“ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਜਦੋ ਜਨਤਕ ਤੌਰ ਤੇ ਇਹ ਪ੍ਰਵਾਨ ਕਰ ਰਹੇ ਹਨ ਕਿ ਬੀਤੇ ਸਾਢੇ 3 ਸਾਲਾਂ ਵਿਚ 324 ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਹਨ, ਤਾਂ ਇਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਗੈਰ ਕਾਨੂੰਨੀ ਪੁਲਿਸ ਵੱਲੋ ਕੀਤੇ ਗਏ ਅਮਲਾਂ ਵਿਰੁੱਧ ਇਥੋ ਦੀ ਸੁਪਰੀਮ ਕੋਰਟ, ਹਾਈਕੋਰਟਾਂ, ਮਨੁੱਖੀ ਅਧਿਕਾਰ ਸੰਗਠਨ ਅਤੇ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਆਵਾਜ ਕਿਉ ਨਹੀ ਉਠਾ ਰਹੀਆ ਹਨ ? ਦੂਸਰਾ ਸਾਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਇਨ੍ਹਾਂ 324 ਪੁਲਿਸ ਮੁਕਾਬਲਿਆ ਵਿਚ ਮਾਰੇ ਜਾਣ ਵਾਲਿਆ ਵਿਚ, ਸਿੱਖ, ਮੁਸਲਿਮ, ਇਸਾਈ, ਆਦਿਵਾਸੀ ਆਦਿ ਦਾ ਕੀ ਅੰਕੜਾ ਹੈ, ਉਸਦੇ ਵੇਰਵੇ ਤੋ ਸਿੱਖ ਕੌਮ ਤੇ ਸਮੁੱਚੇ ਮੁਲਕ ਨੂੰ ਇਸੇ ਤਰ੍ਹਾਂ ਜਨਤਕ ਜਾਣਕਾਰੀ ਦਿੱਤੀ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੀਜੀਪੀ ਪੰਜਾਬ ਵੱਲੋ ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਨਾਗਰਿਕਾਂ ਦੇ ਆਏ ਜਨਤਕ ਬਿਆਨ ਉਪਰੰਤ ਕਿਸ-ਕਿਸ ਕੌਮ ਦੇ ਕਿੰਨੇ-ਕਿੰਨੇ ਬੰਦੇ, ਕਿਥੇ ਅਤੇ ਕਿਉਂ ਮਾਰੇ ਗਏ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਅਮਲ ਇਹ ਵੀ ਪ੍ਰਤੱਖ ਕਰਦੇ ਹਨ ਕਿ ਪੁਲਿਸ, ਸੀ.ਆਰ.ਪੀ.ਐਫ, ਬੀਐਸਐਫ ਅਤੇ ਹੋਰ ਅਰਧ ਸੈਨਿਕ ਬਲਾਂ ਵੱਲੋ ਤਾਨਾਸਾਹੀ ਸੋਚ ਅਧੀਨ ਹੁਕਮਰਾਨਾਂ ਦੀ ਸਹਿ ਉਤੇ ਇਹ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਅਮਲ ਨਿਰੰਤਰ ਫੋਰਸਾਂ ਵੱਲੋ (ਐਕਸਟਰਾਂ ਜੂਡੀਸੀਅਲ ਕਲਿੰਗਜ) ਕੀਤੀਆ ਜਾਂਦੀਆ ਆ ਰਹੀਆ ਹਨ । ਜਿਸਦੀ ਨਿਰਪੱਖਤਾ ਨਾਲ ਸੁਪਰੀਮ ਕੋਰਟ ਵੱਲੋ ਸੀਮਤ ਸਮੇ ਵਿਚ ਜਾਚ ਹੋਣੀ ਵੀ ਬਣਦੀ ਹੈ ਤਾਂ ਕਿ ਜਿਨ੍ਹਾਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆ ਨੇ ਹੁਕਮਰਾਨਾਂ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਪ੍ਰਵਾਨ ਕਰਕੇ ਇਹ ਕਤਲੇਆਮ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕੋਰਟਾਂ ਵਿਚ ਪੇਸ ਕਰਨ ਦੇ ਅਮਲ ਨਹੀ ਕੀਤੇ, ਉਨ੍ਹਾਂ ਵਿਰੁੱਧ ਹਰ ਕੀਮਤ ਤੇ ਕਤਲ ਕੇਸ ਦਰਜ ਕਰਦੇ ਹੋਏ ਅਮਲ ਹੋ ਸਕੇ । ਉਨ੍ਹਾਂ ਕਿਹਾ ਕਿ ਕਾਮਰੇਡੀ ਸੋਚ ਨਾਲ ਸੰਬੰਧਤ ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਐਮ.ਐਲ ਆਦਿ ਸੰਗਠਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਜਿਹੇ ਅਮਲ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਹਨ । ਕਿਉਂਕਿ ਕੋਈ ਵੀ ਫੋਰਸ ਕਿਸੇ ਵੀ ਨਾਗਰਿਕ ਨੂੰ ਇਸ ਤਰ੍ਹਾਂ ਗੋਲੀਆ, ਬੰਦੂਕਾ ਨਾਲ ਖਤਮ ਕਰਨ ਦਾ ਕਾਨੂੰਨੀ, ਸਮਾਜਿਕ ਜਾਂ ਇਖਲਾਕੀ ਅਧਿਕਾਰ ਬਿਲਕੁਲ ਨਹੀ ਰੱਖਦੀ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਸਿੱਖ ਕੌਮ ਘੱਟ ਗਿਣਤੀ ਕੌਮ ਹੈ, ਜੇਕਰ ਹੁਕਮਰਾਨਾਂ ਦੇ ਤਾਨਾਸਾਹੀ ਆਦੇਸ਼ਾਂ ਉਤੇ ਅਮਲ ਕਰਕੇ ਪੁਲਿਸ ਅਧਿਕਾਰੀ ਸਿੱਖਾਂ ਨੂੰ ਇਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਦਾ ਸਿਲਸਿਲਾ ਜਾਰੀ ਰੱਖਣਗੇ ਇਹ ਤਾਂ ਸਿੱਖਾਂ ਦੀ ਆਬਾਦੀ ਨੂੰ ਹੋਰ ਘੱਟ ਕਰਨ ਵਾਲੀ ਹਕੂਮਤੀ ਸਾਜਿਸ ਹੈ।
ਸ. ਮਾਨ ਨੇ ਉਪਰੋਕਤ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਜਾਣ ਵਾਲੇ ਨਾਗਰਿਕਾਂ ਦੇ ਗੰਭੀਰ ਮੁੱਦੇ ਉਤੇ ਸਿੱਖ ਕੌਮ ਦੇ ਤਖਤ ਸਾਹਿਬਾਨਾਂ ਤੇ ਬਿਰਾਜਮਾਨ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ ਦੀ ਸਿੱਖ ਪਾਰਲੀਮੈਟ ਦੇ ਪ੍ਰਧਾਨ, ਅਗਜੈਕਟਿਵ ਕਮੇਟੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਅਜਿਹੇ ਜ਼ਬਰ ਜੁਲਮ ਵਿਰੁੱਧ ਉਨ੍ਹਾਂ ਦੇ ਵੀ ਇਖਲਾਕੀ, ਸਮਾਜਿਕ ਤੇ ਕੌਮੀ ਫਰਜ ਬਣਦੇ ਹਨ ਕਿ ਉਹ ਇਸ ਗੰਭੀਰ ਵਿਸੇ ਤੇ ਆਵਾਜ ਉਠਾਕੇ ਸਿੱਖ ਕੌਮ ਨਾਲ ਹੋ ਰਹੇ ਹਕੂਮਤੀ ਜ਼ਬਰ ਜੁਲਮ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਅੱਗੇ ਆਉਣ । ਇਹ ਫਰਜ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਹੀ ਨਹੀ ਹੈ । ਇਨ੍ਹਾਂ ਪੰਥਕ ਜਥੇਬੰਦੀਆ ਨੂੰ ਵੀ ਆਪਣੇ ਫਰਜਾਂ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਸਭ ਮਸਲਿਆ ਉਤੇ ਫੈਸਲਾਕੁੰਨ ਅਮਲ ਕਰਨਾ ਹੋਵੇਗਾ ਤਦ ਹੀ ਅਸੀ ਹੁਕਮਰਾਨਾਂ ਦੇ ਸਾਡੇ ਉਤੇ ਹੋ ਰਹੇ ਜਬਰ ਜੁਲਮਾਂ ਤੇ ਬੇਇਨਸਾਫ਼ੀਆ ਦਾ ਖਾਤਮਾ ਕਰਨ ਵੱਲ ਵੱਧ ਸਕਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਸੰਗਠਨ ਅਤੇ ਪੰਜਾਬ ਨਾਲ ਸੰਬੰਧਤ ਜਥੇਬੰਦੀਆਂ ਆਪਣੇ ਇਨ੍ਹਾਂ ਇਨਸਾਨੀ ਤੇ ਸੂਬੇ ਪ੍ਰਤੀ ਫਰਜਾਂ ਦੀ ਇਮਾਨਦਾਰੀ ਨਾਲ ਜਿਥੇ ਪੂਰਤੀ ਕਰਨਗੇ, ਉਥੇ ਸਮੁੱਚੀਆ ਪੰਥਕ ਜਥੇਬੰਦੀਆ ਆਪੋ ਆਪਣੇ ਨਿੱਜ ਸਵਾਰਥਾਂ ਤੋ ਉਪਰ ਉੱਠਕੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਵਾਉਣ ਵਿਚ ਆਪਣੀ ਬਣਦੀ ਭੂਮਿਕਾ ਨੂੰ ਹਰ ਕੀਮਤ ਤੇ ਪੂਰਨ ਕਰਨਗੀਆ ।