ਨਵੀਂ ਦਿੱਲੀ- ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦੀ ਦੇ ਮੌਕ਼ੇ ’ਤੇ ਅਟੱਲ ਖੜ੍ਹੇ ਰਹੇ ਮਹਾਨ ਗੁਰਸਿੱਖ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿੱਚ ਮਨਾਏ ਜਾ ਰਹੇ ਰੂਹਾਨੀ ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਸ਼ਰਧਾ ਤੇ ਅਰਦਾਸ ਅਤੇ ਗੁਰਬਾਣੀ ਦੀ ਸੁਹਾਵਣੀ ਰੌਸ਼ਨੀ ਨਾਲ ਹੋਈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਮਾਗਮ ਦੌਰਾਨ ਦਿੱਲੀ ਸਰਕਾਰ ਦੇ ਕੈਬਿਨੇਟ ਮੰਤਰੀ ਸ਼੍ਰੀ ਅਸ਼ੀਸ਼ ਸੂਦ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਮਹਾਨ ਜੀਵਨੀ ਉੱਪਰ ਆਧਾਰਿਤ ਪ੍ਰੇਰਣਾਦਾਇਕ ਕਿਤਾਬ ਰਿਲੀਜ਼ ਕੀਤੀ ਗਈ ।
ਇਹ ਕਿਤਾਬ ਵਿਸ਼ੇਸ਼ ਤੌਰ ’ਤੇ ਦਿੱਲੀ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ, ਜਿਸਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਵਿਚ ਵੰਡਿਆ ਜਾਵੇਗਾ ਤਾਂ ਜੋ ਹਰ ਨੌਜਵਾਨ, ਹਰ ਪਰਿਵਾਰ ਅਤੇ ਹਰੇਕ ਮਨੁੱਖ ਸੱਚ ਦੇ ਲਈ ਕੀਤੀ ਇਸ ਅਤੁੱਲ ਸ਼ਹਾਦਤ ਬਾਰੇ ਜਾਣ ਸਕੇ ਅਤੇ ਆਪਣੀ ਜੀਵਨ–ਰਾਹੀ ਨੂੰ ਗੁਰੂ ਪ੍ਰੇਰਣਾ ਨਾਲ ਜੋੜ ਸਕੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਦੀ ਆਜ਼ਾਦੀ ਅਤੇ ਧਰਮ ਦੀ ਰੱਖਿਆ ਦਾ ਵਿਸ਼ਵਵਿਆਪੀ ਸੰਦੇਸ਼ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਸਾਂਝੇ ਤੌਰ ’ਤੇ ਇਹ ਇਤਿਹਾਸਕ ਸਮਾਰੋਹ ਇਸ ਨਿਸ਼ਚੇ ਨਾਲ ਕਰ ਰਹੀਆਂ ਹਨ ਕਿ ਗੁਰੂ ਸਾਹਿਬ ਦੀ ਸਿੱਖਿਆ ਅਤੇ ਤਿਆਗ ਦੀ ਕਹਾਣੀ ਹਰ ਦਿਲ ਵਿੱਚ ਵਸੇ।