ਚੰਡੀਗੜ੍ਹ-ਬੀਤੇ ਕੁੱਝ ਦਿਨ ਤੋਂ ਵੀਰ ਬਾਲ ਦਿਵਸ ਦੇ ਨਾਮ ਤੇ ਚੱਲ ਰਹੇ ਵਿਵਾਦ ਤੇ ਭਾਜਪਾ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਠਿੰਡਾ ਤੋਂ ਸਾਂਸਦ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦਿੱਤਾ ਹੈ। ਬੱਲੀਏਵਾਲ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਇੱਕ ਪੁਰਾਣਾ ਟਵੀਟ ਸਬੂਤ ਵੱਜੋਂ ਦਿਖਾਉਂਦੇ ਹੋਏ ਕਿਹਾ ਕਿ “ਬਾਲ ਦਿਵਸ”ਨਾਮ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾਣ ਦੀ ਵਕਾਲਤ ਹਰਸਿਮਰਤ ਕੌਰ ਬਾਦਲ ਨੇ 2019 ਵਿੱਚ ਕੀਤੇ ਆਪਣੇ ਟਵੀਟ ਵਿੱਚ ਕੀਤੀ ਸੀ ਪਰ ਹੁਣ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਦੇ ਸੁਰ ਬਦਲ ਗਏ। ਬੱਲੀਏਵਾਲ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ 2019 ਤੱਕ ਇਕੱਲਾ “ਬਾਲ ਦਿਵਸ” ਨਾਮ ਠੀਕ ਲੱਗਦਾ ਸੀ ਪਰ “ਵੀਰ” ਸ਼ਬਦ ਲੱਗਣ ਨਾਲ ਨਾਮ ਗਲਤ ਕਿਵੇਂ ਹੋ ਗਿਆ ?
ਇਸ ਤੋਂ ਪਹਿਲਾਂ 2018 ਵਿੱਚ ਵੀ ਦਿੱਲੀ ਦੇ ਵਿਗਿਆਨ ਭਵਨ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਾਲ ਦਿਵਸ ਨਾਮ ਰੱਖਣ ਤੇ ਸਹਿਮਤੀ ਦਿੱਤੀ ਸੀ, ਪਰ ਹੁਣ ਮੁੱਕਰ ਗਏ।
ਬੱਲੀਏਵਾਲ ਨੇ ਕਿਹਾ ਕਿ ਜਦੋਂ ਅਕਾਲੀ ਭਾਜਪਾ ਦਾ ਗਠਜੋੜ ਸੀ ਤਾਂ ਧਾਰਮਿਕ, ਕਿਸਾਨੀ ਅਤੇ ਪੰਜਾਬ ਨਾਲ ਸੰਬੰਧਿਤ ਹਰ ਮੁੱਦੇ ਤੇ ਅਕਾਲੀ ਨਾਲ ਸਲਾਹ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਫੈਸਲਾ ਲਾਗੂ ਕੀਤਾ ਜਾਂਦਾ ਸੀ, ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਮੇਸ਼ਾ ਹੀ ਸਾਡੀ ਲੀਡਰਸ਼ਿਪ ਨਾਲ ਵਿਸ਼ਵਾਸਘਾਤ ਕੀਤਾ ਤੇ ਆਪਣੀ ਸਿਆਸਤ ਚਮਕਾਈ ਤੇ ਭਾਜਪਾ ਨੂੰ ਪੰਜਾਬ ਅੰਦਰ ਪੰਜਾਬ ਵਿਰੋਧੀ ਦਰਸਾਉਣ ਦੀ ਕੋਸ਼ਿਸ਼ ਤਾਂ ਜੋ ਇਨ੍ਹਾਂ ਦੀ ਸਿਆਸੀ ਜ਼ਮੀਨ ਬਣੀ ਰਹੇ ਤੇ ਭਾਜਪਾ ਪੰਜਾਬ ਵਿੱਚ ਪੈਰ ਨਾ ਪਸਾਰ ਸਕੇ।
ਬੱਲੀਏਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਮੇਸ਼ਾ ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ ਅਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦਾ ਸਭ ਤੋਂ ਵੱਧ ਮਾਣ ਸਨਮਾਨ ਕੀਤਾ ਹੈ। "ਵੀਰ ਬਾਲ ਦਿਵਸ" ਦਾ ਐਲਾਨ ਸਾਰੀ ਦੁਨੀਆ ਅੱਗੇ ਇਸ ਮਹਾਨ ਬਲਿਦਾਨ ਦੀ ਮਾਨਤਾ ਦਾ ਪ੍ਰਤੀਕ ਹੈ।
ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਇਸਦੀ ਸਾਰੀ ਲੀਡਰਸ਼ਿਪ ਨੂੰ ਕਿ ਧਾਰਮਿਕ ਮਸਲਿਆਂ ‘ਤੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੋ ਅਤੇ ਆਪਣੀ ਹੀ ਪਹਿਲਾਂ ਕੀਤੀ ਮੰਗ ਦੀ ਸੱਚਾਈ ਨੂੰ ਮੰਨੋ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਨਾਮ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।