ਸਰੀ- ਆਰੀਆ ਬੈਂਕੁਇਟ ਹਾਲ ਵਿੱਚ ਬੀਤੇ ਦਿਨੀਂ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਚੈਰੀਟੇਬਲ ਡਿਜ਼ਾਨੀਅਰ ਸ਼ੋਅ ਵਿੱਚ ਕਲਾ ਅਤੇ ਫੈਸ਼ਨ ਦੀ ਅਨੋਖੀ ਅਦਾ ਦੇਖਣ ਨੂੰ ਮਿਲੀ। ਰਸ਼ਮੀ ਬਿੰਦੀ ਵੱਲੌਂ ਕਰਵਾਏ ਇਸ ਸ਼ੋਅ ਵਿੱਚ ਕਈ ਪ੍ਰਸਿੱਧ ਡਿਜ਼ਾਈਨਰਾਂ ਨੇ ਆਪਣੀਆਂ ਕਲਾਤਮਿਕ ਰਚਨਾਵਾਂ ਨਾਲ ਰਨਵੇ ਨੂੰ ਰੌਸ਼ਨ ਕੀਤਾ, ਜਦਕਿ ਸੰਗੀਤ ਅਤੇ ਮਨੋਰੰਜਨ ਨੇ ਸਮਾਗਮ ਨੂੰ ਹੋਰ ਵੀ ਚਾਰ ਚੰਦ ਲਾਏ।
ਸ਼ੋਅ ਵਿੱਚ ਸੀਮਲੈੱਸ ਦੀਆਂ ਰਚਨਾਵਾਂ ਨੇ ਵਿਸ਼ੇਸ਼ ਤੌਰ ’ਤੇ ਸਭ ਦਾ ਧਿਆਨ ਖਿੱਚਿਆ। ਡਿਜ਼ਾਈਨਰ ਹਰਬਿੰਦਰ ਰੂਬੀ ਔਲਖ ਨੇ ਇਸ ਮੌਕੇ ’ਤੇ ਦੱਸਿਆ ਕਿ ਸੀਮਲੈੱਸ ਦੀ ਸ਼ੁਰੂਆਤ ਕੋਈ ਕਾਰੋਬਾਰੀ ਯੋਜਨਾ ਨਹੀਂ ਸੀ, ਬਲਕਿ ਇੱਕ ਸੇਵਾ ਭਾਵਨਾ ਤੋਂ ਜਨਮੀ ਪ੍ਰੇਰਣਾ ਸੀ। ਉਸ ਨੇ ਕਿਹਾ ਕਿ ‘18 ਸਾਲ ਦੀ ਉਮਰ ਵਿੱਚ ਮੈਂ ਕਦੇ ਫੈਸ਼ਨ ਡਿਜ਼ਾਈਨਿੰਗ ਨੂੰ ਆਪਣੇ ਪੈਸ਼ਨ ਵਜੋਂ ਨਹੀਂ ਦੇਖਿਆ ਸੀ। ਪਰ ਜਦ ਮੈਂ ਗੁਰੂ ਨਾਨਕ ਫੂਡ ਬੈਂਕ ਲਈ ਫੰਡ ਇਕੱਠੇ ਕਰਨ ਦੀ ਮੁਹਿੰਮ ਵਿੱਚ ਸੂਟ ਵੇਚਣੇ ਸ਼ੁਰੂ ਕੀਤੇ ਤਾਂ ਇਸ ਤਜਰਬੇ ਨੇ ਮੇਰੇ ਅੰਦਰ ਉਹ ਸੁਪਨੇ ਜਗਾਏ ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ’।
ਰੂਬੀ ਔਲਖ ਨੇ ਦੱਸਿਆ ਕਿ ਸੀਮਲੈੱਸ ਸਿਰਫ਼ ਫੈਸ਼ਨ ਦਾ ਨਾਮ ਨਹੀਂ—ਇਹ ਉਹ ਮਨੁੱਖੀ ਜਜ਼ਬਾ ਹੈ ਜੋ ਕਮਿਊਨਿਟੀ ਦੀ ਭਲਾਈ, ਸੇਵਾ ਅਤੇ ਦਇਆ ਨਾਲ ਭਰਪੂਰ ਹੈ। ਉਸ ਨੇ ਕਿਹਾ ਕਿ ‘ਇੱਕ ਮਾਂ, ਪਤਨੀ ਅਤੇ ਉਦਮੀ ਦੇ ਤੌਰ ’ਤੇ ਮੇਰਾ ਮਕਸਦ ਆਪਣੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ। ਫੈਸ਼ਨ ਮੇਰੇ ਲਈ ਸਿਰਫ਼ ਕਲਾ ਨਹੀਂ—ਇਹ ਲੋਕਾਂ ਨੂੰ ਉੱਪਰ ਚੁੱਕਣ ਦਾ ਸਾਧਨ ਹੈ’। ਇੰਟਰਨੈਸ਼ਨਲ ਵਰਲਡ ਕੈਨੇਡਾ 2025 ਦਾ ਇਹ ਸ਼ੋਅ ਨਾ ਕੇਵਲ ਨਵੇਂ ਟੈਲੈਂਟ ਨੂੰ ਮੰਚ ਮੁਹੱਈਆ ਕਰਦਾ ਹੈ, ਸਗੋਂ ਚੈਰੀਟੇਬਲ ਕਾਰਜਾਂ ਲਈ ਜਾਗਰੂਕਤਾ ਅਤੇ ਸਮਰਥਨ ਵਧਾਉਣ ਦਾ ਵੀ ਮਜ਼ਬੂਤ ਪਲੇਟਫ਼ਾਰਮ ਬਣ ਕੇ ਉਭਰਿਆ ਹੈ।