ਨਵੀਂ ਦਿੱਲੀ- ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਸਹਿਜ ਪਾਠ ਨਾਲ ਜੁੜਨ ਦੀ ਅਪੀਲ ਸੰਗਤ ਨੂੰ ਕੀਤੀ ਸੀ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਅਪੀਲ 'ਤੇ ਸਿਰਫ਼ ਦੇਸ਼ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੰਗਤ ਵੱਡੀ ਗਿਣਤੀ ਵਿੱਚ ਸਹਿਜ ਪਾਠ ਨਾਲ ਜੁੜੀ। 25 ਨਵੰਬਰ ਨੂੰ ਇੱਕ ਲੱਖ ਤੋਂ ਵੱਧ ਸੰਗਤ ਨੇ ਇਕੱਠੇ ਸਲੋਕ ਮਹੱਲਾ 9 ਦੀ ਬਾਣੀ ਦਾ ਉਚਾਰਣ ਕਰਦੇ ਹੋਏ ਸਹਿਜ ਪਾਠ ਦੀ ਸੰਪੂਰਨਤਾ ਕੀਤੀ, ਜੋ ਆਪਣੇ ਆਪ ਵਿੱਚ ਇੱਕ ਪ੍ਰਸੰਸ਼ਨੀਯ ਮਿਸਾਲ ਬਣ ਗਈ। ਸ੍ਰੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਲਗਭਗ 8 ਮਹੀਨੇ ਪਹਿਲਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀਸ਼ਾਹ ਵੰਜਾਰਾ ਹਾਲ ਤੋਂ ਸਹਿਜ ਪਾਠ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਸੰਗਤ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਗਈ ਸੀ। ਧਰਮ ਪ੍ਰਚਾਰ ਕਮੇਟੀ ਵੱਲੋਂ ਜਿਨ੍ਹਾਂ ਸੰਗਤਾਂ ਦੀ ਮੰਗ ਆਈ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਵੀ ਪ੍ਰਦਾਨ ਕੀਤੀਆਂ ਗਈਆਂ। ਬਹੁਤ ਸਾਰੀਆਂ ਸੰਗਤਾਂ ਕੋਲ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਪੋਥੀਆਂ ਮੌਜੂਦ ਸਨ, ਉਹ ਆਪਣੇ ਘਰਾਂ ਤੋਂ ਹੀ ਸਹਿਜ ਪਾਠ ਨਾਲ ਜੁੜ ਗਏ। ਜਦੋਂ 25 ਨਵੰਬਰ ਨੂੰ ਲਾਲ ਕਿਲਾ ਮੈਦਾਨ ਵਿੱਚ ਸਹਿਜ ਪਾਠ ਦੀ ਸੰਪੂਰਨਤਾ ਹੋਈ, ਤਾਂ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਜਿੱਧਰ ਤੱਕ ਨਜ਼ਰ ਜਾ ਰਹੀ ਸੀ, ਉੱਥੇ ਸੰਗਤ ਸਲੋਕ ਮਹੱਲਾ 9 ਦੀ ਬਾਣੀ ਪੜ੍ਹਦੇ ਹੋਏ ਪਾਠ ਦੀ ਸੰਪੂਰਨਤਾ ਕਰਦੀ ਦਿਖ ਰਹੀ ਸੀ। ਹਜ਼ਾਰਾਂ ਸੰਗਤਾਂ ਨੇ ਆਪਣੇ ਘਰਾਂ ਤੋਂ ਵੀ ਪਾਠ ਪੂਰਾ ਕੀਤਾ। ਕੁੱਲ ਮਿਲਾ ਕੇ ਅੰਦਾਜ਼ਾ ਹੈ ਕਿ ਇੱਕ ਲੱਖ ਤੋਂ ਵੱਧ ਸੰਗਤ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਉਨ੍ਹਾਂ ਦੀ ਧਰਮ ਪਤਨੀ, ਜਗਦੀਪ ਸਿੰਘ ਕਾਹਲੋ ਸਮੇਤ ਕਈ ਕਮੇਟੀ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਹਿਜ ਪਾਠ ਨਾਲ ਜੁੜੇ। ਖਾਸ ਤੌਰ 'ਤੇ ਨੌਜਵਾਨ ਵੱਡੀ ਗਿਣਤੀ ਵਿੱਚ ਜੁੜੇ, ਜਿਸ ਨਾਲ ਸਾਬਤ ਹੁੰਦਾ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਮੁਹਿੰਮ ਪੂਰੀ ਤਰ੍ਹਾਂ ਸਫਲ ਰਹੀ।
ਸ੍ਰੀ ਜਸਪ੍ਰੀਤ ਸਿੰਘ ਕਰਮਸਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਅੱਗੇ ਵੀ ਸਹਿਜ ਪਾਠ ਨਾਲ ਜੁੜਿਆ ਰੱਖੋ, ਕਿਉਂਕਿ ਹਰ ਗੁਰਸਿੱਖ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ।