਟਾ ਏਸ ਵਾਹਨ ਅਤੇ ਬਜ਼ੁਰਗਾਂ ਤੇ ਅਪਾਹਜ ਸੰਗਤਾਂ ਦੀ ਸਹਾਇਤਾ ਲਈ 10 ਗੋਲਫ ਕਾਰਟ ਸ਼ਾਮਲ ਹਨ। ਸ਼ਟਲ ਸੇਵਾਵਾਂ ਪਾਰਕਿੰਗ ਸਥਾਨਾਂ ਅਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਮੁੱਖ ਪੰਡਾਲ, ਟੈਂਟ ਸਿਟੀਜ਼ ਅਤੇ ਹੈਲਪ ਡੈਸਕ ਪੁਆਇੰਟਾਂ ਦਰਮਿਆਨ ਸੰਗਤਾਂ ਨੂੰ ਆਉਣ-ਜਾਣ ਦੀ ਸਹੂਲਤ ਦੇਣਗੀਆਂ। ਸਿਸਟਮ ਦੀ ਮੁਕੰਮਲ ਨਿਗਰਾਨੀ ਏਕੀਕ੍ਰਿਤ ਕੰਟਰੋਲ ਸੈਂਟਰ ਰਾਹੀਂ ਕੀਤੀ ਜਾਵੇਗੀ, ਜਿਸ ਵਿੱਚ ਸਮਰਪਿਤ ਪਿਕ-ਅੱਪ ਪੁਆਇੰਟ, ਸਾਈਨੇਜ ਅਤੇ ਵਲੰਟੀਅਰ ਦੁਆਰਾ ਮਾਰਗਦਰਸ਼ਨ ਸ਼ਾਮਲ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਿਰਵਿਘਨ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਰਿਕਵਰੀ ਵੈਨਾਂ ਅਤੇ ਕ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਉਣ ਵਾਲੀਆਂ ਸੰਗਤਾਂ ਨੂੰ ਸੁਰੱਖਿਅਤ, ਕੁਸ਼ਲ ਅਤੇ ਸੁਚੱਜੇ ਤਾਲਮੇਲ ਨਾਲ ਆਵਾਜਾਈ ਪ੍ਰਦਾਨ ਕਰਨ ਲਈ ਪਾਰਕਿੰਗ ਅਤੇ ਸ਼ਟਲ ਸੇਵਾਵਾਂ ਤਿਆਰ ਕੀਤੀਆਂ ਗਈਆਂ ਹੈ। ਤਿੰਨ-ਪੱਧਰੀ ਪਾਰਕਿੰਗ ਪ੍ਰਣਾਲੀ, ਵਿਆਪਕ ਸ਼ਟਲ ਫਲੀਟ ਅਤੇ ਅਸਲ ਸਮੇਂ ਦੀ ਨਿਗਰਾਨੀ ਰਾਹੀਂ ਸੂਬਾ ਸਰਕਾਰ ਦਾ ਉਦੇਸ਼ 350ਵੇਂ ਸ਼ਹੀਦੀ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਲਈ ਸੁਚਾਰੂ ਆਵਾਜਾਈ ਅਤੇ ਸਕਾਰਾਤਮਕ ਅਨੁਭਵ ਨੂੰ ਯਕੀਨੀ ਬਣਾਉਣਾ ਹੈ।
ਇਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਸੰਗਤ ਦੀ ਭਾਰੀ ਆਮਦ ਨੂੰ ਸੁਵਿਧਾਜਨਕ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਵੱਲੋਂ ਦੋ ਪ੍ਰਮੁੱਖ ਟੈਂਟ ਸਿਟੀਜ਼ ‘ਚੱਕ ਨਾਨਕੀ ਨਿਵਾਸ’ ਟੈਂਟ ਸਿਟੀ ਅਤੇ ‘ਭਾਈ ਮਤੀ ਦਾਸ ਨਿਵਾਸ’ ਟੈਂਟ ਸਿਟੀ ਸਥਾਪਤ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਲਗਭਗ 10, 000 ਸੰਗਤ ਦੇ ਠਹਿਰਣ ਦੀ ਵਿਵਸਥਾ ਕੀਤੀ ਗਈ ਹੈ। 