ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਜਰਨਲਿਸਟਸ ਫੋਰਮ ਦੇ ਸਾਥੀ ਨਲਿਨ ਅਚਾਰੀਆ ਨੂੰ ਪੱਤਰਕਾਰ ਭਾਈਚਾਰੇ ਵੱਲੋਂ ਸ਼ੋਕ ਸਭਾ ਕਰਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ । ਹਸਮੁਖ, ਮਿਲਾਪੜੇ ਅਤੇ ਪੋਜੀਟਿਵਿਟੀ ਨਾਲ ਭਰਪੂਰ ਰਹਿਣ ਵਾਲੇ ਪੱਤਰਕਾਰ ਨਲਿਨ ਅਚਾਰੀਆ ਨੂੰ ਅੱਜ ਮਿੱਤਰ ਸਨੇਹੀਆਂ ਨੇ ਦਿਲੋਂ ਯਾਦ ਕੀਤਾ । ਹਰ ਬੁਲਾਰਾ ਜਦੋਂ ਨਲਿਨ ਨਾਲ ਆਪਣੀ ਨੇੜਤਾ ਨੂੰ ਜਾਹਿਰ ਕਰਦਾ ਇਉਂ ਲੱਗਦਾ ਕਿ ਉਸ ਦਾ ਵਿਹਾਰ ਮੇਰੇ ਨਾਲ ਵੀ ਇੰਜ ਦਾ ਹੀ ਸੀ । ਬੁਲਾਰੇ ਜਦੋਂ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਤਾਂ ਹਾਲ ਵਿੱਚ ਪਿੰਨ ਡਰੋਪ ਸਾਈਲੈਂਸ ਹੋ ਜਾਂਦੀ । ਇੱਥੇ ਦੱਸਣਾ ਬਣਦਾ ਹੈ 67 ਵਰਿਆਂ ਦਾ ਨਲਿਨ ਅਚਾਰੀਆ ਜਿੱਥੇ ਪੱਤਰਕਾਰੀ ਭਾਈਚਾਰੇ ਵਿੱਚ ਪਿਆਰਾ ਸੀ ਉੱਥੇ ਸਮਾਜ ਵਿੱਚ ਵੀ ਉਹਦਾ ਬਹੁਤ ਵੱਡਾ ਮੁਕਾਮ ਸੀ।
ਸੀਨੀਅਰ ਪੱਤਰਕਾਰਾਂ ਵਲੋਂ ਨਲਿਨ ਅਚਾਰੀਆ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਗਿਆ ਕਿ ਉਨਾਂ ਦੇ ਪੰਜਾਹ ਸਾਲ ਮੀਡੀਆ ਅਤੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਦਾ ਚੇਤੇ ਰੱਖਿਆ ਜਾਵੇਗਾ। ਉਨਾਂ ਵੱਲੋਂ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹਰ ਦੁੱਖ ਸੁੱਖ ਵਿੱਚ ਲਗਾਤਾਰ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਗਿਆ ।
ਅੱਜ ਪ੍ਰੈਸ ਕਲੱਬ ਚੰਡੀਗੜ ਵਲੋ ਮਰਹੂਮ ਪ੍ਰਧਾਨ ਨਲਿਨ ਦੀ ਯਾਦ ਵਿੱਚ ਸ਼ੋਕ ਸਭਾ ਕੀਤੀ ਗਈ । ਮੀਟਿੰਗ ਵਿੱਚ ਸੀਨੀਅਰ ਪੱਤਰਕਾਰਾਂ ਸਮੇਤ ਕਲੱਬ ਦੇ ਮੈਂਬਰਾਂ ਅਤੇ ਨਲਿਨ ਜੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਨਲਿਨ ਜੀ ਪ੍ਰੈਸ ਕਲੱਬ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਕਲੱਬ ਦੇ ਵੱਖ ਵੱਖ ਅਹੁਦਿਆਂ ਉਤੇ ਲੰਬਾ ਸਮਾਂ ਕੰਮ ਕਰਦਿਆਂ ਕਲੱਬ ਅਤੇ ਮੈਂਬਰਾਂ ਦੀ ਬੇਹਤਰੀ ਲਈ ਤਕੜਾ ਯੋਗਦਾਨ ਪਾਇਆ । ਨਲਿਨ ਜੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ । ਸ਼ੋਕ ਸਭਾ ਵਿੱਚ ਬੁਲਾਰਿਆਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਬੁਲਾਰਿਆਂ ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਸੌਰਬ ਦੁੱਗਲ ਦੈਨਿਕ ਟਰਬਿਊਨ ਦੇ ਸਾਬਕਾ ਸੰਪਾਦਕ ਨਰੇਸ਼ ਕੌਸ਼ਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਏਐਸ ਪਰਾਸ਼ਰ, ਬਲਬੀਰ ਜੰਡੂ , ਬਲਵਿੰਦਰ ਜੰਮੂ ਹੋਰਾਂ ਨੇ ਆਪਣੇ ਮਨ ਦੇ ਵਲਵਲੇ ਪੱਤਰਕਾਰਾਂ ਨਾਲ ਸਾਂਝੇ ਕੀਤੇ
ਪਰਿਵਾਰ ਵਲੋਂ ਨਲਿਨ ਅਚਾਰੀਆ ਦੀ 25 ਨਵੰਬਰ ਨੂੰ ਚੰਡੀਗੜ ਰੱਖੀ ਰਸਮ ਕਿਰਿਆ ਅਤੇ ਪਾਠ ਦੇ ਭੋਗ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ!ਪਰਿਵਾਰ ਨੇ ਮੁਸੀਬਤ ਵਿੱਚ ਸਾਥ ਦੇਣ ਲਈ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ।