ਨਵੀਂ ਦਿੱਲੀ-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆਰੰਭ ਹੋਈ ਧਰਮ ਰੱਖਿਅਕ ਯਾਤਰਾ ਕੌਮੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚੋਂ ਗੁਜ਼ਰਨ ਉਪਰੰਤ ਅੱਜ ਦੇਰ ਸ਼ਾਮ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੰਪੰਨ ਹੋ ਗਈ। ਇਹ ਯਾਤਰਾ 13 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਹੋਈ ਸੀ ਤੇ 14 ਨਵੰਬਰ ਨੂੰ ਦਿੱਲੀ ਵਿਚ ਦਾਖਲ ਹੋਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਯਾਤਰਾ ਨੇ ਇਕ ਹਫਤੇ ਤੋਂ ਵੱਧ ਸਮੇਂ ਵਿਚ ਦਿੱਲੀ ਦੇ ਸੈਂਕੜੇ ਇਲਾਕਿਆਂ ਵਿਚੋਂ ਗੁਜ਼ਰਨ ਸਮੇਂ ਲੱਖਾਂ ਦਿੱਲੀ ਵਾਸੀਆਂ ਨੂੰ ਦਰਸ਼ਨ ਦਿੱਤੇ। ਉਹਨਾਂ ਦੱਸਿਆ ਕਿ ਅੱਜ ਆਖਰੀ ਦਿਨ ਯਾਤਰਾ ਡੇਰਾ ਬਾਬਾ ਕਰਮ ਸਿੰਘ ਤੋਂ ਸ਼ੁਰੂ ਹੋਈ ਤੇ ਈਸਟ ਅੰਗਦ ਨਗਰ, ਸ਼ੰਕਰ ਵਿਹਾਰ, ਵਿਕਾਸ ਮਾਰਗ ਤੋਂ ਯੂ ਟਰਨ ਆਈ ਟੀ ਵਾਲੇ ਪਾਸੇ ਨੂੰ ਲਕਸ਼ਮੀ ਨਗਰ ਮੈਟਰੋ ਸਟੇਸ਼ਨ ਤੋਂ ਖੱਬੇ, ਸ਼ੱਕਰਪੁਰ ਮੇਨ ਰੋਡ, ਪਾਂਡਵ ਨਗਰ, ਆਈ ਪੀ ਐਕਸਟੈਨਸ਼ਨ, ਮਯੂਰ ਵਿਹਾਰ ਫੇਜ਼-2, ਕਲਿਆਣਪੁਰੀ 20 ਬਲਾਕ, ਚਾਂਦ ਸਿਨੇਮਾ, ਮਯੂਰ ਵਿਹਾਰ ਫੇਜ਼ 1, ਅਕਸ਼ਰਧਾਮ ਮੈਟਰੋ ਸਟੇਸ਼ਨ, ਆਈ ਟੀ ਓ ਚੌਂਕ ਤੋਂ ਸੱਜੇ, ਦਿੱਲੀ ਗੇਟ, ਦਰਿਆ ਗੰਜ ਮੇਨ ਬਜ਼ਾਰ ਤੇ ਲਾਲ ਕਿਲ੍ਹੇ ਤੋਂ ਖੱਬੇ ਹੁੰਦੀ ਹੋਈ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੰਪੰਨ ਹੋਈ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਹੀ ਲਾਲ ਕਿਲ੍ਹੇ ’ਤੇ ਸਮਾਗਮ ਸ਼ੁਰੂ ਹੋ ਗਏ ਹਨ ਅਤੇ ਸਭ ਤੋਂ ਪਹਿਲਾਂ ਲਾਈਟ ਐਂਡ ਸਾਊਂਡ ਸ਼ੋਅ ਰੋਜ਼ਾਨਾ ਹੋ ਰਹੇ ਹਨ। ਉਹਨਾਂ ਦੱਸਿਆ ਕਿ 23 ਤੋਂ 25 ਨਵੰਬਰ ਤੱਕ ਮੁੱਖ ਸਮਾਗਮ ਹੋਣਗੇ ਤੇ 26 ਨਵੰਬਰ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸਮਾਗਮ ਨਾਲ ਇਹ 350 ਸਾਲਾ ਸ਼ਹੀਦੀ ਸਮਾਗਮ ਸੰਪੰਨ ਹੋਣਗੇ।