81 ਏਕੜ ਵਿੱਚ ਫੈਲੀਆਂ ਇਹ ਟੈਂਟ ਸਿਟੀਜ਼ ਸਮਾਗਮ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਦੇ ਰਹਿਣ ਨੂੰ ਸੁਵਿਧਾਜਨਕ ਬਣਾਉਂਦੀਆਂ ਹਨ। ਇਹਨਾਂ ਟੈਂਟ ਸਿਟੀਜ਼ ਵਿੱਚ ਰੋਜ਼ਾਨਾ 9, 520 ਸੰਗਤ ਦੇ ਠਹਿਰਣ ਦੀ ਵਿਵਸਥਾ ਹੈ ਜਿਹਨਾਂ ਵਿੱਚ 4-ਬੈੱਡਾਂ ਅਤੇ 16-ਬੈੱਡਾਂ ਵਾਲੀਆਂ ਯੂਨਿਟਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਯੋਜਨਾ ਸੰਗਤਾਂ ਦੀ ਇਕੱਠ ਵਾਲੇ ਮੁੱਖ ਸਥਾਨਾਂ ਤੱਕ ਸੁਚਾਰੂ ਪਹੁੰਚ, ਆਉਣ-ਜਾਣ ਅਤੇ ਇਕੱਤਰਤਾ ਨੂੰ ਯਕੀਨੀ ਬਣਾਉਂਦੀ ਹੈ। ਸੰਗਤਾਂ ਦੀ ਸਹੂਲਤ ਲਈ ਦੋ ਟੈਂਟ ਸਿਟੀਜ਼ ਤਿਆਰ ਕੀਤੀਆਂ ਜਾ ਰਹੀਆਂ ਹਨ। ਚੱਕ ਨਾਨਕੀ ਨਿਵਾਸ ਟੈਂਟ ਸਿਟੀ (ਟੈਂਟ ਸਿਟੀ-1) ਗੜ੍ਹਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਪਿੰਡ ਚੰਦੇਸਰ ਵਿਖੇ ਅਤੇ ਭਾਈ ਮਤੀ ਦਾਸ ਨਿਵਾਸ ਟੈਂਟ ਸਿਟੀ (ਟੈਂਟ ਸਿਟੀ-2) ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਪਿੰਡ ਝਿੰਜਰੀ ਵਿਖੇ ਤਿਆਰ ਕੀਤੀਆਂ ਜਾ ਰਹੀਆਂ ਹਨ। ਦੋਵੇਂ ਟੈਂਟ ਸਿਟੀਜ਼ ਲੋੜੀਂਦੀਆਂ ਅਤੇ ਆਰਾਮਦਾਇਕ ਸਹੂਲਤਾਂ ਨਾਲ ਲੈਸ ਹਨ ਤਾਂ ਜੋ ਆਉਣ ਵਾਲੀ ਸੰਗਤ ਲਈ ਸੁਰੱਖਿਅਤ ਅਤੇ ਸਨਮਾਨਜਨਕ ਠਹਿਰਾਅ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹਨਾਂ ਟੈਂਟ ਸਿਟੀਜ਼ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਹਾਈ-ਸਪੀਡ ਵਾਈ-ਫਾਈ, ਪਖਾਨੇ ਅਤੇ ਨਹਾਉਣ ਦੀਆਂ ਸਹੂਲਤਾਂ, ਨਿਰੰਤਰ ਪਾਣੀ ਦੀ ਸਪਲਾਈ, ਸੀਸੀਟੀਵੀ ਨਿਗਰਾਨੀ, ਆਮ ਆਦਮੀ ਕਲੀਨਿਕ (ਦਿਨ-ਰਾਤ ਓਪੀਡੀ, ਲੈਬ ਟੈਸਟ, ਦਵਾਈਆਂ), ਰੀਅਲ ਟਾਈਮ ਜਾਣਕਾਰੀ ਲਈ ਐਲਈਡੀ ਸਕ੍ਰੀਨਾਂ ਅਤੇ ਸੰਕੇਤਾਂ ਵਾਲੇ ਅੰਦਰੂਨੀ ਸੜਕੀ ਰਸਤੇ ਸ਼ਾਮਲ ਹਨ। ਸਿਹਤ, ਸੈਨੀਟੇਸ਼ਨ ਅਤੇ ਸੁਰੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਫੌਗਿੰਗ, ਡਿਸਇੰਫੈਕਸ਼ਨ, ਪਾਣੀ ਦੇ ਨਮੂਨੇ ਲੈਣ ਅਤੇ ਸੈਨੀਟੇਸ਼ਨ ਮੁਹਿੰਮਾਂ ਸਫਾਈ ਅਤੇ ਸਵੱਛਤਾ ਨੂੰ ਯਕੀਨੀ ਬਣਾਉਣਗੀਆਂ। ਮੁੱਖ ਥਾਵਾਂ ’ਤੇ ਮੋਬਾਈਲ ਟਾਇਲਟ, ਨਹਾਉਣ ਵਾਲੀਆਂ ਵੈਨਾਂ, ਪਾਣੀ ਦੇ ਟੈਂਕਰ ਰੱਖੇ ਗਏ ਹਨ।
