ਸੀਨੀਅਰ ਪੱਤਰਕਾਰ ਨਲਿਨ ਅਚਾਰੀਆ ਜਿਹੜੇ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ ਦੀ ਰਸਮ ਕਿਰਿਆ ਚੰਡੀਗੜ੍ਹ ਦੇ ਸੈਕਟਰ 38 ਕਮਿਊਨਿਟੀ ਸੈਂਟਰ ਵਿੱਚ ਪਰਿਵਾਰ ਵੱਲੋਂ ਕੀਤੀ ਗਈ। ਮਿੱਤਰ ਸਨੇਹੀਆ ਪਰਿਵਾਰਿਕ ਮੈਂਬਰਾਂ ਸਿਆਸੀ ਨੇਤਾਵਾਂ ਸੱਭਿਆਚਾਰਕ ਵਰਗ ਨਾਲ ਸਬੰਧਤ ਸ਼ਖਸ਼ੀਅਤਾਂ, ਵਪਾਰਕ ਮੰਡਲ ਦੇ ਅਹੁਦੇਦਾਰ ਤੋ ਇਲਾਵਾ ਸਮਾਜ ਦੇ ਹਰ ਵਿੰਗ ਦੀ ਸ਼ਮੂਲੀਅਤ ਨਲਿਨ ਅਚਾਰੀਆ ਦੀ ਰਸਮ ਕਿਰਿਆ ਦੌਰਾਨ ਦੇਖਣ ਨੂੰ ਮਿਲੀ। ਹਿਮ ਪ੍ਰਭਾ ਅਖਬਾਰ ਦੇ ਸੰਪਾਦਕ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਨਲਿਨ ਅਚਾਰੀਆ ਨੂੰ ਸਮਾਜ ਕਿੰਨਾ ਸਨੇਹ ਕਰਦਾ ਸੀ ਇਹ ਅੱਜ ਕਮਿਊਨਿਟੀ ਸੈਂਟਰ ਵਿੱਚ ਹਾਜ਼ਰ ਲੋਕਾਂ ਦੀ ਸ਼ਮੂਲੀਅਤ ਤੋਂ ਸਾਫ ਨਜ਼ਰ ਆਇਆ।
ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ ਵਿੱਚ ਉਨ੍ਹਾਂ ਦੀ ਬਰਾਬਰ ਦੀ ਮਕਬੂਲੀਅਤ ਰਹੀ ਹੈ। ਉਨਾਂ ਦੀ ਰਸਮ ਕਿਰਿਆ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਨਲਿਨ ਵਲੋਂ ਮਾਨਵਤਾ ਦੀ ਸੇਵਾ ਵਿੱਚ ਪਾਏ ਯੋਗਦਾਨ ਨੂੰ ਧਾਰਮਿਕ ਪ੍ਰਵਚਨਾਂ ਸਮੇਤ ਸਾਰੇ ਵਰਗਾਂ ਦੇ ਬੁਲਾਰਿਆਂ ਨੇ ਬਾਖੂਬੀ ਵਿਖਿਆਨ ਕੀਤਾ। ਉਹ ਇਕੋ ਸਮੇਂ ਪੱਤਰਕਾਰ, ਸਮਾਜ ਸੇਵੀ ਅਤੇ ਧਾਰਮਿਕ ਖੇਤਰ ਵਿੱਚ ਸੇਵਾ ਕਰਨ ਵਾਲੀ ਹਸਤੀ ਸੀ! ਪ੍ਰੈਸ ਕਲਬ ਚੰਡੀਗੜ ਦੇ ਪ੍ਰਧਾਨ ਦੋ ਵਾਰ ਬਣੇ ਅਤੇ ਕਲੱਬ ਦੇ ਵੱਖ-ਵੱਖ ਅਹੁਦਿਆਂ ਉਪਰ ਰਹੇ । ਸਿਟੀ ਬਿਊਟੀਫੁੱਲ ਚੰਡੀਗੜ ਵਿੱਚ ਮੀਡੀਆ ਦੇ ਇਕ ਛੋਟੇ ਪਲੇਟਫਾਰਮ ਤੋਂ ਉੱਠਕੇ ਵੱਡਾ ਨਾਮ ਕਮਾਇਆ। ਜੇਕਰ ਸਾਦਗੀ ਅਤੇ ਹਲੀਮੀ ਦੀ ਕੋਈ ਗੱਲ ਕਰੇ ਤਾਂ ਨਲਿਨ ਅਚਾਰੀਆ ਤੋਂ ਬੇਹਤਰੀਨ ਨਾਂ ਕੋਈ ਹੋ ਨਹੀਂ ਸਕਦਾ। ਨਲਿਨ ਦੀ ਪੱਤਰਕਾਰੀ ਖੇਤਰ ਵਿੱਚ ਪੰਜਾਹ ਸਾਲ ਦੀ ਸੇਵਾ ਨਵੀਆਂ ਪੀੜ੍ਹੀਆਂ ਲਈ ਮਿਸਾਲ ਬਣੇਗੀ।
ਨਲਿਨ ਜੀ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ, ਕੇਂਦਰੀ ਸਾਬਕਾ ਕੈਬਨਿਟ ਮੰਤਰੀ ਪਵਨ ਬਾਂਸਲ , ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ, ਭਾਜਪਾ ਦੇ ਸੀਨੀਅਰ ਨੇਤਾ ਸਤਪਾਲ ਜੈਨ. ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ , ਕਾਂਗਰਸ ਦੇ ਨੇਤਾ ਲੱਕੀ, ਸਾਬਕਾ ਮੇਅਰ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੀਆਂ ਉਘੀਆਂ ਰਾਜਸੀ ਹਸਤੀਆਂ ਸ਼ਾਮਲ ਸਨ।
ਪੀ ਜੀ ਆਈ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਡਾ ਯਸ਼ਪਾਲ ਸ਼ਰਮਾ, ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਿਮਲ ਸੇਤੀਆ , ਸੀਨੀਅਰ ਆਈ ਏ ਐਸ ਅਧਿਕਾਰੀ ਵੀ ਕੇ ਸਿੰਘ , ਚੰਡੀਗੜ੍ਹ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਾਜੀਵ ਤਿਵਾੜੀ, ਚੰਡੀਗੜ ਪ੍ਰੈਸ ਕਲਬ ਦੇ ਪ੍ਰਧਾਨ ਸੌਰਭ ਦੁੱਗਲ, ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ, ਵੱਡੇ ਅਖਬਾਰਾਂ ਦੇ ਸੰਪਾਦਕ, ਪੱਤਰਕਾਰ ਭਾਈਚਾਰਾ ਅਤੇ ਸਮਾਜਿਕ ਆਗੂ ਸ਼ਾਮਲ ਸਨ।