ਨਵੀਂ ਦਿੱਲੀ - ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਲਾਲ ਕਿਲਾ ਤੇ ਕਰਵਾਏ ਗਏ ਗੁਰਮਤਿ ਪ੍ਰੋਗਰਾਮ ਵਿਚ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਦੀ ਭਾਰੀ ਉਲੰਘਣਾ ਕੀਤੀ ਗਈ ਹੈ ਜਿਸ ਲਈ ਇੰਨ੍ਹਾ ਨੂੰ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਕਾਰਵਾਈ ਕਰਣੀ ਚਾਹੀਦੀ ਹੈ । ਇਸ ਬਾਰੇ ਗੱਲਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਮੁੱਖੀ ਨੇ ਦਸਿਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਤੇ ਉਨ੍ਹਾਂ ਨਾਲ ਚਲ ਰਹੇ ਸੁਰੱਖਿਆ ਕਰਮੀ ਨੰਗੇ ਸਿਰ ਨਜ਼ਰ ਆਏ ਹਨ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਵਿਚ ਭਾਰੀ ਬੇਅਦਬੀ ਹੋਈ ਹੈ । ਗ੍ਰਿਹ ਮੰਤਰੀ ਦੇ ਨਾਲ ਦਿੱਲੀ ਕਮੇਟੀ ਦੇ ਇਕ ਸਾਬਕਾ ਪ੍ਰਧਾਨ, ਮੌਜੂਦਾ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਨਾਲ ਨਾਲ ਚਲ ਰਹੇ ਸਨ ਪਰ ਕਿਸੇ ਨੇ ਵੀਂ ਇਹ ਬੇਅਦਬੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਲਈ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦਿੱਲੀ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੂੰ ਤੁਰੰਤ ਤਖਤ ਸਾਹਿਬ ਤੇ ਸੱਦ ਕੇ ਇਸ ਬਾਰੇ ਸਪਸ਼ਟੀਕਰਣ ਲਿਆ ਜਾਏ ਕਿ ਹਰ ਇਕ ਸਿੱਖ ਲਈ ਗੁਰੂ ਸਾਹਿਬ ਤੋਂ ਪਰੇ ਸਭ ਉਜਾੜ ਹੈ ਤੇ ਓਹ ਗੁਰੂ ਸਾਹਿਬ ਜੀ ਦੀ ਆਨ ਬਾਨ ਸ਼ਾਨ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ ਫਿਰ ਤੁਹਾਡੀ ਮੌਜੂਦਗੀ ਵਿਚ ਇਸ ਤਰ੍ਹਾਂ ਦੀ ਬੇਅਦਬੀ ਕਿਸ ਤਰ੍ਹਾਂ ਹੋ ਗਈ ਕੀ ਤੁਹਾਨੂੰ ਰਹਿਤ ਮਰਿਆਦਾ ਦਾ ਪਤਾ ਨਹੀਂ ਜਾ ਫਿਰ ਤੁਹਾਡੀ ਨਿੱਜ ਲਈ ਗੁਰੂ ਸਾਹਿਬ ਤੋਂ ਵੀਂ ਉਪਰ ਕੌਈ ਹੈ..? ਉਨ੍ਹਾਂ ਦਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਨੂੰ ਤਾਂ ਦੋ ਦਸੰਬਰ ਨੂੰ ਲਏ ਗਏ ਫੈਸਲਿਆ ਦੌਰਾਨ ਤਖਤ ਸਾਹਿਬ ਉਪਰ ਸਿੱਖ ਮੰਨਿਆਂ ਹੀ ਨਹੀਂ ਗਿਆ ਇਸ ਲਈ ਉਨ੍ਹਾਂ ਉਪਰ ਕਿਸ ਤਰ੍ਹਾਂ ਕਾਰਵਾਈ ਕੀਤੀ ਜਾਏ ਇਹ ਜੱਥੇਦਾਰ ਸਾਹਿਬ ਦੇਖ ਸਕਦੇ ਹਨ । ਅੰਤ ਵਿਚ ਉਨ੍ਹਾਂ ਕਿਹਾ ਕਿ ਗ੍ਰਿਹ ਮੰਤਰੀ ਦੀ ਮੌਜੂਦਗੀ ਵਿਚ ਕਮੇਟੀ ਪ੍ਰਬੰਧਕਾਂ ਵਲੋਂ ਸਿੱਖ ਪੰਥ ਦੇ ਅਹਿਮ ਮਸਲਿਆਂ ਨੂੰ ਨਾ ਚੁੱਕ ਕੇ ਗੂੰਗੇ ਬਣ ਉਨ੍ਹਾਂ ਇਹ ਸਾਬਿਤ ਕੀਤਾ ਕਿ ਕਮੇਟੀ ਸਰਕਾਰ ਅਧੀਨ ਚਲ ਰਹੀ ਹੈ ਤੇ ਪੰਥ ਨੇ ਆਪਣੇ ਪੰਥਕ ਮਸਲਿਆਂ ਨੂੰ ਸਰਕਾਰ ਅੱਗੇ ਚੁੱਕਣ ਦਾ ਮੌਕਾ ਗੁਆ ਦਿੱਤਾ ਜਿਸ ਨਾਲ ਸਿੱਖਾਂ ਵਿਚ ਭਾਰੀ ਨਮੋਸ਼ੀ ਫੈਲੀ ਹੋਈ ਹੈ ।