ਅੰਮ੍ਰਿਤਸਰ-¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਇਕ ਅਜਿਹੀ ਚੈਰੀਟੇਬਲ ਸੋਸਾਇਟੀ ਹੈ, ਜੋ ਹਰ ਸਮੇਂ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਚਿੰਤਤ ਰਹਿੰਦੀ ਹੈ ਅਤੇ ਸਮੇਂ-ਸਮੇਂ ’ਤੇ ਬੱਚਿਆਂ ਦੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦਿਆਂ ਹੋਇਆ ਪੜ੍ਹਾਈ ਦੇ ਨਾਲ ਹੋਰਨਾਂ ਗਤੀਵਿਧੀਆਂ ਚਾਹੇ ਉਹ ਖੇਡਾਂ, ਸੱਭਿਆਚਾਰਕ, ਮੁਕਾਬਲੇਬਾਜੀ ਜਾਂ ਕੋਈ ਹੋਰ ਸਰਗਰਮੀ ਹੋਵੇ ਸਬੰਧੀ ਮਾਹਿਰਾਂ ਪਾਸੋਂ ਸਿਖਲਾਈ ਅਤੇ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ ਤਾਂ ਜੋ ਖਾਲਸਾ ਸੰਸਥਾਵਾਂ ਦਾ ਵਿਦਿਆਰਥੀ ਸਮੇਂ ਦੇ ਹਾਣ ਮੁਤਾਬਕ ਸੰਪੂਰਨ ’ਤੇ ਸਮਾਜ ’ਚ ਵਿਚਰਦਿਆਂ ਆਪਣਾ ਮਹੱਤਵਪੂਰਨ ਰੋਲ ਨਿਭਾਅ ਸਕੇ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ‘ਤੀਜੀ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ-2025’ ’ਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਕੈਂਪਸ ਪੁੱਜੀ ਖਾਲਸਾ ਹਾਕੀ ਅਕੈਡਮੀ ਟੀਮ ਦੀਆਂ ਖਿਡਾਰਣਾਂ ਦੀ ਸ਼ਲਾਘਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕੋਨੇ-ਕੋਨੇ ’ਚ ਖਾਲਸਾ ਸੰਸਥਾਵਾਂ ਦੇ ਵਿਦਿਆਰਥੀ ਆਪਣੀ ਮਿਹਨਤ, ਲਗਨ ਨਾਲ ਆਪਣੇ-ਆਪਣੇ ਜ਼ਿਲ੍ਹੇ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ, ਜਿਸ ਤੋਂ ਸਮੂਹ ਜਗਤ ਭਲੀਭਾਂਤ ਜਾਣੂ ਹੈ।
ਇਸ ਮੌਕੇ ਸ: ਮਜੀਠੀਆ ਅਤੇ ਸ: ਛੀਨਾ ਨੇ ਸਾਂਝੇ ਤੌਰ ’ਤੇ ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਦੀ ਯੋਗ ਅਗਵਾਈ ਅਤੇ ਹਾਕੀ ਕੋਚ ਅਮਰਜੀਤ ਦੁਆਰਾ ਕਰਵਾਏ ਜਾਂਦੇ ਸਖ਼ਤ ਅਭਿਆਸ ਦੀ ਪ੍ਰਸੰਸਾ ਕਰਦਿਆਂ ਖਿਡਾਰਣਾਂ ਭਵਿੱਖ ’ਚ ਹੋਰ ਤਰੱਕੀ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਹਾਕੀ ਅਕੈਡਮੀ ਨੇ ਕਰਨਾਲ, ਹਰਿਆਣਾ ਵਿਖੇ ਹੋਈ ਤੀਜੀ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ 2025 ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਟੀਮ ਨੇ ਲੀਗ ਪੜਾਅ ’ਚ ਮਾਰਕੰਡੇਸ਼ਵਰ ਹਾਕੀ ਅਕੈਡਮੀ (2-0), ਰਾਜਾ ਕਰਨ ਹਾਕੀ ਅਕੈਡਮੀ, ਕਰਨਾਲ (4-0) ਅਤੇ ਆਰ. ਕੇ. ਰਾਏ ਹਾਕੀ ਅਕੈਡਮੀ, ਦਿੱਲੀ (2-0) ਨੂੰ ਹਰਾ ਕੇ ਪ੍ਰਭਾਵਸ਼ਾਲੀ ਜਿੱਤਾਂ ਦਰਜ ਕੀਤੀਆਂ।
ਉਨ੍ਹਾਂ ਕਿਹਾ ਕਿ ਸੈਮੀਫਾਈਨਲ ਮੁਕਾਬਲੇ ’ਚ ਖਾਲਸਾ ਹਾਕੀ ਅਕੈਡਮੀ ਨੇ ਪ੍ਰੀਤਮ ਸਿਵਾਚ ਸਪੋਰਟਸ ਅਕੈਡਮੀ, ਸੋਨੀਪਤ ਨੂੰ 2-1 ਨਾਲ ਹਰਾ ਕੇ ਚੈਂਪੀਅਨਸ਼ਿਪ ਦੇ ਫਾਈਨਲ ’ਚ ਆਪਣੀ ਜਗ੍ਹਾ ਬਣਾਈ। ਇਸ ਉਪਰੰਤ ਫਾਈਨਲ ’ਚ ਹਰ ਹਾਕੀ ਅਕੈਡਮੀ, ਹਰਿਆਣਾ ਦੇ ਖਿਲਾਫ ਸਖ਼ਤ ਟੱਕਰ ਦੇ ਬਾਵਜੂਦ ਟੀਮ ਦੂਜੇ ਸਥਾਨ ’ਤੇ ਰਹੀ, ਜਿਸਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।