ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ “ਸ਼ਹੀਦੀ ਜੋੜ ਮੇਲ” ਸੋਮਵਾਰ, 22 ਦਸੰਬਰ 2025 ਨੂੰ ਅੰਮ੍ਰਿਤ ਵੇਲੇ ਤੋਂ ਦੁਪਹਿਰ 2:30 ਵਜੇ ਤੱਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਰਿਆਦਾ ਅਨੁਸਾਰ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਮਹਾਨ ਦਿਹਾੜਾ ਸਿੱਖ ਇਤਿਹਾਸ ਦੀ ਉਹ ਅਟੱਲ ਗਾਥਾ ਹੈ ਜੋ ਧਰਮ, ਸੱਚ ਅਤੇ ਇਨਸਾਫ਼ ਦੀ ਰਾਖੀ ਲਈ ਨਿੱਕੀ ਉਮਰ ਵਿੱਚ ਦਿੱਤੀ ਅਦੁੱਤੀ ਕੁਰਬਾਨੀ ਦੀ ਯਾਦ ਦਿਲਾਉਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖਤਾ ਲਈ ਅਟੁੱਟ ਪ੍ਰੇਰਣਾ ਹੈ, ਜੋ ਹਰ ਪੀੜ੍ਹੀ ਨੂੰ ਨਿਡਰਤਾ, ਤਿਆਗ ਅਤੇ ਧਰਮ-ਨਿਸ਼ਠਾ ਦਾ ਸੰਦੇਸ਼ ਦਿੰਦੀ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤਾਂ ਨੂੰ ਨਿਮਰ ਬੇਨਤੀ ਕੀਤੀ ਕਿ ਇਸ ਪਵਿੱਤਰ ਮੌਕੇ ‘ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ, ਕਥਾ ਅਤੇ ਅਰਦਾਸ ਰਾਹੀਂ ਉਨ੍ਹਾਂ ਸੂਰਬੀਰ ਯੋਧਿਆਂ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰੀਏ ਅਤੇ ਗੁਰਮਤਿ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਈਏ।