ਅੰਮ੍ਰਿਤਸਰ - ਅਕਾਲੀ ਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਸ੍ਰ ਜ਼ਸਬੀਰ ਸਿੰਘ ਘੁੰਮਣ ਨੇ ਪੰਜ ਮੈਂਬਰੀ ਭਰਤੀ ਕਮੇਟੀ, ਚੇਅਰਪ੍ਰਸਨ ਪੰਥਕ ਕੌਂਸਲ, ਸਕੱਤਰ ਜਰਨਲ ਅਤੇ ਸਮੂੰਹ ਡੈਲੀਗੇਟਸ ਵਲ ਇਕ ਪੱਤਰ ਲਿਖ ਕੇ ਪਾਰਟੀ ਦੀ ਲੀਡਰਸ਼ਿਪ ਤੇ ਸਿਧਾਂਤ ਤੋ ਦੂਰ ਜਾਣ ਅਤੇ ਪਾਰਟੀ ਵਰਕਰਾਂ ਵਿਚ ਪੈਦਾ ਹੋਈ ਨਿਰਾਸ਼ਾ ਬਾਰੇ ਅਵਾਜ ਬੁਲੰਦ ਕੀਤੀ ਹੈ।ਬਾਗੀ ਸੁਰ ਅਪਣਾਉਣ ਵਾਲੇ ਸ੍ਰ ਜਸਬੀਰ ਸਿੰਘ ਘੁੰਮਣ ਤੋ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਤਲਖ ਤੇਵਰ ਵਿਖਾ ਚੁੱਕੇ ਹਨ। ਆਪਣੇ ਪੱਤਰ ਵਿਚ ਜ਼ਸਬੀਰ ਸਿੰਘ ਘੁੰਮਣ ਨੇ ਲਿਿਖਆ ਕਿ ਇਹ ਕੌਮ ਅਤੇ ਪੰਥ ਦੀ ਵੱਡੀ ਤ੍ਰਾਸਦੀ ਹੈ ਕਿ ਅੱਜ ਪੰਥ ਅਤੇ ਕੌਮ ਇਸ ਵੱਡੀ ਘੁੰਮਣ ਘੇਰੀ ਵਿੱਚ ਹੈ ਕਿ ਵੱਡੇ ਮੁੱਦਿਆਂ ਨੂੰ ਉਠਾਉਣ ਅਤੇ ਓਹਨਾ ਦੇ ਹੱਲ ਲਈ ਸਾਂਝਾ ਹੰਭਲਾ ਤੱਕ ਨਹੀਂ ਮਾਰਿਆ ਜਾ ਰਿਹਾ। ਸਮੇਂ ਸਮੇਂ ਤੇ ਕੁਰਸੀ ਅਤੇ ਸਿਆਸੀ ਲਾਲਸਾ ਨੇ ਪੰਥ ਨੂੰ ਵੱਡੇ ਮਸਲਿਆਂ ਦੇ ਹੱਲ ਤੋਂ ਕੋਹਾਂ ਦੂਰ ਕਰ ਦਿੱਤਾ। ਅੱਜ ਪੰਥ ਦੇ ਸਾਹਮਣੇ ਨਿਰਾਸ਼ਾ ਤੋਂ ਸਿਵਾਏ ਕੁਝ ਨਹੀਂ ਹੈ। ਪਿਛਲੇ ਸਾਲ ਦੋ ਦਸੰਬਰ ਨੂੰ ਪੰਥਕ ਰੌਸ਼ਨੀ ਵਿੱਚ ਹੁਕਮਨਾਮਾ ਜਾਰੀ ਹੋੲੈ ਸਨ। ਇਹ ਹੁਕਮਨਾਮਾ ਕੌਮ ਅਤੇ ਪੰਥ ਲਈ ਦੂਰ ਅੰਦੇਸ਼ੀ ਸੋਚ ਅਤੇ ਪ੍ਰੋਗਰਾਮ ਤਾਂ ਹੈ ਹੀ ਸੀ, ਇਸ ਹੁਕਮਨਾਮੇ ਨੇ ਕੌਮ ਨੂੰ ਇੱਕਮੁੱਠ ਕਰਨ ਅਤੇ ਅਗਵਾਈ ਦੇ ਲਈ ਜੱਥੇਬੰਦਕ ਤੌਰ ਤੇ ਪੰਥ ਦੀ ਆਪਣੀ ਸਿਰਮੌਰ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਰਸਤਾ ਵੀ ਦਿਖਾਇਆ। ਕੌਮ ਅਤੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਉੱਪਰ ਖਰਾ ਉਤਰਨ ਲਈ ਭਰਤੀ ਕਮੇਟੀ ਦੇ ਰੂਪ ਵਿੱਚ ਉੱਚ ਪੱਧਰੀ ਕਮੇਟੀ ਪੰਥ ਦੀ ਝੋਲੀ ਪਾਈ। ਬੇਸ਼ਕ ਕਿਸੇ ਨਾ ਕਿਸੇ ਕਾਰਨ ਦੋ ਮੈਬਰ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਕਿਰਪਾਲ ਸਿੰਘ ਬਡੂੰਗਰ ਜੀ ਇਸ ਹੁਕਮਨਾਮੇ ਦੀ ਅਟੁੱਟ ਪੂਰਤੀ ਤੋਂ ਭਗੌੜਾ ਹੋ ਗਏ ਪਰ ਪਰ ਬਾਕੀ ਬਚੇ ਪੰਜ ਮੈਬਰਾਂ ਨੇ ਤਤਕਾਲੀਨ ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਦੇ ਮੌਖਿਕ ਤੋਂ ਮੁੜ ਹੋਏ ਹੁਕਮਾਂ ਅਨੁਸਾਰ ਭਰਤੀ ਦੇ ਕਾਰਜ ਦਾ ਐਲਾਨ ਕਰ ਦਿੱਤਾ। ਇਹ ਓਹ ਸਮਾਂ ਸੀ ਜਦੋਂ ਦੇਸ਼ ਵਿਦੇਸ਼ ਵਿੱਚ ਬੈਠੀ ਸਮੁੱਚੀ ਕੌਮ ਅਸ਼ ਅਸ਼ ਕਰ ਉੱਠੀ ਹਾਲਾਂਕਿ ਰਸਤਾ ਏਨਾ ਸੌਖਾਲਾ ਵੀ ਨਹੀਂ ਸੀ। ਹੁਕਮਨਾਮੇ ਤੋਂ ਭਗੌੜਾ ਧਿਰ ਨੇ ਨਾ ਸਿਰਫ ਫ਼ਸੀਲ ਤੋਂ ਹੁਕਮਨਾਮਾ ਜਾਰੀ ਕਰਨ ਵਾਲੇ ਸਿੰਘ ਸਾਹਿਬਾਨਾਂ ਸਮੇਤ ਪੰਜ ਮੈਂਬਰੀ ਭਰਤੀ ਕਮੇਟੀ ਦੀ ਕਿਰਦਾਰਕੁਸ਼ੀ ਸ਼ੁਰੂ ਕਰ ਦਿੱਤੀ। ਇਹ ਸਭ ਕੁੱਝ ਸੰਗਤ ਦੀ ਕਚਹਿਰੀ ਵਿੱਚ ਹੈ। ਸੰਗਤ ਨੂੰ ਆਸ ਜਾਗੀ ਕਿ ਕੌਮ ਅਤੇ ਪੰਥ ਨੂੰ ਸੁਹਿਰਦ ਧਿਰ ਮਿਲਣ ਜਾ ਰਹੀ ਹੈ। ਬਹੁਤ ਸਾਰੇ ਅਜਿਹੇ ਅਕਾਲੀ ਪਰਿਵਾਰਾਂ ਨੇ ਵਾਪਸੀ ਕੀਤੀ ਜਿਹਨਾਂ ਨੂੰ ਸਮੇਂ ਸਮੇਂ ਤੇ ਬਾਹਰ ਦਾ ਰਸਤਾ ਦਿਖਾਇਆ ਗਿਆ ਜਾਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ। ਆਖਿਰਕਾਰ ਓਹ ਦਿਨ ਵੀ ਆਇਆ ਜਦੋਂ ਕੌਮ ਅਤੇ ਪੰਥ ਨੂੰ ਲੀਡਰਸ਼ਿਪ ਮਿਲਣ ਦਾ ਸੋਭਾਗ ਪ੍ਰਾਪਤ ਹੋਇਆ। ਜਨਰਲ ਇਜਲਾਸ ਦੇ ਦਿਨ ਤੱਕ ਜਿਹੜੀਆਂ ਉਮੀਦਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਉਹ ਅਚਾਨਕ ਖਤਮ ਹੋ ਗਿਆ । ਸ੍ਰ ਘੁੰਮਣ ਨੇ ਲਿਿਖਆ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਰਕਰਾਂ ਵਿੱਚ ਜੋ ਨਿਰਾਸ਼ਤਾ ਪੈਦਾ ਹੋਈ ਹੈ, ਉਸ ਨੂੰ ਗੰਭੀਰਤਾ ਨਾਲ ਸਮਝਣ ਅਤੇ ਤੁਰੰਤ ਦੂਰ ਕਰਨ ਦੀ ਲੋੜ ਸਮਝਣ ਦੀ ਬਜਾਏ ਉਸ ਨੂੰ ਹੋਰ ਡੂੰਘਾ ਕੀਤਾ ਗਿਆ । ਜਿਨ੍ਹਾਂ ਵਰਕਰਾਂ ਨੇ ਘਰ ਘਰ ਜਾ ਕੇ ਭਰਤੀ ਕੀਤੀ, ਦਿਨ- ਰਾਤ ਮਿਹਨਤ ਕੀਤੀ, ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਅਤੇ ਪੂਰੀ ਪੂਰਤੀ ਕਰਨਾ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਪਰ ਓਹ ਨਹੀਂ ਨਿਭਾਈ ਗਈ। ਵਰਕਰਾਂ ਦੀ ਭਾਵਨਾਵਾਂ ਦਾ ਖਿਆਲ ਰੱਖੇ ਬਿਨਾਂ ਕੋਈ ਵੀ ਪੰਥਕ ਏਜੰਡਾ ਜ਼ਮੀਨ ‘ਤੇ ਲਾਗੂ ਨਹੀਂ ਹੋ ਸਕਦਾ, ਇਸ ਗੱਲ ਨੂੰ ਲੀਡਰਸ਼ਿਪ ਲਗਾਤਾਰ ਸਮਝਣ ਤੋ ਭੱਜ ਰਹੀ ਹੈ। ਅਗਸਤ ਮਹੀਨੇ ਵਿੱਚ ਹੋਏ ਜਨਰਲ ਇਜਲਾਸ ਤੋਂ ਬਾਅਦ ਦੋ ਵਾਰ ਇਜਲਾਸ ਦੀ ਤਾਰੀਖ ਅਤੇ ਸਥਾਨ ਤੈਅ ਹੋਣ ਦੇ ਬਾਵਜੂਦ ਵੀ ਉਹ ਇਜਲਾਸ ਨਹੀਂ ਬੁਲਾਇਆ ਗਿਆ ਜਿਸ ਨਾਲ ਨਿਰਾਸ਼ਾ ਵੀ ਵਧੀ। ਜਿਸ ਦੇ ਚਲਦੇ ਜ਼ਮੀਨੀ ਪੱਧਰ ਉਪਰ ਵਰਕਰਾਂ ਵਿੱਚ ਨਿਰਾਸ਼ਾ ਵਧੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਆਵਾਜ਼, ਫੈਸਲਾ ਕਰਨ ਦੀ ਪ੍ਰਕਿਿਰਆ ਵਿੱਚ ਨਹੀਂ ਪਹੁੰਚ ਰਹੀ। ਅੱਜ ਦੀ ਲੋੜ ਹੈ ਕਿ ਪਾਰਟੀ ਦੇ ਹਰ ਛੋਟੇ–ਵੱਡੇ ਫੈਸਲੇ ਵਿੱਚ ਸਮੂਹਿਕ ਸਾਂਝ, ਇਕਜੁਟਤਾ ਅਤੇ ਪੰਥਕ ਮਰਯਾਦਾ ਵਿੱਚ ਹੋਣ, ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦਫ਼ਤਰ ਤੋਂ ਲੈ ਕੇ ਸੰਗਠਨਕ ਢਾਂਚੇ ਤੱਕ ਕੁਝ ਗਿਣਤੀ ਦੇ ਆਗੂਆਂ ਦਾ ਪ੍ਰਭਾਵ ਜ਼ਿਆਦਾ ਨਜ਼ਰ ਆਉਂਦਾ ਹੈ, ਜਿਸ ਨਾਲ ਵਰਕਰਾਂ ਵਿੱਚ ਨਿਰਾਸ਼ਾ ਅਤੇ ਗਿਲੇ-ਸ਼ਿਕਵੇ ਵਧ ਰਹੇ ਹਨ।ਵਰਕਰਾਂ ਦੀ ਭਾਵਨਾਵਾਂ ਨੂੰ ਵੇਖਦੇ ਹੋਏ ਤੁਰੰਤ ਆਮ ਇਜਲਾਸ ਬੁਲਾਇਆ ਜਾਵੇ, ਜਿਸ ਵਿੱਚ ਪਾਰਟੀ ਵਰਕਰਾਂ ਦੇ ਸੁਝਾਅ, ਚਿੰਤਾਵਾਂ ਅਤੇ ਭਾਵਨਾਵਾਂ ਨੂੰ ਖੁੱਲ੍ਹੇ ਤੌਰ ‘ਤੇ ਸੁਣਿਆ ਜਾਵੇ। ਹੁਕਮਨਾਮੇ ਦੀ ਅਸਲ ਭਾਵਨਾ ਨੂੰ ਪੂਰਾ ਕੀਤੇ ਬਗੈਰ ਪਾਰਟੀ ਨੂੰ ਦੁਬਾਰਾ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਇਸ ਲਈ ਵਰਕਰਾਂ ਦੇ ਭਰੋਸੇ ਨੂੰ ਮੁੜ ਮਜ਼ਬੂਤ ਕਰਨਾ ਹੀ ਸਾਡੀ ਵੱਡੀ ਤਰਜੀਹ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜੱਥੇਬੰਦਕ ਢਾਂਚੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਜਿਹੜੇ ਪਾਰਟੀ ਦੇ ਮੁੱਢਲੇ ਮੈਂਬਰ ਵੀ ਨਹੀਂ ਬਣੇ। ਜਿਲ੍ਹਾ ਜੱਥੇਦਾਰਾਂ ਦੀ ਨਿਯੁਕਤੀ ਵੇਲੇ ਜ਼ਿਲਾ ਡੈਲੀਗੇਟ ਤੋ ਰਾਇ ਤੱਕ ਨਹੀਂ ਲਈ ਗਈ। ਪਾਰਟੀ ਵਿੱਚ ਲੋਕਤੰਤਰਿਕ ਸਿਧਾਂਤ ਨੂੰ ਪੂਰੀ ਤਰਾਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਸਮੁੱਚੇ ਵਰਕਰ, ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਸਮੇਤ ਭਰਤੀ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦੇ ਹਨ ਕਿ, ਅਗਸਤ ਮਹੀਨੇ ਵਿੱਚ ਹੋਏ ਜਨਰਲ ਇਜਲਾਸ ਵਿੱਚ ਮੀਰੀ ਪੀਰੀ ਦੇ ਸਿਧਾਂਤ ਤੇ ਅਡੋਲ ਰਹਿਣ ਦਾ ਮਤਾ ਪਾਸ ਕੀਤਾ ਗਿਆ ਸੀ, ਜਿਸ ਵਿਚ ਇਹ ਗੱਲ ਜੋਰਦਾਰ ਢੰਗ ਨਾਲ ਉੱਠੀ ਸੀ ਕਿ ਧਰਮ ਦਾ ਕੁੰਡਾ ਸਿਆਸਤ ਉਪਰ ਪ੍ਰਭਾਵਸ਼ਾਲੀ ਰਹੇਗਾ, ਇਸ ਲਈ ਅੱਜ ਨਿਰਾਸ਼ ਹੋਏ ਵਰਕਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਲਈ ਧਰਮ ਦੇ ਕੁੰਡੇ ਨੂੰ ਖੜਕਾਉਣ ਦਾ ਸਮਾਂ ਆ ਚੁੱਕਾ ਹੈ। ਪਾਰਟੀ ਤੋਂ ਉਪਰ ਕੋਈ ਵੀ ਵੱਡਾ ਨਹੀਂ ਹੈ, ਪਾਰਟੀ ਦੇ ਸਿਧਾਂਤ ਹਮੇਸ਼ਾ ਜਿਉਂਦੇ ਰਹਿਣੇ ਚਾਹੀਦੇ ਹਨ, ਵਿਅਕਤੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਦਾ ਧੜਾ ਜਿਹੜਾ ਵੀ ਸਿਧਾਂਤਾ ਨੂੰ ਤਿਲਾਂਜਲੀ ਦੇਵੇਗਾ, ਓਹ ਪਾਰਟੀ ਵਿੱਚ ਕਿੰਨੀ ਵੱਡੀ ਤਾਕਤ ਰੱਖਦਾ ਹੋਵੇ, ਸਮਰੱਥਾ ਰੱਖਦਾ ਹੋਵੇ, ਓਸ ਖਿਲਾਫ ਵਰਕਰਾਂ ਦੀ ਭਾਵਨਾਵਾਂ ਅਨੁਸਾਰ ਫੈਸਲਾ ਕਰਨਾ ਹੀ ਧਰਮ ਅਤੇ ਮਰਿਯਾਦਾ ਹੈ। ਆਸ ਹੈ ਕਿ ਬਤੌਰ ਨਿਮਾਣੇ ਵਰਕਰ ਵਜੋਂ ਪੇਸ਼ ਕੀਤੀ ਭਾਵਨਾ ਦਾ ਉਚਿਤ ਖਿਆਲ ਕੀਤਾ ਜਾਵੇਗਾ।