ਨਵੀਂ ਦਿੱਲੀ - ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੇਲ੍ਹ ਰੋੜ ਫਤਹਿ ਨਹਿਰ ਵਿਖ਼ੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅੰਨਿਨ ਸਿੱਖ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਰੱਖੇ ਗਏ ਸੰਗਤੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪ੍ਰੀਤਮ ਸਿੰਘ ਚੱਕਪਖੀ ਨੇ ਦਸਿਆ ਕਿ ਬੀਤੀ 3 ਅਪ੍ਰੈਲ ਨੂੰ ਇਹ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਤੇ ਇੰਨ੍ਹਾ ਵਿਚ ਸੌ ਦੇ ਕਰੀਬ ਸੰਗਤ ਹਰ ਰੋਜ ਹਾਜ਼ਿਰੀ ਭਰਦੀ ਸੀ ਤੇ ਘਰਾਂ ਵਿਚ ਪਾਠ ਕਰ ਰਹੀਆਂ ਸੰਗਤਾਂ ਵੱਖਰੀਆਂ ਸਨ, ਜਿਨ੍ਹਾਂ ਦੀ ਸਮਾਪਤੀ ਅੱਜ ਗੁਰਦੁਆਰਾ ਸਾਹਿਬ ਵਿਖ਼ੇ ਹੋਈ ਹੈ । ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਫ਼ਰ-ਏ-ਸ਼ਹਾਦਤ ਦੇ ਦੀਵਾਨ 22 ਦਸੰਬਰ ਤੋਂ ਸੱਜਣੇ ਸ਼ੁਰੂ ਹੋ ਜਾਣਗੇ ਜੋ ਕਿ 28 ਦਸੰਬਰ ਤਕ ਚਲਣਗੇ । ਭਾਈ ਚੱਕਪਖੀ ਨੇ ਦਸਿਆ ਇੰਨ੍ਹਾ ਦੀਵਾਨਾਂ ਵਿਚ ਭਾਈ ਸ਼ੁਭਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਕਰਨੈਲ ਸਿੰਘ, ਭਾਈ ਉਂਕਾਰ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਗੁਰਭੇਜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਮੇਤ ਪੰਥ ਪ੍ਰਸਿੱਧ ਰਾਗੀ, ਢਾਡੀ ਜੱਥੇਆਂ ਦੇ ਨਾਲ ਕਥਾਵਾਚਕ ਅਤੇ ਕਵੀਸ਼ਵਰੀ ਹਾਜ਼ਿਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ, ਕਥਾ ਵਿਚਾਰ, ਵਾਰਾਂ, ਕਵਿਤਾਵਾਂ ਨਾਲ ਜੋੜਨਗੇ । ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਸਾਹਿਬਜਾਦਿਆਂ ਦੇ ਸ਼ਹਾਦਤਾਂ ਨੂੰ ਸੰਬੰਧਿਤ ਪ੍ਰੋਗਰਾਮ ਹੋਣ ਕਰਕੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 27 ਦਸੰਬਰ ਨੂੰ ਹੈ, ਜਨਵਰੀ ਵਿਚ ਮਨਾਇਆ ਜਾਏਗਾ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਸਰਦਾਰ ਮਨਮੋਹਨ ਸਿੰਘ ਨੇ ਸੰਗਤੀ ਪਾਠ ਵਿਚ ਹਿੱਸਾ ਲੈਣ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਮੂਹ ਸੰਗਤਾਂ ਨੂੰ ਸਫ਼ਰ-ਏ-ਸ਼ਹਾਦਤ ਦੇ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ ।