ਸੰਸਾਰ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | December 05, 2025 08:42 PM

ਰਿਚਮੰਡ-ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ ਵਿਖੇ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ, ਮਨੁੱਖੀ ਹੱਕਾਂ ਦੇ ਰਖਵਾਲੇ “ਹਿੰਦ ਦੀ ਚਾਦਰ” ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਗਹਿਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ, ਜਿਸ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਮਧੁਰ ਕੀਰਤਨ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਪ੍ਰੇਰਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਦੇ ਸਪੁੱਤਰ ਅਜੇ ਸਿੰਘ ਅਤੇ ਫਤਿਹ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਸ਼ਹਾਦਤ ਬਾਰੇ ਵਿਸ਼ੇਸ਼ ਸ਼ਬਦ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰੇ ਦੇ ਪ੍ਰੇਮੀ ਸੇਵਾਦਾਰ ਅਵਤਾਰ ਸਿੰਘ ਦਿਉਲ ਨੇ ਇਸ ਪਾਵਨ ਅਵਸਰ ਤੇ ਗੁਰੂ ਸਾਹਿਬ ਦੀ ਸ਼ਹਾਦਤ ਸੰਬੰਧੀ ਇਕ ਕਵਿਤਾ ਸੁਣਾਈ।

ਸੰਗਤ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸਿੰਘੇੜਾ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਮਨੁੱਖੀ ਹੱਕਾਂ ਦੀ ਰੱਖਿਆ ਲਈ ਦਿੱਤੀ ਇੱਕ ਅਦੁਤੀ ਮਿਸਾਲ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਇਕ ਉੱਚ ਕੋਟੀ ਦੇ ਯੋਧੇ, ਧਰਮ ਦੇ ਰਖਵਾਲੇ ਅਤੇ ਅਨੰਦਪੁਰ ਦੀ ਤਿੱਖੀ ਰੌਸ਼ਨੀ ਸਨ। ਕਰਤਾਰਪੁਰ ਵਿਚ ਮੁਗਲਾਂ ਨਾਲ ਲੜਾਈ ਦੌਰਾਨ ਦਿਖਾਈ ਗਈ ਬਹਾਦਰੀ ਕਾਰਨ ਹੀ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਉਨ੍ਹਾਂ ਦਾ ਨਾਮ “ਤੇਗ ਮੱਲ” ਤੋਂ “ਤੇਗ ਬਹਾਦਰ” ਰੱਖਿਆ। ਗੁਰ ਗੱਦੀ ਸੰਭਾਲਣ ਤੋਂ ਬਾਅਦ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਭਾਰਤ ਦੇ ਕੋਨੇ–ਕੋਨੇ ਤੱਕ ਪਹੁੰਚਾਇਆ। ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪੀੜਤ ਕਸ਼ਮੀਰੀ ਪੰਡਤਾਂ ਦੀ ਅਰਦਾਸ 'ਤੇ ਆਪਣੇ ਜੀਵਨ ਦੀ ਪਰਵਾਹ ਨਾ ਕਰਦਿਆਂ ਧਰਮ ਦੀ ਰੱਖਿਆ ਲਈ ਆਪਣਾ ਤਿਆਗ ਦੇਣਾ ਮਨੁੱਖਤਾ ਲਈ ਚਾਨਣ ਦਾ ਦੀਵਾ ਹੈ।

ਗੁਰੂ ਤੇਗ ਬਹਾਦਰ ਜੀ ਨੇ 8 ਜਨਵਰੀ 1675 ਨੂੰ ਗੁਰ ਗੱਦੀ ਆਪਣੇ ਪੁੱਤਰ ਗੁਰੂ ਗੋਬਿੰਦ ਰਾਇ ਜੀ ਨੂੰ ਸੌਂਪਣ ਤੋਂ ਕੇਵਲ ਦੋ ਦਿਨ ਬਾਅਦ ਦਿੱਲੀ ਲਈ ਚਾਲੇ ਪਾਏ। ਇਤਿਹਾਸ ਵਿੱਚ ਇਹ ਪਹਿਲੀ ਅਤੇ ਅਦੁਤੀ ਘਟਨਾ ਦਰਜ ਹੈ ਜਦੋਂ ਸ਼ਹਾਦਤ ਦਾ ਸੱਦਾ ਮਿਲਣ 'ਤੇ ਗੁਰੂ ਸਾਹਿਬ ਆਪ ਕਾਤਲ ਕੋਲ ਚੱਲ ਕੇ ਗਏ। ਗੁਰੂ ਸਾਹਿਬ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ — ਇੱਕ ਵਾਰ ਧਮਧਾਨ ਵਿਖੇ ਸ਼ਸਤਰ ਵਿਦਿਆ ਦੇ ਅਭਿਆਸ ਦੌਰਾਨ ਅਤੇ ਦੂਜੀ ਵਾਰ ਆਗਰੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਾਂਝਾ ਕਰਦਿਆਂ। ਦੋਵਾਂ ਵਾਰ ਸੰਗਤ ਅਤੇ ਸ਼ਰਧਾਲੂਆਂ ਦੀ ਮਦਦ ਨਾਲ ਤੁਹਾਨੂੰ ਰਿਹਾਅ ਕਰਾਇਆ ਗਿਆ।