ਹੋਰ ਸਹੂਲਤਾਂ ਸਮੇਤ ਐਂਬੂਲੈਂਸ ਦੀ ਤਾਇਨਾਤੀ ਅਤੇ 24 ਘੰਟੇ ਏਕੀਕ੍ਰਿਤ ਕੰਟਰੋਲ ਰੂਮ ਨਾਲ ਫੌਰੀ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਕਨੈਕਟੀਵਿਟੀ ਅਤੇ ਟਰਾਂਸਪੋਰਟ ਸ਼ਟਲ ਸੇਵਾਵਾਂ, ਈ-ਰਿਕਸ਼ਾ ਅਤੇ ਹੋਰ ਆਵਾਜਾਈ ਪ੍ਰਬੰਧ ਟੈਂਟ ਸਿਟੀਜ਼ ਨੂੰ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਮੁੱਖ ਪੰਡਾਲ ਖੇਤਰਾਂ, ਪਾਰਕਿੰਗ ਥਾਵਾਂ ਅਤੇ ਹੈਲਪ ਡੈਸਕਾਂ ਨਾਲ ਜੋੜਨਗੇ। ਟੈਂਟ ਸਿਟੀਜ਼ ਵਿੱਚ ਆਵਾਜਾਈ ਦੀ ਨਿਗਰਾਨੀ ਜ਼ਿਲ੍ਹਾ-ਪੱਧਰੀ ਏਕੀਕ੍ਰਿਤ ਕੰਟਰੋਲ ਸੈਂਟਰ ਰਾਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਟੈਂਟ ਸਿਟੀਜ਼ ਇਸ ਇਤਿਹਾਸਕ ਸਮਾਗਮ ਦੌਰਾਨ ਸੰਗਤ ਲਈ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਠਹਿਰਣ ਦੀ ਸੁਚੱਜੀ ਵਿਵਸਥਾ, ਡਾਕਟਰੀ ਸਹਾਇਤਾ, ਨਾਗਰਿਕ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਇਹ ਟੈਂਟ ਸਿਟੀਜ਼ ਆਉਣ ਵਾਲੀਆਂ ਸੰਗਤ ਲਈ ਆਰਾਮਦਾਇਕ, ਸੁਰੱਖਿਅਤ ਅਤੇ ਰੂਹਾਨੀ ਅਨੁਭਵ ਯਕੀਨੀ ਬਣਾਉਣਗੀਆਂ। ਟੈਂਟ ਸਿਟੀ ਇਨ੍ਹਾਂ ਯਾਦਗਾਰੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪਵਿੱਤਰ ਨਗਰੀ ਵਿਖੇ ਆਉਣ ਵਾਲੀ ਸੰਗਤ ਨੂੰ ਆਰਾਮਦਾਇਕ ਅਤੇ ਵਿਲੱਖਣ ਅਨੁਭਵ ਪ੍ਰਦਾਨ ਕਰਨਗੀਆਂ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਸੁਚਾਰੂ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ ਸੁਰੱਖਿਆ, ਸਹੂਲਤ ਅਤੇ ਟਰੈਫਿਕ ਪ੍ਰਬੰਧਨ ਲਈ ਵਿਆਪਕ ਪ੍ਰਬੰਧ ਕੀਤੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ, 2025 ਤੱਕ ਕਰਵਾਏ ਜਾਣ ਵਾਲੇ ਯਾਦਗਾਰੀ ਸਮਾਗਮਾਂ ਵਿੱਚ ਵਿਸ਼ਵ ਭਰ ਤੋਂ ਭਾਰੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ। ਯਾਦਗਾਰੀ ਸਮਾਗਮਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਲਈ ਚੌਕਸੀ ਬਣਾਈ ਰੱਖਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਹਨਾਂ ਸਮਾਗਮਾਂ ਦੌਰਾਨ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 8, 000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤਾਂ ਜੋ ਸੰਗਤ ਦੀ ਸੁਰੱਖਿਆ, ਆਉਣ-ਜਾਣ ਅਤੇ ਸੁਵਿਧਾ ਨੂੰ ਯਕੀਨੀ ਬਣਾਇਆ ਜਾ ਸਕੇ। ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਦੇ ਸਾਰੇ ਆਉਣ-ਜਾਣ ਵਾਲੇ ਸਥਾਨਾਂ ’ਤੇ ਆਟੋਮੈਟਿਕ ਨੰਬਰ ਪਲੇਟ ਪਛਾਣ (ਏ.ਐਨ.ਪੀ.ਆਰ.), ਪੀ.ਟੀ.ਜ਼ੈਡ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਲਗਾਏ ਗਏ ਹਨ ਅਤੇ ਨਿਗਰਾਨ ਡਰੋਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਸਮੁੱਚੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ 25 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਹਰੇਕ ਸੈਕਟਰ ਵਿੱਚ ਸਬ-ਕੰਟਰੋਲ ਰੂਮ ਅਤੇ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਤਾਂ ਜੋ ਕੁਸ਼ਲ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।
ਸੰਗਤ ਦੀ ਸਹੂਲਤ ਲਈ ਵਿਆਪਕ ਟਰੈਫਿਕ ਅਤੇ ਲੌਜਿਸਟਿਕਲ ਯੋਜਨਾਵਾਂ ਬਣਾਈਆਂ ਗਈਆਂ ਹਨ ਜਿਸ ਵਿੱਚ ਸਾਰੇ ਸਥਾਨਾਂ ਅਤੇ ਟੈਂਟ ਸਿਟੀਜ਼ ਲਈ 24 ਘੰਟੇ ਸ਼ਟਲ ਸੇਵਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਇਕੱਠ ਦੇ ਸੁਚਾਰੂ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਸਮਾਰਟ ਬੈਰੀਕੇਡਿੰਗ ਸਿਸਟਮ ਨੂੰ ਰਣਨੀਤਕ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਨਿਰਵਿਘਨ ਟਰੈਫਿਕ ਪ੍ਰਬੰਧਨ ਅਤੇ ਸੰਗਤ ਨੂੰ ਘੱਟੋ-ਘੱਟ ਅਸੁਵਿਧਾ ਲਈ, ਜ਼ਿਲ੍ਹਾ ਪੁਲਿਸ ਨੇ ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਸੰਗਤ ਦੇ ਮਾਰਗਦਰਸ਼ਨ ਲਈ ਅਤੇ ਕੁਸ਼ਲ ਟਰੈਫਿਕ ਪ੍ਰਬੰਧਨ ਲਈ ਅਸਲ ਸਮੇਂ ਦੀ ਨਿਗਰਾਨੀ ਨਾਲ ਪਾਰਕਿੰਗ ਜ਼ੋਨਾਂ ਦੀ ਮੈਪਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ, ਦੇਸ਼ ਭਰ ਤੋਂ ਆਉਣ ਵਾਲੀ ਸੰਗਤ ਲਈ ਦੀ ਸਹੂਲਤ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਉੱਨਤ ਨਿਗਰਾਨ ਗਰਿੱਡ, ਟਰੈਫਿਕ ਤਾਲਮੇਲ, ਅਤੇ ਮਜ਼ਬੂਤ ਫੀਲਡ ਨਿਗਰਾਨ ਵਿਧੀ ਕਾਰਜਸ਼ੀਲ ਕੀਤੀ ਗਈ ਹੈ।
ਸੰਗਤ ਲਈ ਸੁਚਾਰੂ, ਸੁਰੱਖਿਅਤ ਅਤੇ ਅਧਿਆਤਮਿਕ ਤੌਰ ’ਤੇ ਸੰਪੂਰਨ ਅਨੁਭਵ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈਲਪ ਡੈਸਕ, ਜਨਤਕ ਸਹੂਲਤਾਂ ਅਤੇ ਰੀਅਲ-ਟਾਈਮ ਨਿਗਰਾਨੀ ਸਮੇਤ ਤਕਨਾਲੋਜੀ-ਅਧਾਰਤ ਸਹੂਲਤ ਪ੍ਰਣਾਲੀਆਂ ਸਥਾਪਤ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਕਿਸੇ ਵੀ ਹੰਗਾਮੀ ਸਥਿਤੀ ਲਈ ਵਿਆਪਕ , ਯੋਜਨਾਵਾਂ ਜਿਨ੍ਹਾਂ ਵਿੱਚ ਸੰਗਤ ਦੀ ਸੁਚਾਰੂ ਆਵਾਜਾਈ, ਰਿਕਵਰੀ ਵੈਨਾਂ ਅਤੇ ਮੁਹੱਲਾ ਕਲੀਨਿਕ ਤੇ ਰੈਫਰਲ ਹਸਪਤਾਲਾਂ ਵਰਗੀਆਂ ਡਾਕਟਰੀ ਸੇਵਾਵਾਂ ਸ਼ਾਲ ਹਨ, ਦੀ ਵਿਵਸਥਾ ਵੀ ਕੀਤੀ ਗਈ ਹੈ। ਬ੍ਰੀਫਿੰਗ ਲਈ ਕਿਊਆਰ ਕੋਡ ਦੀ ਵਰਤੋਂ ਰਾਹੀਂ ਪੁਲਿਸ ਬਲ ਦੀ ਤਾਇਨਾਤੀ ਨੂੰ ਸੁਚਾਰੂ ਬਣਾਇਆ ਗਿਆ ਹੈ ਅਤੇ ਜ਼ਿਆਦਾ ਭੀੜ ਵਾਲੇ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਮਹਿਲਾ ਪੁਲਿਸ ਅਤੇ ਵਰਦੀਧਾਰੀ ਸਿਵਲ ਕਰਮਚਾਰੀਆਂ ਨੂੰ ਵੀ ਰਣਨੀਤਕ ਤੌਰ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਨਜਿੱਠਣ ਲਈ ਰੋਪੜ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ ਸਨੈਚਰਾਂ ਨਾਲ ਸਬੰਧਤ ਡੇਟਾ ਨੂੰ ਚਿਹਰੇ ਦੀ ਪਛਾਣ ਵਾਲੀ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਨਾਗਰਿਕ ਦੀ ਸਹੂਲਤ ਅਤੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਇਸ ਪਵਿੱਤਰ ਮੌਕੇ ‘ਤੇ ਆਪਣੀ ਡਿਊਟੀ ਨੂੰ ਪੂਰੀ ਸੰਵੇਦਨਸ਼ੀਲਤਾ, ਨਿਮਰਤਾ ਅਤੇ ਸਤਿਕਾਰ ਨਾਲ ਨਿਭਾਉਣ। ਪਵਿੱਤਰ ਨਗਰੀ ਵਿੱਚ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਹੈ ਅਤੇ ਸ਼ਹਿਰ ਵਿੱਚ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ ਜਿਸ ਲਈ ਪੁਲਿਸ ਅਧਿਕਾਰੀਆਂ ਦੀਆਂ ਵੱਖ-ਵੱਖ ਗਸ਼ਤ ਪਾਰਟੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਅਤਿ ਆਧੁਨਿਕ ਤਕਨਾਲੋਜੀ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਬਾਖੂਬੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ 23 ਤੋਂ 29 ਨਵੰਬਰ ਤੱਕ ਵਿਰਾਸਤ-ਏ-ਖਾਲਸਾ ਯਾਦਗਾਰ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਜਾ ਰਿਹਾ ਹੈ। ਸੂਬਾ ਸਰਕਾਰ ਦੀ ਇਸ ਮਹੱਤਵਪੂਰਨ ਪਹਿਲ ਦਾ ਉਦੇਸ਼ ਸੂਬੇ ਦੀਆਂ ਨੌਜਵਾਨ ਪੀੜ੍ਹੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ। ਇਹ ਸ਼ੋਅ ਸੂਬਾ ਸਰਕਾਰ ਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਇੱਕ ਨਿਮਰ ਸ਼ਰਧਾਂਜਲੀ ਹੈ, ਜਿਸਦਾ ਉਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਦਰਸ਼ਨ ਅਤੇ ਲਾਸਾਨੀ ਕੁਰਬਾਨੀ ਬਾਰੇ ਸਭਨਾਂ ਨੂੰ ਜਾਣੂ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਸ਼ੋਅ ਰਾਹੀਂ ’ਹਿੰਦ ਦੀ ਚਾਦਰ’ - ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੁਆਰਾ ਦਰਸਾਏ ਧਰਮ ਨਿਰਪੱਖਤਾ, ਮਾਨਵਤਾਵਾਦ ਅਤੇ ਆਤਮ ਬਲਿਦਾਨ ਦੀ ਭਾਵਨਾ ਦੇ ਉੱਚ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਸ਼ੋਅ ਸੰਗਤਾਂ ਨੂੰ ਇੱਕ ਡੂੰਘਾ ਅਨੁਭਵ ਪ੍ਰਦਾਨ ਕਰੇਗਾ ਕਿ ਕਿਵੇਂ ਗੁਰੂ ਜੀ ਨੇ ਧਰਮ ਦੀ ਆਜ਼ਾਦੀ ਦੇ ਅਧਿਕਾਰ ਅਤੇ ਮਨੁੱਖੀ ਤੇ ਧਰਮ ਨਿਰਪੱਖਤਾ ਦੀਆਂ ਕਦਰਾਂ-ਕੀਮਤਾਂ ਦੀ ਦੀ ਰਾਖੀ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਹ ਸ਼ੋਅ ਗੁਰੂ ਸਾਹਿਬ ਦੇ ਸਰਵਉੱਚ ਬਲਿਦਾਨ ‘ਤੇ ਰੌਸ਼ਨੀ ਪਾਵੇਗਾ, ਜੋ ਆਪਣੇ ਆਪ ਵਿੱਚ ਇੱਕ ਵੱਡੀ ਤੇ ਵਿਲੱਖਣ ਮਿਸਾਲ ਅਤੇ ਜ਼ੁਲਮ ਤੇ ਅੱਤਿਚਾਰ ਖਿਲਾਫ਼ ਡਟ ਕੇ ਲੜਨ ‘ਤੇ ਅਡੋਲ ਰਹਿਣ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਏਕਤਾ, ਆਪਸੀ ਭਾਈਚਾਰੇ, ਬਹਾਦਰੀ, ਧਾਰਮਿਕਤਾ ਅਤੇ ਦਇਆ-ਭਾਵਨਾ ਦਾ ਉਪਦੇਸ਼ ਦਿੰਦੀ ਹੈ, ਜਿਸਨੂੰ ਇਸ ਸ਼ੋਅ ਰਾਹੀਂ ਬਾਖੂਬੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਕਰਵਾਏ ਦਾ ਰਹੇ ਇਸ ਸ਼ੋਅ ਰਾਹੀਂ ਸੰਗਤਾਂ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨਤਾ ਦੀਆਂ ਝਲਕੀਆਂ ਦੇਖਣਗੀਆਂ। ਵਿਰਾਸਤ-ਏ-ਖਾਲਸਾ ਵਿਖੇ ਕਰਵਾਇਆ ਜਾ ਰਹੇ ਇਸ ਆਊਟਡੋਰ ਸ਼ੋਅ ਰਾਹੀਂ ਵੱਖ-ਵੱਖ ਭਾਗਾਂ ਵਿੱਚ ਗੁਰੂ ਸਾਹਿਬ ਦੇ ਜੀਵਨ ‘ਤੇ ਫ਼ਲਸਫ਼ੇ ਨੂੰ ਰੰਗੀਨ ਵਿਜ਼ੂਅਲ ਪ੍ਰੋਜੈਕਸ਼ਨਾਂ, ਉੱਨਤ ਲੇਜ਼ਰ ਤਕਨੀਕਾਂ ਅਤੇ ਦਿਲਕਸ਼ ਸਾਊਂਡ-ਟਰੈਕ ਦੀ ਵਰਤੋਂ ਜ਼ਰੀਏ ਇੱਕ ਵੱਖਰੇ ਤੇ ਬੇਹੱਦ ਸੁੰਦਰ ਅੰਦਾਜ਼ ਵਿੱਚ ਦਰਸਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਦੀ ਚਰਨਛੋਹ ਪ੍ਰਾਪਤ ਇਸ ਪਵਿੱਤਰ ਨਗਰੀ ਵਿੱਚ 24 ਨਵੰਬਰ ਨੂੰ ਪਹਿਲੀ ਵਾਰ ਆਪਣੀ ਕਿਸਮ ਦਾ ਪਹਿਲਾ ਪੰਜਾਬ ਵਿਧਾਨ ਸਭਾ ਇਜਲਾਸ ਚੰਡੀਗੜ੍ਹ ਤੋਂ ਬਾਹਰ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਹੋਵੇਗਾ। ਇਹ ਵਿਸ਼ੇਸ਼ ਇਜਲਾਸ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦਾ ਹਿੱਸਾ ਹੈ ਅਤੇ ਇਸ ਇਜਲਾਸ ਵਿੱਚ ਕਈ ਇਤਿਹਾਸਕ ਫੈਸਲੇ ਲਏ ਜਾਣ ਦੀ ਉਮੀਦ ਹੈ। ਵਿਧਾਨ ਸਭਾ ਇਜਲਾਸ ਕਰਵਾਉਣ ਲਈ ਪਹਿਲਾਂ ਹੀ ਸੁਚੱਜੀ ਯੋਜਨਾਬੰਦੀ ਕੀਤੀ ਜਾ ਚੁੱਕੀ ਹੈ ਅਤੇ ਭਾਈ ਜੈਤਾ ਜੀ ਮੈਮੋਰੀਅਲ ਨੂੰ ਬਾਖੂਬੀ ਢੰਗ ਨਾਲ ਸਜਾਇਆ ਜਾ ਰਿਹਾ ਹੈ ਅਤੇ ਇਸ ਇਤਿਹਾਸਕ ਅਤੇ ਵੱਕਾਰੀ ਸਮਾਗਮ ਦੀ ਸਫਲਤਾ ਲਈ ਪਹਿਲਾਂ ਹੀ ਵਿਸਤ੍ਰਿਤ ਪ੍ਰਬੰਧ ਕੀਤੇ ਜਾ ਚੁੱਕੇ ਹਨ।