ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਰਾਜ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਵਧੀਕੀਆਂ ਤੇ ਸਵਾਲ ਖੜੇ ਕੀਤੇ ਹਨ। ਉਨਾਂ ਨੇ ਆਖਿਆ ਕਿ ਭਾਜਪਾ ਹੀ ਪੁਲਿਸ ਦੀਆਂ ਕਾਲੀਆਂ ਭੇਡਾਂ ਨੂੰ ਨੱਥ ਪਾ ਸਕਣ ਦੀ ਦ੍ਰਿੜ ਇੱਛਾ ਸ਼ਕਤੀ ਅਤੇ ਕਾਬਲੀਅਤ ਰੱਖਦੀ ਹੈ। ਪੰਜਾਬ ਦੇ ਲੋਕ ਭਾਜਪਾ ਨੂੰ ਮੌਕਾ ਦੇਣ ਤਾਂ ਅਜਿਹੇ ਵਰਦੀਧਾਰੀ ਵਸੂਲੀ ਕਰਤਾਵਾਂ ਨੂੰ ਨਕੇਲ ਪਾਈ ਜਾਵੇਗੀ ਅਤੇ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇਗੀ।
ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਆਖਿਆ ਕਿ 7 ਨਵੰਬਰ 2025 ਨੂੰ ਤਰਨ ਤਾਰਨ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਨੇ ਗੈਂਗਸਟਰਾਂ ਨੂੰ 7 ਦਿਨ ਵਿੱਚ ਪੰਜਾਬ ਛੱਡ ਜਾਣ ਜਾਂ ਨਤੀਜੇ ਭੁਗਤਣ ਦੀ ਚਿਤਾਵਣੀ ਦਿੱਤੀ ਸੀ, ਪਰ ਗੈਂਗਸਟਰ ਉਹਨਾਂ ਦੀ ਚੁਨੌਤੀ ਕਬੂਲ ਕਰਕੇ ਨਿਤ ਦਿਨ ਕੋਈ ਨਾ ਕੋਈ ਵਾਰਦਾਤ ਕਰ ਰਹੇ ਹਨ ਜਦੋਂ ਕਿ ਕੇਜਰੀਵਾਲ ਖੁਦ ਉਸ ਤੋਂ ਬਾਅਦ ਪੰਜਾਬ ਵਿੱਚ ਵਿਖਾਈ ਨਹੀਂ ਦਿੱਤੇ ।
ਉਨਾਂ ਨੇ ਪਿਛਲੇ ਇੱਕ ਮਹੀਨੇ ਵਿੱਚ ਵਾਪਰੀਆਂ ਗੋਲੀਬਾਰੀ , ਲੁੱਟ ਖੋਹ, ਫਿਰੌਤੀ ਮੰਗਣ ਵਰਗੀਆਂ ਗੰਭੀਰ ਘਟਨਾਵਾਂ ਦੀ ਸੂਚੀ ਸਾਂਝੀ ਕਰਦਿਆਂ ਕਿਹਾ ਕਿ ਸ਼ਾਇਦ ਹੀ ਕੋਈ ਦਿਨ ਖਾਲੀ ਗਿਆ ਹੋਵੇ ਜਦੋਂ ਕਿਤੇ ਨਾ ਕਿਤੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਗੈਂਗਸਟਰਾਂ ਵੱਲੋਂ ਨਾ ਕੀਤੀ ਗਈ ਹੋਵੇ ।
ਉਹਨਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਾਰਾ ਕੁਝ ਤਦ ਹੋ ਰਿਹਾ ਹੈ ਜਦ ਰਾਜ ਵਿੱਚ 17 ਡੀਜੀਪੀ ਅਤੇ 13 ਏਡੀਜੀਪੀ ਪੱਧਰ ਦੇ ਅਧਿਕਾਰੀ ਹਨ। ਉਹਨਾਂ ਨੇ ਤੁਲਨਾ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਕੇਵਲ ਇੱਕ ਡੀਜੀਪੀ ਹੈ ।
ਸੁਨੀਲ ਜਾਖੜ ਨੇ ਇਸ ਲਈ ਸਰਕਾਰ ਦੀ ਸਮਰੱਥਾ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਸਲ ਵਿੱਚ ਲੈਂਡ ਪੂਲਿੰਗ ਪੋਲਸੀ ਫੇਲ ਹੋਣ ਤੋਂ ਬਾਅਦ ਸੱਤਾ ਵਿੱਚ ਬੈਠੇ ਲੋਕਾਂ ਨੇ ਪੁਲਿਸ ਨੂੰ ਨਜਾਇਜ਼ ਉਗਰਾਹੀ ਦੇ ਕੰਮ ਵਿੱਚ ਲਗਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸੰਵਿਧਾਨ ਨੂੰ ਜਵਾਬ ਦੇਹ ਪੁਲਿਸ ਅਧਿਕਾਰੀਆਂ ਨੇ ਸੱਤਾਧਾਰੀਆਂ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਹੁਣ ਉਹ ਆਪ ਦੇ ਆਗੂਆਂ ਲਈ ਨਾ ਕੇਵਲ ਇਲੈਕਸ਼ਨ ਲੁੱਟਣ ਵਰਗੇ ਗੈਰ ਲੋਕਤਾਂਤਰਿਕ ਕੰਮਾਂ ਵਿੱਚ ਰੁਝੇ ਹੋਏ ਹਨ ਸਗੋਂ ਬਹੁਤ ਸਾਰੇ ਵਰਦੀਧਾਰੀ ਲੋਕਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਦਬਾਅ ਬਣਾ ਕੇ ਨਜਾਇਜ਼ ਵਸੂਲੀ ਦੇ ਕੰਮਾਂ ਵਿੱਚ ਵੀ ਲੱਗੇ ਹੋਏ ਹਨ ।
ਸੁਨੀਲ ਜਾਖੜ ਨੇ ਆਖਿਆ ਕਿ ਜਦ ਜੇਲ ਵਿੱਚੋਂ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਤਾਂ ਡੀਜੀਪੀ ਨੇ ਹਾਈਕੋਰਟ ਵਿੱਚ ਐਫੀਡੇਵਿਡ ਦੇ ਕੇ ਆਖਿਆ ਸੀ ਕਿ ਇਹ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ ਪਰ ਹਾਈਕੋਰਟ ਦੀ ਨਿਗਰਾਨੀ ਵਿੱਚ ਹੋਈ ਜਾਂਚ ਵਿੱਚ ਸੱਚ ਸਾਹਮਣੇ ਆਇਆ ਸੀ ਅਤੇ ਪਾਇਆ ਗਿਆ ਸੀ ਕਿ ਇਹ ਇੰਟਰਵਿਊ ਪੰਜਾਬ ਵਿੱਚ ਹੋਈ ਸੀ। ਹੁਣ ਤਾਜ਼ਾ ਮਾਮਲੇ ਵਿੱਚ ਵੀ ਪਟਿਆਲੇ ਦੇ ਐਸਐਸਪੀ ਦੀ ਵਾਇਰਲ ਆਡੀਓ ਦੇ ਮਾਮਲੇ ਵਿੱਚ ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਦੋ ਘੰਟੇ ਵਿੱਚ ਹੀ ਆਡੀਓ ਨੂੰ ਏਆਈ ਜਨਰੇਟਰ ਦੱਸ ਕੇ ਉਲਟਾ ਪੱਤਰਕਾਰਾਂ ਅਤੇ ਸਿਆਸੀ ਆਗੂਆਂ ਨੂੰ ਸੰਮਨ ਕੀਤਾ ਹੈ। ਉਹਨਾਂ ਨੇ ਇਸ ਤੇ ਤਿੱਖਾ ਪ੍ਰਹਾਰ ਕਰਦਿਆਂ ਕਿਹਾ ਕਿ ਇਸ ਸਮੁੱਚੇ ਮੀਡੀਆ ਅਤੇ ਸਿਆਸੀ ਸਫਾਂ ਲਈ ਚਿੰਤਾ ਦੀ ਗੱਲ ਹੈ । ਉਹਨਾਂ ਨੇ ਕਿਹਾ ਕਿ ਚੰਗਾ ਹੁੰਦਾ ਕਿ ਆਡੀਓ ਦੀ ਨਿਰਪੱਖ ਜਾਂਚ ਹੁੰਦੀ ਪਰ ਪੁਲਿਸ ਸਰਕਾਰ ਦੀ ਹੱਥ ਟੋਕਾ ਬਣ ਗਈ ਹੈ। ਉਨਾਂ ਨੇ ਸਾਰੀਆਂ ਸਿਆਸੀ ਧਿਰਾਂ ਅਤੇ ਮੀਡੀਆ ਨੂੰ ਇਸ ਦੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕੀਤੀ ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਹੀ ਏਜੰਸੀ ਸੀ ਜਿਸ ਨੇ ਪੰਜਾਬ ਦੇ ਲੋਕਾਂ ਤੋਂ ਨਜਾਇਜ਼ ਵਸੂਲੀ ਕਰ ਰਹੇ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਹੱਥ ਪਾਇਆ।
ਉਹਨਾਂ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਦੇ ਲੋਕ ਭਾਜਪਾ ਨੂੰ ਮੌਕਾ ਦੇਣ ਤਾਂ ਅਜਿਹੇ ਵਰਦੀਧਾਰੀ ਵਸੂਲੀ ਕਰਨ ਵਾਲਿਆਂ ਦੀ ਨਕੇਲ ਕਸੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇੱਕ ਸਮਰੱਥ ਫੋਰਸ ਹੈ ਅਤੇ ਉਹ ਹਰ ਟੀਚਾ ਪੂਰਾ ਕਰ ਸਕਦੀ ਹੈ ਪਰ ਕੁਝ ਵਰਦੀਧਾਰੀ ਵਸੂਲੀਕਰਤਾਵਾਂ ਨੇ ਪੁਲਿਸ ਦੀ ਸਾਖ ਨੂੰ ਧੱਕਾ ਲਾਇਆ ਹੈ ।
ਸੂਬਾ ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਜਪਾਨ ਤੋਂ ਪਰਤ ਕੇ ਆਪਣੇ ਪੰਜਾਬ ਨੂੰ ਸੰਭਾਲਣ । ਉਨਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਸਰਕਾਰ ਪਹਿਲਾਂ ਆਡੀਓ ਕਲਿੱਪ ਦੀ ਨਿਰਪੱਖ ਜਾਂਚ ਕਰਵਾਵੇ। ਉਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਲੋਕਾਂ ਖਿਲਾਫ ਹੋ ਰਹੇ ਹਰੇਕ ਧੱਕੇ ਦਾ ਡੱਟ ਕੇ ਜਵਾਬ ਦੇਵੇਗੀ।