ਨਵੀਂ ਦਿੱਲੀ - ਜਲੰਧਰ ਵਿਚ 13 ਸਾਲਾ ਬੱਚੀ ਨਾਲ ਕੀਤੇ ਗਏ ਕੁਕਰਮ ਉਪਰੰਤ ਕਤਲ ਦੀ ਬੈਲਜੀਅਮ ਦੇ ਯੂਰੋਪਿਅਨ ਸਿੱਖਾਂ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਇਸ ਲਈ ਦੋਸ਼ੀ ਨੂੰ ਕਾਨੂੰਨੀ ਪ੍ਰਕਿਰਿਆ ਹੇਠ ਫਾਸਟ ਕੋਰਟ ਰਾਹੀਂ ਸਖ਼ਤ ਸਜ਼ਾ ਐਲਾਨ ਕਰਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਦਾ ਸਿਖ ਕਦੇ ਅਨਿਆਂਕਾਰੀ, ਬਲਾਤਕਾਰੀ, ਕੁਕਰਮੀ ਦੇ ਹਕ ਵਿਚ ਨਹੀਂ ਹੁੰਦਾ ਤੇ ਉਹ ਇਸਦਾ ਵਿਰੋਧ ਕਰਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਗੁੜਤੀ ਦਿਤੀ ਹੈ ਅਤੇ ਸਿਖਾਂ ਦਾ ਕਿਰਦਾਰ ਤੇ ਸੁਭਾਅ ਹੈ ਕਿ ਉਹਨਾਂ ਕਦੇ ਬਲਾਤਕਾਰੀ ਦੀ ਹਮਾਇਤ ਨਹੀਂ ਕੀਤੀ ਜਿਵੇਂ ਬਾਕੀ ਕੁਝ ਸਮਾਜਾਂ ਵਿਚ ਦੋਸ਼ੀਆ ਦੀ ਹਮਾਇਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੂਜੇ ਸਮਾਜ ਦੇ ਲੋਕ ਵਡੀਆਂ ਵਡੀਆਂ ਗੱਲਾਂ ਕਰ ਰਹੇ ਹਨ ਪਰ ਜਦੋ ਨਵੰਬਰ 1984 ਵਿਚ ਸਿੱਖ ਬੀਬੀਆਂ ਨਾਲ ਜਬਰਜਿਨਾਹ ਕੀਤਾ ਗਿਆ ਤਦ ਓਹ ਕਿਉਂ ਨਹੀਂ ਬੋਲੇ ਤਦ ਕਿਉਂ ਉਨ੍ਹਾਂ ਦੇ ਬੁਲ ਚੁੱਪ ਹੋ ਗਏ ਸਨ..? ਕਿਉਂ ਨਹੀਂ ਸਿੱਖ ਬੀਬੀਆਂ ਨੂੰ ਨਿਆਂ ਦਿਵਾਉਣ ਲਈ ਓਹ ਅੱਗੇ ਆਏ..? ਇਸ ਮੌਕੇ ਸ. ਬਿੰਦਰ ਸਿੰਘ, ਸ. ਜੋਗਾ ਸਿੰਘ, ਸ. ਸੁਰਿੰਦਰ ਸਿੰਘ, ਸ. ਜਸਵਿੰਦਰ ਸਿੰਘ, ਸ. ਸੰਨੀ ਸਿੰਘ, ਸ. ਮਲੂਕ ਸਿੰਘ, ਸ. ਕਰਮ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ।