ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬੰਸਦਾਨੀ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਆਰੰਭ ਹੋਇਆ ਅਤੇ ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਮੋਤੀ ਨਗਰ, ਰਮੇਸ਼ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸੁਭਾਸ਼ ਨਗਰ ਪੈਸੀਫਿਕ ਮਾਲ ਅਤੇ ਤਿਲਕ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਲ ਬਲਾਕ, ਅਨੰਦ ਵਿਹਾਰ ਹਰੀ ਨਗਰ ਵਿਖੇ ਸਮਾਪਤ ਹੋਇਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਨਗਰ ਕੀਰਤਨ ਵਿਚ ਸੁੰਦਰ ਪਾਲਕੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਨਗਰ ਕੀਰਤਨ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ, ਦਲ ਪੰਥ ਦੇ ਵੱਖ-ਵੱਖ ਨੁਮਾਇੰਦਿਆਂ, ਨਿਹੰਗ ਸਿੰਘ ਜਥੇਬੰਦੀਆਂ ਸਮੇਤ ਕੀਰਤਨ ਕਰਨ ਵਾਲੇ ਜੱਥੇ ਟੀਮਾਂ ਆਦਿ ਸ਼ਾਮਲ ਸਨ। ਰਸਤੇ ਵਿਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਨਗਰ ਕੀਰਤਨ ਦਾ ਗਰਮਜੋਸ਼ੀ ਤੇ ਉਤਸ਼ਾਹ ਨਾਲ ਸਵਾਗਤ ਕੀਤਾ। ਥਾਂ-ਥਾਂ ’ਤੇ ਸੰਗਤਾਂ ਨੇ ਚਾਹ ਪਕੌੜੇ ਤੇ ਖਾਣ ਪੀਣ ਦੀਆਂ ਹੋਰ ਵਸਤਾਂ ਦੇ ਲੰਗਰ ਲਗਾਏ ਹੋਏ ਸਨ। ਦੇਰ ਸ਼ਾਮ ਇਹ ਨਗਰ ਕੀਰਤਨ ਆਪਣੇ ਆਖਰੀ ਪੜਾਅ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਲ ਬਲਾਕ ਅਨੰਦ ਵਿਹਾਰ ਹਰੀ ਨਗਰ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖਾਲਸਾ ਦੀ ਸਾਜਣਾ ਕਰ ਕੇ ਦੁਨੀਆਂ ਨੂੰ ਇਕ ਮਾਰਸ਼ਲ ਕੌਮ ਦਿੱਤੀ ਹੈ। ਉਹਨਾਂ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਜੋ ਨਾ ਸਿਰਫ ਆਪਣੀ ਕੌਮ ਵਾਸਤੇ ਬਲਕਿ ਸਮੁੱਚੀ ਮਨੁੱਖਤਾ ਵਾਸਤੇ ਕੰਮ ਕਰਦੀ ਹੈ ਤੇ ਗੁਰੂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। ਉਹਨਾਂ ਕਿਹਾ ਕਿ ਖਾਲਸਾ ਪੰਥ ਦੇ ਮੈਂਬਰ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿਚ ਮੌਜੂਦ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਯੋਧੇ ਸਿਰਫ ਭਾਰਤ ਦੀ ਫੌਜ ਹੀ ਨਹੀਂ ਬਲਕਿ ਵੱਖ-ਵੱਖ ਦੇਸ਼ਾਂ ਦੀ ਫੌਜ ਵਿਚ ਭਰਤੀ ਹੋ ਰਹੇ ਹਨ। ਦੁਨੀਆਂ ’ਤੇ ਸੰਕਟ ਦੀ ਘੜੀ ਵਿਚ ਸਿੱਖ ਕੌਮ ਹਮੇਸ਼ਾ ਮਦਦ ਵਾਸਤੇ ਨਿੱਤਰਦੀ ਹੈ ਤੇ ਲੰਗਰ ਰਾਹੀਂ, ਮੈਡੀਕਲ ਸੇਵਾਵਾਂ ਤੇ ਹੋਰ ਸਹੂਲਤਾਂ ਨਾਲ ਲੋਕਾਂ ਦੀ ਸੇਵਾ ਕਰਦੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰਬਾਣੀ ਸਿਮਰਨ ਕਰੀਏ ਅਤੇ ਆਪਣੇ ਗੁਰ ਇਤਿਹਾਸ ਤੋਂ ਆਪਣੀ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਜਾਣੂ ਕਰਵਾਈਏ। ਇਸ ਮੌਕੇ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।