11 ਨਵੰਬਰ 1675 ਨੂੰ ਔਰੰਗਜ਼ੇਬ ਦੇ ਹੁਕਮ ’ਤੇ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀ ਭਾਈ ਸਤੀ ਦਾਸ, ਭਾਈ ਮਨੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਦੀ ਇਹ ਬੇਮਿਸਾਲ ਸ਼ਹਾਦਤ ਅੱਜ ਸਮੂਹ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੇ ਚਾਨਣ ਮੁਨਾਰੇ ਵਜੋਂ ਯਾਦ ਕੀਤੀ ਜਾ ਰਹੀ ਹੈ। ਰਿਚਮੰਡ ਵਿੱਚ ਮਨਾਇਆ ਗਿਆ ਇਹ ਸਮਾਗਮ ਵੀ ਗਹਿਰੀ ਆਤਮਕਤਾ ਅਤੇ ਸ਼ਰਧਾ ਨਾਲ ਭਰਪੂਰ ਰਿਹਾ।
ਆਖ਼ਿਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ, ਬੱਚਿਆਂ, ਬੁਲਾਰਿਆਂ, ਬੀਬੀਆਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸਮਾਪਤੀ 'ਤੇ ਸਾਰੇ ਨੇ ਗੁਰੂ ਕਾ ਲੰਗਰ ਛਕਿਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਰਿਚਮੰਡ ਸੰਗਤ ਦੇ ਮਨਾਂ ਵਿੱਚ ਸਤਿਕਾਰ, ਕ੍ਰਿਤਗ ਅਤੇ ਰੂਹਾਨੀਅਤ ਦੀ ਨਵੀਂ ਲਹਿਰ ਛੱਡ ਗਿਆ।

Have something to say? Post your comment

 
 

ਸੰਸਾਰ

ਸਰੀ ਵਿੱਚ 100 ਤੋਂ ਵੱਧ ਫਰੋਤੀ ਮੰਗਣ ਦੀਆਂ ਰਿਪੋਰਟਾਂ ਜਦ ਕਿ ਵੈਨਕੂਵਰ ਵਿੱਚ ਜ਼ੀਰੋ-ਐਮਐਲਏ ਮਨਦੀਪ ਧਾਲੀਵਾਲ

ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਹਫ਼ਤਾਵਾਰ ਇਕੱਤਰਤਾ

ਸਰੀ ਵਿੱਚ ਹੋਇਆ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਚੈਰੀਟੇਬਲ ਡਿਜ਼ਾਨੀਅਰ ਸ਼ੋਅ

ਸਨਸਿਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਬ੍ਰਿਟਿਸ਼ ਕੋਲੰਬੀਆ ਵੱਲੋਂ 24 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਵਰ੍ਹਾ ਸਰਕਾਰੀ ਤੌਰ ’ਤੇ ਮਨਾਉਣ ਦਾ ਐਲਾਨ-ਨਾਮਾ ਜਾਰੀ

ਸਾਰੇ ਸ਼ਾਇਰਾਂ ਦੇ ਖੂਬਸੂਰਤ ਕਲਾਮ ਨੇ ਰੂਹ ਨੂੰ ਤਾਜ਼ਗੀ ਬਖਸ਼ੀ - ਪ੍ਰੋ. ਗੁਰਭਜਨ ਸਿੰਘ ਗਿੱਲ

ਫ੍ਰੇਜ਼ਰ ਹਾਈਟਸ ਅਤੇ ਵਾਲਨਟ ਗਰੋਵ ਸਕਾਊਟ ਗਰੁੱਪਾਂ ਨੇ ਸਰੀ ਪੁਲਿਸ ਸਰਵਿਸ ਹੈੱਡਕੁਆਰਟਰ ਦਾ ਦੌਰਾ ਕੀਤਾ

ਬੰਗਲਾਦੇਸ਼ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਤੋਂ 70 ਸਿੱਖ ਸ਼ਰਧਾਲੂ ਹਿੱਸਾ ਲੈਣਗੇ

ਸਿੱਖ ਯੂਥ ਯੂਕੇ ਨੇ ਯੂਕੇ ਵਿਚ ਸ਼ੁਰੂ ਕੀਤੀ ਰਾਸ਼ਟਰੀ ਸਿੱਖ ਸੁਰੱਖਿਆ ਮੁਹਿੰਮ

ਆਸਟਰੀਆ ਦੇ ਵਿਆਨਾ ਸ਼ਹਿਰ ਵਿੱਚ ਕਾਬਲ ਦੀਆਂ ਸਿੱਖ ਸੰਗਤਾਂ ਕਰਵਾ ਰਹੀਆਂ ਹਨ ਅੰਮ੍ਰਿਤ ਸੰਚਾਰ 30 ਨਵੰਬਰ ਦਿਨ ਐਤਵਾਰ ਨੂੰ