ਨਵੀਂ ਦਿੱਲੀ-6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ.) 2026 ਤੋਂ ਪਹਿਲਾਂ ਆਪਣੇ ਅੰਤਰਰਾਸ਼ਟਰੀ ਪਹੁੰਚ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਖੇ ਖਾੜੀ ਸਹਿਯੋਗ ਪ੍ਰੀਸ਼ਦ (ਜੀ.ਸੀ.ਸੀ.) ਦੇਸ਼ਾਂ ਅਤੇ ਸੁਤੰਤਰ ਰਾਜਾਂ ਦੇ ਰਾਸ਼ਟਰਮੰਡਲ (ਸੀ.ਆਈ.ਐਸ.) ਖੇਤਰ ਦੇ ਰਾਜਦੂਤਾਂ ਨਾਲ ਦੋ ਗੋਲਮੇਜ਼ ਮੀਟਿੰਗਾਂ ਕੀਤੀਆਂ।
ਇਨ੍ਹਾਂ ਮੀਟਿੰਗਾਂ ਦੀ ਪ੍ਰਧਾਨਗੀ ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕੀਤੀ ਅਤੇ ਇਹਨਾਂ ਮੀਟਿੰਗਾਂ ਵਿੱਚ ਰਾਜਦੂਤਾਂ, ਸੀਨੀਅਰ ਕੂਟਨੀਤਕ ਨੁਮਾਇੰਦਿਆਂ, ਵਿਦੇਸ਼ ਮੰਤਰਾਲੇ (ਐਮਈਏ) ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਦੋਵੇਂ ਮੀਟਿੰਗਾਂ ਸ੍ਰੀ ਕੇ.ਕੇ. ਯਾਦਵ, ਆਈਏਐਸ, ਪ੍ਰਸ਼ਾਸਕੀ ਸਕੱਤਰ, ਨਿਵੇਸ਼ ਪ੍ਰਮੋਸ਼ਨ ਵਿਭਾਗ ਦੇ ਸਵਾਗਤੀ ਭਾਸ਼ਣਾਂ ਨਾਲ ਸ਼ੁਰੂ ਹੋਈਆਂ। ਇਸ ਉਪਰੰਤ "ਐਡਵਾਂਟੇਜ ਪੰਜਾਬ" ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਸੂਬੇ ਦੇ ਮਜ਼ਬੂਤ ਉਦਯੋਗਿਕ ਮਾਹੌਲ, ਨਿਵੇਸ਼ ਲਈ ਤਿਆਰ ਬੁਨਿਆਦੀ ਢਾਂਚੇ, ਨੀਤੀਗਤ ਸੁਧਾਰਾਂ ਅਤੇ ਖੇਤੀਬਾੜੀ, ਖੇਤੀਬਾੜੀ-ਤਕਨੀਕ, ਫੂਡ ਪ੍ਰੋਸੈਸਿੰਗ, ਆਈਟੀ, ਸਿਹਤ ਸੰਭਾਲ ਤੇ ਨਿਰਮਾਣ ਵਿੱਚ ਉੱਭਰ ਰਹੀਆਂ ਸੰਭਾਵਨਾਵਾਂ 'ਤੇ ਚਾਨਣਾ ਪਾਇਆ ਗਿਆ।
ਜੀ.ਸੀ.ਸੀ. ਗੋਲਮੇਜ਼ ਮੀਟਿੰਗ ਵਿੱਚ ਕੁਵੈਤ, ਓਮਾਨ, ਕਤਰ ਅਤੇ ਬਹਿਰੀਨ ਦੇ ਰਾਜਦੂਤਾਂ ਨੇ ਸ਼ਿਰਕਤ ਕੀਤੀ, ਜੋ ਕਿ ਪੰਜਾਬ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਜੀਸੀਸੀ ਬਲਾਕ ਦੀਆਂ ਸਮੂਹਿਕ ਤਿਆਰੀਆਂ ਨੂੰ ਦਰਸਾਉਂਦਾ ਹੈ। ਜੀ.ਸੀ.ਸੀ. ਰਾਜਦੂਤਾਂ ਨੇ ਪੰਜਾਬ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੀ.ਸੀ.ਸੀ. ਖੇਤਰ ਅਪਣੀਆਂ ਵਿਸ਼ਵ ਪੱਧਰੀ ਬੰਦਰਗਾਹਾਂ, ਮਜ਼ਬੂਤ ਲੌਜਿਸਟਿਕਸ ਪ੍ਰਣਾਲੀਆਂ ਅਤੇ ਅਫਰੀਕਾ, ਯੂਰਪ ਅਤੇ ਅਮਰੀਕਾ ਨਾਲ ਵਿਆਪਕ ਗਲੋਬਲ ਸੰਪਰਕ ਦੇ ਮੱਦੇਨਜ਼ਰ ਪੰਜਾਬ ਅਤੇ ਭਾਰਤ ਲਈ ਇੱਕ ਪ੍ਰਮੁੱਖ ਨਿਰਯਾਤ ਗੇਟਵੇ ਵਜੋਂ ਕੰਮ ਕਰ ਸਕਦਾ ਹੈ। ਉਨ੍ਹਾਂ ਨੇ ਪੰਜਾਬ ਦੀਆਂ ਨਿਰਮਾਣ ਸਮਰੱਥਾਵਾਂ, ਹੁਨਰਮੰਦ ਕਾਰਜਬਲ ਅਤੇ ਉੱਦਮੀ ਅਧਾਰ ਅਤੇ ਜੀ.ਸੀ.ਸੀ. ਦੀਆਂ ਆਰਥਿਕ ਵਿਭਿੰਨਤਾ ਦਰਮਿਆਨ ਮਜ਼ਬੂਤ ਸਬੰਧਾਂ ਦਾ ਜ਼ਿਕਰ ਕੀਤਾ।
ਸੀ.ਆਈ.ਐਸ. ਗੋਲਮੇਜ਼ ਮੀਟਿੰਗ ਵਿੱਚ ਕਜ਼ਾਕਿਸਤਾਨ, ਰੂਸ, ਅਰਮੀਨੀਆ ਅਤੇ ਬੇਲਾਰੂਸ ਦੇ ਰਾਜਦੂਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਪੰਜਾਬ ਨਾਲ ਲੰਬੇ ਸਮੇਂ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਕਜ਼ਾਕਿਸਤਾਨ ਦੇ ਰਾਜਦੂਤ ਨੇ ਸਿੱਖਿਆ, ਸੈਰ-ਸਪਾਟਾ ਅਤੇ ਸੱਭਿਆਚਾਰ ਅਤੇ ਵਪਾਰ ਤੇ ਨਿਰਯਾਤ ਨੂੰ ਸਹਿਯੋਗ ਦੇ ਤਿੰਨ ਮੁੱਖ ਥੰਮ੍ਹਾਂ ਵਜੋਂ ਉਜਾਗਰ ਕੀਤਾ ਅਤੇ ਪੰਜਾਬ ਦੀਆਂ ਮਜ਼ਬੂਤ ਅਕਾਦਮਿਕ ਸੰਸਥਾਵਾਂ, ਆਧੁਨਿਕ ਖੇਤੀਬਾੜੀ ਅਭਿਆਸਾਂ ਅਤੇ ਜੀਵੰਤ ਸੈਰ-ਸਪਾਟਾ ਦੀਆਂ ਅਥਾਹ ਸੰਭਾਵਨਾਵਾਂ ਦਾ ਜ਼ਿਕਰ ਕੀਤਾ।
ਰੂਸੀ ਸੰਘ ਦੇ ਰਾਜਦੂਤ ਨੇ ਪੰਜਾਬ ਨਾਲ ਖੇਤੀਬਾੜੀ ਵਪਾਰ, ਖਾਸ ਕਰਕੇ ਚੌਲਾਂ ਅਤੇ ਟਮਾਟਰ ਉਤਪਾਦਾਂ ਦੇ ਵਾਪਰ ਦੇ ਵਿਸਥਾਰ ਸਬੰਧੀ ਅਥਾਹ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੇਲਵੇ, ਪੈਟਰੋ ਕੈਮੀਕਲ, ਫਿਨਟੈਕ, ਆਰਟੀਫੀਸ਼ੀਅਲ ਇੰਟੈਲੀਜੈਂਸ, ਏਰੋਸਪੇਸ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਵਿੱਚ ਸਹਿਯੋਗ ਦੇ ਮੌਕਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅਗਾਮੀ ਰੂਸ-ਭਾਰਤ ਦੀ ਨੈਸ਼ਨਲ ਲੈਵਲ ਕਲੈਬੋਰੇਸ਼ਨ ਫੋਰਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੀ ਦਿਲਚਸਪੀ ਦਾ ਵੀ ਸਵਾਗਤ ਕੀਤਾ।
ਅਰਮੀਨੀਆ ਦੇ ਰਾਜਦੂਤ ਨੇ ਸੀ.ਆਈ.ਐਸ. ਦੇਸ਼ਾਂ ਤੱਕ ਪੰਜਾਬ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ ਅਤੇ ਖੇਤੀਬਾੜੀ ਤਕਨੀਕ, ਡੇਅਰੀ, ਆਈਟੀ ਸੇਵਾਵਾਂ ਅਤੇ ਨਵਿਆਉਣਯੋਗ ਊਰਜਾ ਵਿੱਚ ਭਾਈਵਾਲੀ ਕਰਨ ਦੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਨੇ ਸੈਰ-ਸਪਾਟਾ ਪ੍ਰਬੰਧਨ ਅਤੇ ਹੁਨਰ ਵਿਕਾਸ ਵਿੱਚ ਲੋਕਾਂ ਦਰਮਿਆਨ ਸਾਂਝ, ਸਾਲਾਨਾ ਸੱਭਿਆਚਾਰਕ ਤਿਉਹਾਰਾਂ ਅਤੇ ਯੂਨੀਵਰਸਿਟੀ-ਪੱਧਰੀ ਸਹਿਯੋਗ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।
ਬੇਲਾਰੂਸ ਦੇ ਰਾਜਦੂਤ ਨੇ ਸੀ.ਆਈ.ਐਸ. ਖੇਤਰ ਨਾਲ ਸਿੱਧੀ ਸ਼ਮੂਲੀਅਤ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ ਅਤੇ ਖੇਤੀਬਾੜੀ ਸਿੱਖਿਆ ਅਤੇ ਖੇਤੀ-ਮਸ਼ੀਨਰੀ ਦੇ ਨਿਰਮਾਣ ਵਿੱਚ ਬੇਲਾਰੂਸ ਦੀ ਮੁਹਾਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਉਦਯੋਗ ਜਗਤ ਅਤੇ ਸਰਕਾਰ ਨੂੰ ਜੂਨ 2026 ਵਿੱਚ ਹੋਣ ਵਾਲੀ ਬੇਲਾਰੂਸ ਦੀ ਸਾਲਾਨਾ ਖੇਤੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ, ਜੋ ਕਾਰੋਬਾਰ -ਤੋੰ- ਕਾਰੋਬਾਰ ਸਬੰਧੀ ਮੀਟਿੰਗਾਂ ਅਤੇ ਤਕਨਾਲੋਜੀ ਭਾਈਵਾਲੀ ਲਈ ਇੱਕ ਢੁੱਕਵਾਂ ਮੰਚ ਹੈ।
ਇਸ ਦੌਰਾਨ ਸੰਬੋਧਨ ਕਰਦੇ ਹੋਏ, ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਪ੍ਰਗਤੀਸ਼ੀਲ ਸੁਧਾਰਾਂ 'ਤੇ ਚਾਨਣਾ ਪਾਇਆ, ਜਿਸ ਵਿੱਚ ਕਾਰੋਬਾਰ ਅਧਿਕਾਰ ਐਕਟ ਅਤੇ ਇਨਹੈਂਸਡ ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਸ਼ਾਮਲ ਹੈ, ਜੋ ਹੁਣ ਭਾਰਤ ਦਾ ਸਭ ਤੋਂ ਉੱਨਤ ਡਿਜੀਟਲ ਨਿਵੇਸ਼ਕ ਸਹੂਲਤ ਪਲੇਟਫਾਰਮ ਹੈ। ਉਨ੍ਹਾਂ ਨੇ ਜੀ.ਸੀ.ਸੀ. ਅਤੇ ਸੀਆਈਐਸ ਮੈਂਬਰ ਦੇਸ਼ਾਂ ਨੂੰ ਨਿਰਮਾਣ ਅਤੇ ਸੇਵਾਵਾਂ ਲਈ ਪੰਜਾਬ ਨੂੰ ਪਹਿਲੀ ਪਸੰਦ ਵਜੋਂ ਚੁਣਨ ਅਤੇ ਇਨਵੈਸਟ ਪੰਜਾਬ ਰਾਹੀਂ ਖੇਤਰ -ਵਿਸ਼ੇਸ਼ ਭਾਈਵਾਲੀ ਨੂੰ ਅਕਰਸ਼ਿਤ ਕਰਨ ਲਈ ਉਤਸ਼ਾਹਿਤ ਕੀਤਾ।
ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਜੀਸੀਸੀ ਅਤੇ ਸੀਆਈਐਸ ਦੇਸ਼ਾਂ ਦੇ ਰਾਜਦੂਤਾਂ ਅਤੇ ਵਪਾਰਕ ਵਫ਼ਦਾਂ ਨੂੰ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਅਤੇ ਖੇਤੀਬਾੜੀ, ਖੇਤੀ-ਤਕਨੀਕ, ਡੇਅਰੀ, ਆਈ.ਟੀ. ਸੇਵਾਵਾਂ, ਸਿੱਖਿਆ, ਸੈਰ-ਸਪਾਟਾ, ਮੈਡੀਕਲ ਅਤੇ ਸਿਹਤ ਸੰਭਾਲ ਈਕੋਸਿਸਟਮ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਰਸਮੀ ਤੌਰ 'ਤੇ ਸੱਦਾ ਦਿੱਤਾ।
ਇਸਦੇ ਨਾਲ ਹੀ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਸੱਭਿਆਚਾਰਕ ਮਹੱਤਵ ਵਾਲੇ ਸਥਾਨਾਂ ਸਮੇਤ ਪੰਜਾਬ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਸੂਬੇ ਵਿੱਚ ਨਿਵੇਸ਼ ਪੱਖੀ ਨੀਤੀਆਂ, ਸਮਾਂ-ਬੱਧ ਪ੍ਰਵਾਨਗੀਆਂ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਵਾਲਾ ਵਪਾਰਕ ਮਾਹੌਲ ਪ੍ਰਦਾਨ ਕਰਨ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਇਨ੍ਹਾਂ ਮੀਟਿੰਗਾਂ ਵਿੱਚ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਹਿੱਸਾ ਲਿਆ ਅਤੇ ਪੰਜਾਬ ਦੀ ਨਿਸ਼ਾਨਾਬੱਧ, ਖੇਤਰ-ਵਿਸ਼ੇਸ਼ ਸ਼ਮੂਲੀਅਤ ਰਣਨੀਤੀ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੀ ਵਿਆਪਕ ਆਰਥਿਕ ਕੂਟਨੀਤੀ ਅਤੇ ਵਿਸ਼ਵ ਪੱਧਰ ‘ਤੇ ਕਾਰੋਬਾਰ ਦੇ ਵਿਸਥਾਰ ਵਿੱਚ ਪੰਜਾਬ ਦੇ ਅਹਿਮ ਯੋਗਦਾਨ ਨੂੰ ਮਾਨਤਾ ਦਿੱਤੀ।
ਦੋਵਾਂ ਜੀਸੀਸੀ ਅਤੇ ਸੀਆਈਐਸ ਖੇਤਰ ਦੇ ਰਾਜਦੂਤਾਂ ਨੇ ਪੰਜਾਬ ਵੱਲੋਂ ਪਹਿਲੀ ਵਾਰ ਇੱਕ ਢਾਂਚਾਗਤ ਅਤੇ ਖੇਤਰ-ਕੇਂਦ੍ਰਿਤ ਅੰਤਰਰਾਸ਼ਟਰੀ ਆਊਟਰੀਚ ਮਾਡਲ ਅਪਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਪ੍ਰਸ਼ੰਸਾ ਕੀਤੀ ਅਤੇ ਵਪਾਰਕ ਵਫ਼ਦਾਂ ਨੂੰ ਸਹੂਲਤ ਦੇਣ, ਖੇਤਰੀ ਭਾਈਵਾਲੀ ਦਾ ਸਮਰਥਨ ਕਰਨ ਅਤੇ ਵਪਾਰ ਅਤੇ ਸੱਭਿਆਚਾਰਕ ਸਬੰਧਾਂ ਦੇ ਆਦਾਨ-ਪ੍ਰਦਾਨ ਵਿੱਚ ਪੰਜਾਬ ਨਾਲ ਰਲ ਕੇ ਚੱਲਣ ਦੀ ਲਈ ਸਹਿਮਤੀ ਪ੍ਰਗਟਾਈ।
ਇਨ੍ਹਾਂ ਗੋਲਮੇਜ਼ ਮੀਟਿੰਗਾਂ ਦੀ ਸਫ਼ਲ ਸਮਾਪਤੀ ਦੋਵਾਂ ਧਿਰਾਂ ਵੱਲੋਂ ਮਾਰਚ 2026 ਵਿੱਚ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਜੀਸੀਸੀ ਅਤੇ ਸੀਆਈਐਸ ਦੀ ਭਾਗੀਦਾਰੀ ਨੂੰ ਵਧਾਉਣ ਲਈ ਨਜ਼ਦੀਕੀ ਤਾਲਮੇਲ ਬਣਾਈ ਰੱਖਣ ਅਤੇ ਤਿਆਰੀਆਂ ਨੂੰ ਹੋਰ ਤੇਜ਼ ਕਰਨ ਦੀ ਸਹਿਮਤੀ ਨਾਲ ਹੋਈ।