ਐਸ.ਏ.ਐਸ. ਨਗਰ - ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਸੀ.ਪੀ.ਏ.) ਵੱਲੋਂ ਮਾਤਾ ਗੁਜਰੀ ਜੀ, ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਸਜਾਏ ਜਾਣ ਵਾਲੇ ਸਫ਼ਰ-ਏ-ਸ਼ਹਾਦਤ ਸਮਾਗਮ ਮੌਕੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਲਈ ਲਾਂਡਰਾ-ਫਤਿਹਗੜ੍ਹ ਸਾਹਿਬ ਰੋਡ ਤੇ ਸਥਿਤ ਪਿੰਡ ਝੰਝੇੜੀ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਚੇਅਰਮੈਨ ਜੇ.ਪੀ. ਗਰਚਾ, ਪ੍ਰਧਾਨ ਸਰੋਜ ਚੌਹਾਨ, ਜਨਰਲ ਸਕੱਤਰ ਸੁਨੀਲ ਭੱਟ, ਗੁਰਚਰਨ ਸਿੰਘ (ਬਿੱਲਾ) ਸਾਬਕਾ ਪ੍ਰਧਾਨ ਸੀ.ਪੀ.ਏ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਤੁੱਟ ਲੰਗਰ ਦੀ ਸੇਵਾ ਨਿਭਾਈ ਗਈ। ਸਵੇਰ ਵੇਲੇ ਅਰਦਾਸ ਕਰਨ ਉਪਰੰਤ ਚਾਹ, ਪਾਣੀ ਅਤੇ ਪਰਸ਼ਾਦੇ ਦਾ ਅਤੁੱਟ ਲੰਗਰ ਪ੍ਰੇਮ ਅਤੇ ਸ਼ਰਦਾ ਨਾਲ ਵਰਤਾਇਆ ਗਿਆ।
ਇਸ ਦੌਰਾਨ ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਇਸ ਪ੍ਰਕਾਰ ਦੀ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨਾਲ ਸਾਰਿਆਂ ਵਿੱਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਸੀ.ਪੀ.ਏ. ਭਵਿੱਖ ਵਿੱਚ ਵੀ ਲਗਾਤਾਰ ਸਮਾਜਿਕ ਅਤੇ ਧਾਰਮਿਕ ਉਪਰਾਲੇ ਕਰਦੀ ਰਹੇਗੀ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਇਸ ਮੌਕੇ ਐਸੋਸੀਏਸ਼ਨ ਦੇ ਸਮੂੰਹ ਮੈਂਬਰ ਮੌਜੂਦ ਰਹੇ।