ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਗੁਰਦੁਆਰੇ ਨੇੜੇ ਹੋਏ ਕਥਿਤ ਹਮਲੇ ਨੇ ਇਲਾਕੇ ਵਿੱਚ ਤਣਾਅ ਵਧਾ ਦਿੱਤਾ ਹੈ। ਦੋਸ਼ ਹੈ ਕਿ ਗੁਰਦੁਆਰੇ ਵਿੱਚ ਔਰੰਗਜ਼ੇਬ ਵਰਗੇ ਇਤਿਹਾਸਕ ਸ਼ਾਸਕਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਮੁਸਲਿਮ ਨੌਜਵਾਨਾਂ ਦੇ ਇੱਕ ਸਮੂਹ ਨੇ ਇੱਕ ਸਿੱਖ ਨੌਜਵਾਨ ਰਮਨਦੀਪ ਸਿੰਘ 'ਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਰਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਓਹਦੀ ਇੱਕ ਅੱਖ ਨੂੰ ਗੰਭੀਰ ਨੁਕਸਾਨ ਪਹੁੰਚਿਆ ਸੀ। ਪੀੜਤ, ਰਮਨਦੀਪ ਸਿੰਘ, ਇਸ ਸਮੇਂ ਏਮਜ਼, ਦਿੱਲੀ ਵਿੱਚ ਇਲਾਜ ਅਧੀਨ ਹੈ। ਪੀੜਤ ਦੇ ਚਾਚਾ ਹਰਵਿੰਦਰ ਸਿੰਘ ਰਿੰਕੂ ਦਾ ਦੋਸ਼ ਹੈ ਕਿ 23 ਤਰੀਕ ਨੂੰ ਨੂਰਪੁਰ ਗੁਰਦੁਆਰੇ ਵਿੱਚ ਸੰਗਤ ਦੌਰਾਨ ਇਤਿਹਾਸਕ ਵਿਸ਼ਿਆਂ 'ਤੇ ਚਰਚਾ ਹੋ ਰਹੀ ਸੀ। ਮੁੰਨਾ ਨਾਮ ਦੇ ਇੱਕ ਰਾਹਗੀਰ ਨੇ ਇਸ 'ਤੇ ਇਤਰਾਜ਼ ਕੀਤਾ। ਪਰਿਵਾਰ ਦਾ ਦਾਅਵਾ ਹੈ ਕਿ ਜਦੋਂ ਰਮਨਦੀਪ ਥੋੜ੍ਹੀ ਦੇਰ ਬਾਅਦ ਬਾਜ਼ਾਰ ਗਿਆ ਤਾਂ ਮੁੰਨਾ ਆਪਣੇ ਦੋਸਤਾਂ ਨਾਲ ਉੱਥੇ ਪਹੁੰਚਿਆ ਅਤੇ ਉਸ 'ਤੇ ਹਮਲਾ ਕੀਤਾ। ਹਮਲਾਵਰਾਂ ਨੇ ਕਥਿਤ ਤੌਰ 'ਤੇ ਡੰਡੇ ਅਤੇ ਰਾਡ ਵਰਗੇ ਹਥਿਆਰ ਰੱਖੇ ਹੋਏ ਸਨ ਅਤੇ ਰਮਨਦੀਪ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਘਟਨਾ ਤੋਂ ਬਾਅਦ
ਨੂਰਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਪੁਲਿਸ ਦੇ ਅਨੁਸਾਰ, ਦੋ ਮੁਲਜ਼ਮਾਂ, ਸਾਹਿਲ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦੋਂ ਕਿ ਮੁੱਖ ਮੁਲਜ਼ਮ, ਜ਼ੁਲਫਕਾਰ ਦਾ ਪੁੱਤਰ ਮੁੰਨਾ ਅਤੇ ਇੱਕ ਹੋਰ ਸਾਥੀ ਅਜੇ ਵੀ ਫਰਾਰ ਹਨ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਇਸ ਘਟਨਾ ਤੋਂ ਸਿੱਖ ਭਾਈਚਾਰਾ ਗੁੱਸੇ ਵਿੱਚ ਹੈ । ਸਮਾਜਿਕ ਅਤੇ ਸਥਾਨਕ ਸੰਗਠਨਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗ੍ਰਿਫ਼ਤਾਰ ਨਾ ਕੀਤੇ ਜਾਣ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਭਾਜਪਾ ਖੇਤਰੀ ਮੰਤਰੀ ਹਜਿੰਦਰ ਕੌਰ ਨੇ ਵੀ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।